ਗੁਰਦਾਸਪੁਰ, 8 ਸਤੰਬਰ (ਸਰਬਜੀਤ ਸਿੰਘ)— ਅੱਜ ਬਾਬਾ ਬੰਦਾ ਸਿੰਘ ਦੀ ਗ੍ਰਿਫਤਾਰੀ ਵਜੋਂ ਇਤਿਹਾਸ ਵਿਚ ਚਰਚਿਤ ਕਸਬਾ ਗੁਰਦਾਸ ਨੰਗਲ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਸਿਕੰਦਰ ਸਾਹਬੀ ਦੀ ਪ੍ਰਧਾਨਗੀ ਹੇਠ ਪੰਜਾਬ ਅਤੇ ਦੇਸ਼ ਦੇ ਚਰਚਿਤ ਸੁਆਲਾਂ ਉਪਰ ਰੈਲੀ ਕੀਤੀ।

ਇਸ ਸਮੇਂ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਸਹਾਇਕ ਸਕੱਤਰ ਵਿਜੇ ਕੁਮਾਰ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਨਤਾ ਨਾਲ ਕੀਤੀਆਂ ਗਰੰਟੀਆ ਨੂੰ 16 ਮਹੀਨੇ ਦੀ ਸਰਕਾਰ ਹੋਂਣ ਤੇ ਵੀ ਪੂਰਾ ਨਹੀਂ ਕੀਤਾ ਜਾ ਰਿਹਾ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਬਾਲਗ ਔਰਤ ਨੂੰ 1000 ਰੁਪਏ ਮਹੀਨਾ ਸਹਾਇਤਾ ਦੇਣ, ਬੁਢਾਪਾ ਵਿਧਵਾ ਪੈਨਸ਼ਨ 2500 ਰੁਪਏ ਕਰਨ, ਬੇਰੁਜ਼ਗਾਰੀ ਭੱਤਾ ਦੇਣ, ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਨਸ਼ਿਆਂ ਦਾ ਖਾਤਮਾ ਕਰਨ ਵਰਗੀਆਂ ਗਰੰਟੀਆ ਨੂੰ ਪੂਰਾ ਕਰਨ ਦੀ ਬਜਾਏ ਉਸ ਉਪਰ ਹੁਣ ਚੁੱਪ ਧਾਰ ਰੱਖੀਂ ਹੈ। ਸਰਕਾਰ ਦੀ ਹਰ ਖੇਤਰ ਵਿਚ ਅਸਫ਼ਲਤਾ ਜੱਗ ਜ਼ਾਹਰ ਹੈ। ਭਿਰਸ਼ਟਾਚਾਰ ਨੂੰ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਮੰਤਰੀ ਐਮ ਐਲ ਏਜ ਅਤੇ ਹੋਰ ਵਰਕਰ ਭਿਰਸ਼ਟਾਚਾਰ ਵਿਚ ਲਿਬੜੇ ਪਏ ਹਨ।ਮਾਨ ਸਰਕਾਰ ਦੋ ਮਹੀਨੇ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਹੜ ਪੀੜਤ ਲੋਕਾਂ ਦੀ ਸਹਾਇਤਾ ਕਰਨ ਵਿਚ ਨਾਕਾਮ ਸਾਬਿਤ ਹੋਈ ਹੈ। ਮੋਦੀ ਸਰਕਾਰ ਸਬੰਧੀ ਚਰਚਾ ਕਰਦਿਆਂ ਬੱਖਤਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ 18 ਤੋਂ 22ਸਤੰਬਰ ਨੂੰ ਬੁਲਾਏ ਗਏ ਲੋਕ ਸਭਾ ਦੇ ਇਜਲਾਸ ਦਾ ਏਜੰਡਾ ਗੁਪਤ ਰੱਖ ਕੇ ਸੰਵਿਧਾਨ ਦੀ ਘੋਰ ਉਲੰਘਣਾ ਕੀਤੀ ਜਾ ਰਹੀ ਹੈ। ਭਾਜਪਾ ਦੀ ਇਸ ਕਾਰਵਾਈ ਤੋਂ ਦੇਸ਼ ਨਾਲ ਕੀਤੀ ਜਾਣ ਵਾਲੀ ਸਾਜ਼ਿਸ਼ ਦੀ ਬੋ ਆ ਰਹੀ ਹੈ। ਉਨ੍ਹਾਂ ਇਕ ਦੇਸ਼ ਇਕ ਚੋਣ ਦੇ ਏਜੰਡੇ ਨੂੰ ਵੀ ਦੇਸ਼ ਵਿਰੋਧੀ ਦਸਦਿਆਂ ਕਿਹਾ ਕਿ ਮੋਦੀ ਸਰਕਾਰ ਅਤੇ ਸੰਘ ਪਰਿਵਾਰ ਪੂਰੀ ਧੁਸ ਨਾਲ ਦੇਸ ਨੂੰ ਹਿੰਦੂ ਰਾਸ਼ਟਰਵਾਦ ਬਨਾਉਣ ਦੀ ਵੀ ਕਵਾਇਦ ਵਿਚ ਲਗਾ ਪਿਆ ਹੈ।ਪਰ ਭਾਰਤ ਦੀ ਜਨਤਾ ਸੰਘ ਪਰਿਵਾਰ ਦੇ ਇਸ ਏਜੰਡੇ ਨੂੰ ਹਰ ਹਾਲਤ ਵਿੱਚ ਹਰਾ ਕੇ ਭਾਰਤ ਦੇ ਧਰਮ ਨਿਰਪੱਖ ਸੰਵਿਧਾਨ ਦੀ ਰਾਖੀ ਕਰੇਗੀ।
ਇਸ ਸਮੇਂ ਰਣਜੀਤ ਕੌਰ ਡੰਡਵਾਂ ਬਿਕਰਮਜੀਤ ਲਾਲੀ ,ਰਾਜੂ ਕੰਗ ਕੁਲਦੀਪ ਰਾਜੂ, ਸੁਖਵੰਤ ਹਜ਼ਾਰਾਂ ਕੁਲਦੀਪ ਸਿੰਘ ,ਕੁਲਵਿੰਦਰ ਬਿੱਲਾ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ


