21 ਅਗਸਤ ਨੂੰ ਹੋਣ ਵਾਲੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਵਿਚ ਵਿਚਾਰ ਕੇ ਅਗਲਾ ਫੈਸਲਾ ਲਿਆ ਜਾਵੇਗਾ
ਮਾਨਸਾ, ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)– ਅੱਜ ਨਸ਼ਿਆਂ ਖ਼ਿਲਾਫ਼ ਲਗਾਤਾਰ ਚੱਲ ਰਹੇ ਧਰਨੇ ਵਿਚ ਜਦੋਂ ਇਹ ਸੂਚਨਾ ਪਹੁੰਚੀ ਕਿ ਝੂਠੇ ਕੇਸ ਵਿਚ ਮਾਨਸਾ ਜੇਲ ‘ਚ ਬੰਦ ਕੀਤੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟੇ ਨੂੰ ਇਥੋਂ ਬਦਲ ਕੇ ਮੁਕਤਸਰ ਜੇਲ ਭੇਜ ਦਿੱਤਾ ਗਿਆ ਹੈ, ਤਾਂ ਧਰਨਾ ਕਾਰੀਆਂ ਵਿਚ ਸਰਕਾਰ ਤੇ ਮਾਨਸਾ ਦੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਰੋਸ ਫੈਲ ਗਿਆ।
ਅੱਜ ਧਰਨੇ ਨੂੰ ਕਾਮਰੇਡ ਨਛੱਤਰ ਸਿੰਘ ਖੀਵਾ, ਭਾਈ ਗੁਰਸੇਵਕ ਸਿੰਘ ਜਵਾਹਰਕੇ, ਸੁਖਦਰਸ਼ਨ ਸਿੰਘ ਨੱਤ, ਗਗਨਦੀਪ ਸ਼ਰਮਾ, ਕੁਲਵਿੰਦਰ ਕਾਲੀ, ਜਸਵੰਤ ਸਿੰਘ ਜਵਾਹਰਕੇ, ਅਮਨ ਪਟਵਾਰੀ, ਕਾਲਾ ਭੂੰਦੜ, ਬਲਜਿੰਦਰ ਸਿੰਘ ਖਿਆਲੀ ਚਾਹਿਲਾਂਵਾਲੀ, ਮਨਜੀਤ ਸਿੰਘ ਮੀਹਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਹਾ ਕਿ ਇਕ ਪਾਸੇ ਪੁਲਿਸ ਅਫਸਰ ਮਸਲੇ ਨੂੰ ਹੱਲ ਕਰਨ ਲਈ ਐਕਸ਼ਨ ਕਮੇਟੀ ਨਾਲ ਮੀਟਿੰਗਾਂ ਕਰ ਰਹੇ ਹਨ। ਐਸਐਸਪੀ ਮਾਨਸਾ ਐਕਸ਼ਨ ਕਮੇਟੀ ਦੀ ਸਟੇਜ ਉਤੇ ਆ ਕੇ ਜਨਤਕ ਤੌਰ ‘ਤੇ ਮਸਲੇ ਦਾ ਪੰਜ ਚਾਰ ਦਿਨਾਂ ਵਿਚ ਹਾਂ-ਪੱਖੀ ਹੱਲ ਕੱਢਣ ਦਾ ਐਲਾਨ ਵੀ ਕਰ ਚੁੱਕੇ ਹਨ। ਪਰ ਹੁਣ ਸਾਹਮਣੇ ਆਇਆ ਹੈ ਕਿ ਉਹ ਅੰਦਰਖਾਤੇ ਇਸ ਦੇ ਉਲਟ ਸਾਜ਼ਿਸ਼ਾਂ ਘੜਦੇ ਰਹੇ ਹਨ। ਹੁਣ ਜੇਲ੍ਹ ਵਿਚ ਬਿਨਾਂ ਕਿਸੇ ਝਗੜੇ ਜਾਂ ਸ਼ਿਕਾਇਤ ਤੋਂ ਝੋਟੇ ਦੀ ਜੇਲ ਬਦਲਣਾ, ਪ੍ਰਸ਼ਾਸਨ ਦੀ ਇਕ ਭੜਕਾਊ ਕਾਰਵਾਈ ਹੈ। ਇਸ ਦਾ ਇਕ ਮੰਤਵ ਝੋਟੇ ਨਾਲ ਮੁਲਾਕਾਤਾਂ ਨੂੰ ਘਟਾਉਣਾ ਤੇ ਮੁਸ਼ਕਿਲ ਬਣਾਉਣਾ ਅਤੇ ਉਸ ਉਤੇ ਜ਼ਮਾਨਤ ਕਰਵਾਉਣ ਲਈ ਮਾਨਸਿਕ ਦਬਾਅ ਬਣਾਉਣਾ ਜਾਂ ਗੁੰਡਾ ਅਨਸਰਾਂ ਤੋਂ ਉਸ ਦਾ ਨੁਕਸਾਨ ਕਰਵਾਉਣਾ ਹੋ ਸਕਦਾ ਹੈ। ਪਰ ਉਨਾਂ ਦੇ ਅਜਿਹੇ ਹੋਛੇ ਹੱਥਕੰਡੇ ਲਾਜ਼ਮੀ ਉਲਟੇ ਨਤੀਜੇ ਕੱਢਣਗੇ। ਇਸ ਨਾਲ ਝੋਟੇ ਦਾ ਤਾਂ ਕੁਝ ਨਹੀਂ ਵਿਗੜੇਗਾ, ਪਰ ਗੱਲਬਾਤ ਵਿਚ ਸ਼ਾਮਲ ਪੁਲਸ ਅਫਸਰਾਂ ਦੀ ਭਰੋਸੇ ਯੋਗਤਾ ਉਤੇ ਸੁਆਲੀਆ ਨਿਸ਼ਾਨ ਜ਼ਰੂਰ ਲੱਗ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਪੁਲਸ ਦੀ ਇਸ ਕਾਰਵਾਈ ਬਾਰੇ 21 ਅਗਸਤ ਨੂੰ ਹੋਣ ਵਾਲੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਵਿਚ ਵਿਚਾਰ ਕੇ ਅਗਲਾ ਫੈਸਲਾ ਲਿਆ ਜਾਵੇਗਾ।
ਅੱਜ ਧਰਨੇ ਵਿਚ ਮੌੜ ਮੰਡੀ ਤੋਂ ਆਏ ਹਮੀਰ ਸਿੰਘ ਨਾਂ ਦੇ ਇਕ ਨੌਜਵਾਨ ਨੇ ਉਸ ਨੂੰ ਥਾਣੇ ਬੁਲਾ ਕੇ ਮੌੜ ਪੁਲਸ ਵਲੋਂ ਬਿਨਾਂ ਕਾਰਨ ਅਪਮਾਨਤ ਕਰਨ ਦੀ ਵਿਥਿਆ ਸੁਣਾਈ। ਉਸ ਨੇ ਦਸਿਆ ਕਿ ਉਥੇ ਕਿਸੇ ਦਾ ਝੋਟਾ ਚੋਰੀ ਹੋਇਆ ਹੈ। ਪੁਲਸ ਨੇ ਉਸ ਦੇ ਮੋਬਾਇਲ ਫੋਨ ਦੀ ਲੋਕੇਸ਼ਨ ਉਨਾਂ ਦੇ ਨੇੜਲੇ ਟਾਵਰ ਦੀ ਆਉਣ ਤੇ ਉਸ ਨੂੰ ਫੋਨ ਕਰਕੇ ਡੀਐਸਪੀ ਮੌੜ ਦੇ ਦਫਤਰ ਬੁਲਾਇਆ। ਉਥੇ ਪੁਲਸ ਅਫਸਰ ਉਸ ਉਤੇ ਝੋਟਾ ਚੋਰੀ ਦਾ ਜੁਰਮ ਕਬੂਲ ਕਰਨ ਲਈ ਦਬਾਅ ਪਾਉਣ ਲੱਗੇ। ਮੇਰੇ ਵਲੋਂ ਇਹ ਕਹਿਣ ‘ਤੇ ਕਿ ਮੈਂ ਸਖਤ ਮਿਹਨਤ ਨਾਲ ਆਪਣੀਆਂ ਮੱਝਾਂ ਸਾਂਭਦਾ ਹਾਂ ਤੇ ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਨਹੀਂ ਕਰਦਾ। ਤਾਂ ਪੁਲਸ ਮੁਲਾਜ਼ਮਾਂ ਨੇ ਮੈਨੂੰ ਜੁਰਮ ਕਬੂਲ ਕਰਵਾਉਣ ਲਈ ਮੇਰੇ ਨਾਲ ਗਾਲੀ ਗਲੋਚ ਤੇ ਕੁੱਟ ਮਾਰ ਕੀਤੀ। ਐਕਸ਼ਨ ਕਮੇਟੀ ਨੇ ਇਸ ਬੇਕਸੂਰ ਨੌਜਵਾਨ ਨਾਲ ਕੁੱਟ ਮਾਰ ਤੇ ਅਪਮਾਨ ਜਨਕ ਸਲੂਕ ਕਰਨ ਬਦਲੇ ਮੌੜ ਪੁਲਸ ਦੀ ਵੀ ਸਖਤ ਨਿਖੇਧੀ ਕੀਤੀ।


