ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)– ਅਫ਼ਰੀਕੀ ਉਪਮਹਾਂਦੀਪ ਦੇ ਦੇਸ਼ ਲਿਬੀਆ ਵਿੱਚ ਆਏ ਹੜ੍ਹ ਨੇ ਮੌਜੂਦਾ ਸਰਮਾਏਦਾਰਾ ਸਾਮਰਾਜੀ ਪ੍ਰਬੰਧ ਦਾ ਲੋਕ ਦੋਖੀ ਚਿਹਰਾ ਚਿੱਟੇ ਦਿਨ ਵਾਂਗ ਸਾਫ ਕਰ ਦਿੱਤਾ ਹੈ। ਉੱਤਰੀ ਅਫ਼ਰੀਕਾ ਵਿੱਚ ਸਥਿਤ ਲਿਬੀਆ ਦੇ ਪੂਰਬੀ ਹਿੱਸੇ ਵਿੱਚ ਆਏ ਹੜ੍ਹ ਨਾਲ਼ ਇੱਕ ਸ਼ਹਿਰ ਦੇਰਨਾ ਵਿੱਚ ਹੀ ਲਗਭਗ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹੜ੍ਹ ਦੀ ਮਾਰ ਹੇਠ ਕਿੰਨੇ ਹੀ ਲੋਕ ਬੇਘਰ ਹੋ ਚੁੱਕੇ ਹਨ ਤੇ ਲਗਭਗ 10,000 ਲੋਕ ਇਸ ਸਮੇਂ ਲਾਪਤਾ ਹਨ ਜਿਨ੍ਹਾਂ ਵਿੱਚੋਂ ਵੱਡੇ ਹਿੱਸੇ ਦੀ ਬਚਣ ਦੀ ਸੰਭਾਵਨਾ ਬਹੁਤ ਥੋੜੀ ਹੈ।
ਲੋਕਾਂ ਉੱਤੇ ਇਸ ਹੜ੍ਹ ਦੀ ਇੰਨੀ ਭਿਅੰਕਰ ਮਾਰ ਦਾ ਕਾਰਨ ਕੁਦਰਤੀ ਨਹੀਂ ਸਗੋਂ ਸਾਮਰਾਜੀ ਖਹਿਭੇੜ ਦਾ ਹੀ ਨਤੀਜਾ ਹੈ। ਲਿਬੀਆ ਪ੍ਰਸ਼ਾਸਕੀ ਤੌਰ ਉੱਤੇ ਦੋ ਖੇਤਰਾਂ ਵਿੱਚ ਵੰਡਿਆ ਹੋਇਆ ਹੈ ਜਿੱਥੋਂ ਦੇ ਦੇਸੀ ਹਾਕਮਾਂ ਨੂੰ ਵੱਖੋ ਵੱਖਰੀਆਂ ਸਾਮਰਾਜੀ ਤਾਕਤਾਂ ਦੀ ਹਮਾਇਤ ਹਾਸਲ ਹੈ ਤੇ ਇਹ ਦੋਵੇਂ ਹਕੂਮਤਾਂ ਲਗਾਤਾਰ ਇੱਕ ਦੂਜੇ ਨਾਲ਼ ਜੰਗ ਦੀ ਸਥਿਤੀ ਵਿੱਚ ਰਹਿੰਦਿਆਂ ਹਨ। ਏਸੇ ਸਦਕਾ ਕੁੱਲ ਲਿਬੀਆ ਵਿੱਚ ਹੀ ਆਲ਼ ਜੰਜਾਲ ਦੀ ਹਾਲਤ ਕਾਫੀ ਮਾੜੀ ਹੈ। ਘਰਾਂ, ਇਮਾਰਤਾਂ ਜੰਗ ਕਾਰਨ ਕਾਫੀ ਜਰਜਰ ਹਾਲਤ ਵਿੱਚ ਪਈਆਂ ਹਨ ਤੇ ਹੜ੍ਹਾਂ ਦੀ ਮਾਰ ਹੇਠ ਇਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਹੀ ਉਹ ਅਖੌਤੀ ਕੁਦਰਤੀ ਆਫ਼ਤ (ਅਸਲ ਵਿਚ ਸਾਮਰਾਜੀ ਪ੍ਰਬੰਧ ਦਾ ਸਿੱਟਾ) ਹੈ ਜਿਸ ਨੂੰ ਲਿਬੀਆ ਦੇ ਲੋਕ ਹੰਢਾਅ ਰਹੇ ਹਨ। ਇਹ ਸਰਮਾਏਦਾਰਾ ਸਾਮਰਾਜੀ ਪ੍ਰਬੰਧ ਦੀ ਜਦ ਤੱਕ ਹੋਂਦ ਕਾਇਮ ਰਹੇਗੀ ਇਹ ਇੰਝ ਹੀ ਕਿਸੇ ਨਾ ਕਿਸੇ ਬਹਾਨੇ ਲੋਕਾਂ ਦੀ ਜਿੰਦਗੀਆਂ ਨੂੰ ਭੰਗ ਦੇ ਭਾੜੇ ਨਿਗਲਦਾ ਰਹੇਗਾ।
ਲਲਕਾਰ ਤੋਂ ਧੰਨਵਾਦ ਸਹਿਤ


