ਕਿਰਨ (ਸੱਕੀ) ਨਾਲੇ ਦੀ ਸਫ਼ਾਈ ਨਾ ਹੋਣ ਅਤੇ ਪੁਲ ਨਿਰਮਾਣ ਵਿੱਚ ਅਣਗਹਿਲੀ ਕਾਰਨ ਸੈਂਕੜੇ ਏਕੜ ਝੋਨੇ ਦੀ ਫ਼ਸਲ ਤਬਾਹ – ਭੋਜਰਾਜ
ਕਲਾਨੌਰ, ਗੁਰਦਾਸਪੁਰ, 28 ਜੁਲਾਈ (ਸਰਬਜੀਤ ਸਿੰਘ)– ਪਿਛਲੇ ਹਫ਼ਤੇ ਹੋਈ ਮਾਮੂਲੀ ਬਾਰਿਸ਼ ਤੋਂ ਬਾਅਦ ਸੱਕੀ ਨਾਲੇ (ਕਿਰਨ) ਵਿੱਚ ਆਏ ਪਾਣੀ ਨੇ ਪਿੰਡ ਡੇਹਰੀਵਾਲ ਕਿਰਨ ਦੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ। ਕਿਸਾਨਾਂ ਦੇ ਦੋਸ਼ ਹਨ ਕਿ ਡਰੇਨ ਵਿਭਾਗ ਵੱਲੋਂ ਕਿਰਨ ਨਾਲੇ ਦੀ ਸਮੇਂ ਸਿਰ ਸਫ਼ਾਈ ਨਾ ਕਰਵਾਉਣ ਅਤੇ ਪੁਲ ਦੇ ਨਿਰਮਾਣ ਦੌਰਾਨ ਕੰਪਨੀ ਦੀ ਅਣਗਹਿਲੀ ਕਾਰਨ ਪਾਣੀ ਦਾ ਨਿਕਾਸ ਰੁਕ ਗਿਆ, ਜਿਸ ਨਾਲ ਵੱਡੇ ਪੱਧਰ ‘ਤੇ ਫ਼ਸਲ ਡੁੱਬ ਗਈ।
ਨੁਕਸਾਨ ਦਾ ਜਾਇਜ਼ਾ ਲੈਣ ਮੌਕੇ ‘ਤੇ ਪਹੁੰਚੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ. ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਨੇ ਪਿਛਲੇ ਸਾਲ ਆਏ ਹੜ੍ਹਾਂ ਤੋਂ ਕੋਈ ਸਬਕ ਨਹੀਂ ਸਿੱਖਿਆ। ਨਾ ਤਾਂ ਦਰਿਆਵਾਂ ਅਤੇ ਡਰੇਨਾਂ ਦੀ ਢੰਗ ਨਾਲ ਸਫ਼ਾਈ ਕੀਤੀ ਗਈ ਅਤੇ ਨਾ ਹੀ ਕਿਰਨ (ਸੱਕੀ) ਨਾਲੇ ਦੀ ਸੰਭਾਲ ਕੀਤੀ ਗਈ, ਜਿਸ ਦਾ ਖਮਿਆਜ਼ਾ ਅੱਜ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿੰਡ ਡੇਹਰੀਵਾਲ ਕਿਰਨ ਦੇ ਪੁਲ ਨੂੰ ਉੱਚਾ ਅਤੇ ਚੌੜਾ ਕਰਨ ਦਾ ਕੰਮ ਕਰ ਰਹੀ ਕੰਪਨੀ ਵੱਲੋਂ ਬਣਾਈ ਗਈ ਕੰਧ ਅਤੇ ਮਿੱਟੀ ਦੇ ਢੇਰਾਂ ਕਾਰਨ ਪਾਣੀ ਦਾ ਵਹਾਅ ਰੁਕ ਗਿਆ। ਨਤੀਜੇ ਵਜੋਂ ਪਾਣੀ ਪੁਲ ਤੋਂ ਪਿੱਛੇ ਇਕੱਠਾ ਹੋ ਗਿਆ ਅਤੇ ਦਰਜਨਾਂ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਈ।
ਸ. ਭੋਜਰਾਜ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਇਲਾਕੇ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ ₹70,000 ਮੁਆਵਜ਼ਾ ਜਾਰੀ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਅਜੇ ਤੱਕ ਕਈ ਕਿਸਾਨਾਂ ਨੂੰ ਨਹੀਂ ਮਿਲਿਆ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਗਿਰਦਾਵਰੀ ਅਤੇ ਮੁਆਵਜ਼ੇ ਦੀ ਪ੍ਰਕਿਰਿਆ ਵਿੱਚ ਦੇਰੀ ਕੀਤੀ ਗਈ ਤਾਂ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਪਵਿੱਤਰਜੀਤ ਸਿੰਘ ਬਾਜਵਾ, ਬਲਜੀਤ ਸਿੰਘ, ਬਾਬਾ ਲਖਬੀਰ ਸਿੰਘ, ਸੁਖਵਿੰਦਰ ਸਿੰਘ ਘੁੰਮਣ, ਅਮਰਜੀਤ ਸਿੰਘ ਸਹਾਰੀ, ਭੁਪਿੰਦਰ ਸਿੰਘ, ਜਸਪਾਲ ਸਿੰਘ, ਸਤਨਾਮ ਸਿੰਘ, ਦਲੀਪ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਦੇਵ ਸਿੰਘ, ਬਹਾਦਰ ਸਿੰਘ, ਹਰਜੀਤ ਸਿੰਘ, ਸੁਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।


