ਬਰਨਾਲਾ, ਗੁਰਦਾਸਪੁਰ, 15 ਅਪ੍ਰੈਲ (ਸਰਬਜੀਤ ਸਿੰਘ)– ਅੱਜ ਇਥੇ ਤਰਕਸ਼ੀਲ ਭਵਨ ਵਿਖੇ ਡਾ. ਬੀ ਆਰ ਅੰਬੇਡਕਰ ਦੇ 134ਵੇਂ ਜਨਮ ਦਿਨ ਦੇ ਮੌਕੇ ‘ਤੇ ਸੀ ਪੀ ਆਈ (ਐਮ ਐਲ ) ਰੈੱਡ ਸਟਾਰ ਪੰਜਾਬ ਰਾਜ ਕਮੇਟੀ ਵੱਲੋਂ “ਡਾਕਟਰ ਅੰਬੇਡਕਰ: ਜਾਤੀ ਵਿਵਸਥਾ ਦਾ ਖ਼ਾਤਮਾ ਅਤੇ ਕਮਿਊਨਿਸਟ ਕ੍ਰਾਂਤੀਕਾਰੀ ਨਜ਼ਰੀਆ” ਵਿਸ਼ੇ ਦੇ ਅਧਾਰਿਤ ਸੈਮੀਨਾਰ ਅਯੋਜਿਤ ਕੀਤਾ ਗਿਆ। ਪਾਰਟੀ ਦੇ ਪੋਲਿਟ ਬਿਓਰੋ ਮੈਂਬਰ ਕਾਮਰੇਡ ਸ਼ੰਕਰ ਅਤੇ ਕਾਮਰੇਡ ਤੁਹਿਨ ਦੇਵ (ਕਨਵੀਨਰ ਜਾਤੀ ਵਿਨਾਸ਼ ਲਹਿਰ ) ਸੈਮੀਨਾਰ ਦੇ ਪ੍ਰਮੁੱਖ ਬੁਲਾਰੇ ਦੇ ਮੁੱਖ ਬੁਲਾਰੇ ਦੇ ਤੌਰ ‘ਤੇ ਸ਼ਾਮਲ ਹੋਏ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜੱਥੇਬੰਦਕ ਸਕੱਤਰ ਕਾਮਰੇਡ ਨਰਭਿੰਦਰ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਪੱਛਮੀ ਬੰਗਾਲ ਤੋਂ ਆਏ ਇਨਕਲਾਬੀ ਲੋਕ ਗਇਕ ਅਸੀਮ ਗਿਰੀ ਅਤੇ ਜਗਜੀਤ ਕੌਰ ਢਿੱਲਵਾਂ ਦੇ ਇਨਕਲਾਬੀ ਗੀਤਾਂ ਨਾਲ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ। ਡਾ ਸੋਹਣ ਸਿੰਘ ਮਾਝੀ ਨੇ ਵੀ ਕ੍ਰਾਂਤੀਕਾਰੀ ਕਵਿਤਾ ਪੇਸ਼ ਕੀਤੀ। ਸਟੇਜ ਸੰਚਾਲਨ ਜੀ ਜ਼ਿਮੇਂਵਾਰੀ ਕਾਮਰੇਡ ਲਾਭ ਸਿੰਘ ਅਕਲੀਆ ਨੇ ਨਿਭਾਈ।
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਅੰਬੇਡਕਰ, ਦੁਨੀਆਂ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਫਾਸ਼ੀਵਾਦੀ ਸੰਗਠਨ ਆਰ ਐਸ ਐਸ ਦੇ ਨੰਬਰ ਇੱਕ ਵਿਚਾਰਧਾਰਕ ਦੁਸ਼ਮਣ ਸਨ। ਉਸਨੇ ਬਹੁਤ ਪਹਿਲਾਂ ਸਪੱਸ਼ਟ ਕਰ ਦਿੱਤਾ ਸੀ, ਕਿ ” ਜੇਕਰ ਹਿੰਦੂ ਰਾਸ਼ਟਰ ਹੋਂਦ ਵਿੱਚ ਆਉਂਦਾ ਹੈ ਤਾਂ ਇਸ ਮੁਲਕ ਦੇ ਲਈ ਸਭ ਤੋਂ ਵੱਡਾ ਸਰਾਪ ਹੋਵੇਗਾ। ਹਿੰਦੂ ਰਾਸ਼ਟਰ ਦਾ ਲੋਕਤੰਤਰ ਨਾਲ ਕੋਈ ਮੇਲ ਨਹੀਂ ਹੈ। ਇਸ ਲਈ ਹਰ ਕੀਮਤ ਤੇ ਹਿੰਦੂ ਰਾਸ਼ਟਰ ਬਣਨ ਤੋਂ ਰੋਕਿਆ ਜਾਣਾ ਚਾਹੀਦਾ ਹੈ।” ਜਦੋਂ ਡਾ ਭੀਮ ਰਾਓ ਅੰਬੇਦਕਰ ਨੇ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਦਲਿਤਾਂ, ਦੱਬੇ ਕੁੱਚਲੇ ਲੋਕਾਂ ਅਤੇ ਔਰਤਾਂ ਦੀ ਗ਼ੁਲਾਮੀ ਦਾ ਦਸਤਾਵੇਜ਼ ‘ਮਨੂੰ ਸਮ੍ਰਿਤੀ’ ਨੂੰ ਜਲਾਇਆ ਗਿਆ ਸੀ ਅਤੇ ਜਮਾਤੀ ਸੰਘਰਸ਼ ਨਾਲ ਜੋੜਕੇ ‘ਜਾਤੀ ਵਿਨਾਸ਼ ਲਹਿਰ ‘ ਚਲਾਉਣ ਲਈ ਕਮਿਉਨਿਸਟ ਪਾਰਟੀ ਦਾ ਸਹਿਯੋਗ ਚਾਹਿਆ, ਤਾਂ 1940 ਦੇ ਦਹਾਕੇ ਵਿੱਚ ਆਪਣੇ ਮਸ਼ੀਨੀ ਨਜ਼ਰੀਏ ਕਾਰਣ ਕਮਿਉਨਿਸਟਾਂ ਨੇ ਅੰਬੇਡਕਰ ਦਾ ਸਾਥ ਨਹੀਂ ਦਿੱਤਾ। ਇਸੇ ਲਈ ਅੱਜ ਕਮਿਊਨਿਸਟ ਤਾਕਤਾਂ ਵੱਲੋਂ ਆਪਣੀ ਆਤਮ ਅਲੋਚਨਾਂ ਕਰਨੀ ਚਾਹੀਦੀ ਹੈ ਅਤੇ ਡਾ ਅੰਬੇਡਕਰ ਦੇ ਮਹਾਨ ਯੋਗਦਾਨ ਨੂੰ ਸਵੀਕਾਰਦੇ ਹੋਏ ਸੰਘੀ ਮਨੂੰਵਾਦੀ ਫਾਸ਼ੀਵਾਦੀ ਤਾਕਤਾਂ ਅਤੇ ਉਹਨਾਂ ਦੀ ਜ਼ਹਿਰੀਲੀ ਵਿਚਾਰਧਾਰਾ ਮਨੂੰਵਾਦੀ ਹਿੰਦੂਤਵ ਦੇ ਖ਼ਿਲਾਫ਼ ਜਾਤੀ ਵਿਨਾਸ਼ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ ਅਤੇ ਉਸਦੇ ਲਈ ਤਮਾਮ ਮਿਹਨਤਕਸ਼ ਜਨਤਾ, ਦਲਿਤਾਂ, ਔਰਤਾਂ ਅਤੇ ਪੀੜਤ ਲੋਕਾਂ ਦੇ ਨਾਲ ਮਿਲਕੇ ਇੱਕ ਜੁੱਟ ਕ੍ਰਾਂਤੀਕਾਰੀ ਲਹਿਰ ਛੇੜਨ ਦੀ ਲੋੜ ਹੈ। ਅੱਜ ਫਾਸ਼ੀਵਾਦੀ ਸੰਘ ਪਰਿਵਾਰ ਅੰਡਾਨੀ , ਅੰਬਾਨੀ ਵਰਗੇ ਮਹਾਂ ਭ੍ਰਿਸ਼ਟ ਕਾਰਪੋਰੇਟ ਘਰਾਣਿਆਂ ਦਾ ਲਠੈਤ ਦੇ ਰੂਪ ‘ਚ ਕੰਮ ਕਰ ਰਿਹਾ ਹੈ। ਇਸਨੇ ਸੰਸਦ ਤੋਂ ਲੈਕੇ ਸੜਕ ਤੱਕ ਪੂਰੇ ਦੇਸ਼ ਦਾ ਫਾਸ਼ੀਵਾਦੀਕਰਣ ਕਰ ਦਿੱਤਾ ਹੈ। ਅੱਜ ਆਰ ਐਸ ਐਸ ਅਤੇ ਭਾਜਪਾ ਵੱਲੋਂ ਮਿਲਕੇ ਸ਼ਹੀਦ ਭਗਤ ਸਿੰਘ, ਬਿਸਮਿਲ, ਚੰਦਰ ਸ਼ੇਖਰ, ਅਸ਼ਫਾਕਉੱਲਾ ਖ਼ਾਨ, ਦੁਰਗਾ ਭਾਬੀ ਆਦਿ ਮਹਾਨ ਸ਼ਹੀਦਾਂ ਦੀ ਸਾਂਝੀ ਸ਼ਹਾਦਤ ਸਾਂਝੀ ਵਿਰਾਸਤ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਇਸੇ ਸਮੇਂ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ, ਅੰਬੇਡਕਰ ਨੇ ਕਿਹਾ ਸੀ ਕਿ ਭਾਰਤੀ ਜਨਤਾ ਦੇ ਦੋ ਮੁੱਖ ਦੁਸ਼ਮਣ ਹਨ ਬ੍ਰਾਹਮਣਵਾਦ ਅਤੇ ਪੂੰਜੀਵਾਦ। ਇਸ ਲਈ ਅੱਜ ਬ੍ਰਾਹਮਣਵਾਦ ਦੀ ਸਭ ਤੋਂ ਵੱਡੀ ਤਾਕਤ ਮਨੂੰਵਾਦੀ ਫਾਸ਼ੀਵਾਦੀ ਸੰਘ ਪ੍ਰੀਵਾਰ ਹੀ ਹੈ। ਜਿਸਦਾ ਮਿਲਕੇ ਡਟਵਾਂ ਟਾਕਰਾ ਕਰਨਾ ਚਾਹੀਦਾ ਹੈ। ਅੱਜ ਭਾਜਪਾ,ਆਰ ਐਸ ਐਸ ਮਿਲਕੇ ਭਾਰਤੀ ਸੰਵਿਧਾਨ ਨੂੰ ਖ਼ਤਮ ਕਰਨ ਦੇ ਰਾਹ ਪਈ ਹੈ ਅਤੇ ਅਣਮਨੁੱਖੀ ਮਨੂੰ ਸਮ੍ਰਿਤੀ ਨੂੰ ਸੰਵਿਧਾਨ ਦਾ ਦਰਜਾ ਦੇਣ ਲਈ ਯਤਨਸ਼ੀਲ ਹੈ। ਬੁਲਾਰਿਆਂ ਨੇ ਖੱਬੇ ਪੱਖੀ ਅਤੇ ਅੰਬੇਡਕਰਵਾਦੀ ਤਾਕਤਾਂ ਵਿਚਕਾਰ ਫ਼ੌਲਾਦੀ ਏਕਤਾ ਸਮੇਂ ਦੀ ਅਣਸਰਦੀ ਲੋੜ ਹੈ। ਸੈਮੀਨਾਰ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਵਿਦਿਆਰਥੀ ਆਗੂ ਸੁਖਦੇਵ ਪਾਂਧੀ, ਡੈਮੋਕ੍ਰੇਟਿਕ ਇੰਪਲਾਈਜ ਫੈਡਰੇਸ਼ਨ ਦੇ ਆਗੂ ਗੁਰਮੀਤ ਸੁਖਪੁਰਾ ,ਰਾਜੀਵ ਕੁਮਾਰ ਡੀ ਪੀ ਐਫ਼, ਮਜ਼ਦੂਰ ਆਗੂ ਖੁਸ਼ੀਆ ਸਿੰਘ, ਭੋਲਾ ਸਿੰਘ ਕਲਾਲ ਮਾਜਰਾ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।



