ਆਈ.ਐੱਮ.ਏ ਨੇ ਕੀਤਾ ਵੱਡਾ ਉਪਰਾਲਾ
ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)-ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਦੇ ਉਦੇਸ਼ ਲਈ ਸਿਹਤ ਵਿਭਾਗ ਵਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਮੈਡੀਕਲ ਵੈਨ ਰਵਾਨਾ ਕੀਤੀ ਗਈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋਂ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਆਈ.ਐੱਮ.ਏ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮੈਡੀਕਲ ਰਾਹਤ ਕੈਂਪ ਜਾਰੀ ਰਹਿਣਗੇ। ਰਮਨ ਬਹਿਲ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਯਤਨਸ਼ੀਲ ਹੈ। ਬਿਆਸ ਦਰਿਆ ਦੇ ਲਾਗਲੇ ਪਿੰਡਾਂ ਦੇ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲਗਾਤਾਰ ਪਹੁੰਚ ਬਣਾ ਕੇ ਹਰ ਸੰਭਵ ਸਹਾਇਤਾ ਕਰ ਰਿਹਾ ਹੈ। ਸਿਹਤ ਵਿਭਾਗ ਨੂੰ ਆਈ.ਐੱਮ.ਏ ਦਾ ਵੀ ਸਹਿਯੋਗ ਮਿਲਿਆ ਹੈ। ਇਹ ਸਾਂਝਾ ਗਤੀਵਿਧੀਆਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਹਾਈ ਸਿੱਧ ਹੋਣਗੀਆਂ। ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਨੂੰ ਸਿਹਤ ਜਾਗਰਕਤਾ ਬਾਰੇ ਵੀ ਦੱਸਿਆ ਜਾ ਰਿਹਾ ਹੈ। ਲੋਕਾਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਇਸ ਮੌਕੇ ਆਈ.ਐੱਮ.ਏ ਦੇ ਪ੍ਰਧਾਨ ਡਾ. ਬੀ.ਐੱਸ. ਬਾਜਵਾ, ਜਨਰਲ ਸਕੱਤਰ ਕੇ.ਐੱਸ. ਬੱਬਰ, ਡਾ. ਗੁਰਖੇਲ ਸਿੰਘ ਕਲਸੀ, ਡਾ. ਪੰਨੂੰ, ਡਾ. ਐੱਚ.ਐੱਸ ਕਲੇਰ, ਡਾ. ਚੇਤਨ ਨੰਦਾ ਸਮੇਤ ਹੋਰ ਡਾਕਟਰਾਂ ਨੇ ਕਿਹਾ ਕਿ ਉਹ ਇਸ ਔਖੀ ਘੜੀ ਵਿੱਚ ਪੀੜਤਾਂ ਦੇ ਨਾਲ ਖੜੇ ਹਨ। ਇਸ ਤਹਿਤ ਉਨ੍ਹਾਂ ਨੇ ਅੱਜ ਇਹ ਮੈਡੀਕਲ ਵੈਨ ਭੇਜੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸੰਭਵ ਮਦਦ ਕਰਨਗੇ।