ਮਾਨਸਾ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਪੰਜਾਬ ਵੱਲੋਂ ਗੈਸਟ ਫੈਕਲਟੀ ਪ੍ਰੋਫ਼ੈਸਰਾਂ ਵੱਲੋਂ 6 ਅਕਤੂਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਹਮਾਇਤ ਕਰਦਿਆਂ ਤਿਆਰੀ ਲਈ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਰੈਲੀ ਕੀਤੀ ਗਈ। ਆਇਸਾ ਪੰਜਾਬ ਦੇ ਆਗੂ ਸੁਖਜੀਤ ਰਾਮਾਨੰਦੀ ਨੇ ਕਿਹਾ ਕਿ ਆਇਸਾ ਜਿੱਥੇ ਅਦਾਲਤੀ ਰੋਕ ਖਤਮ ਹੋਣ ਪਿਛੋਂ ਇਕ ਹਜ਼ਾਰ ਦੇ ਕਰੀਬ ਕਾਲਜ ਲੈਕਚਰਾਰਾਂ ਅਤੇ ਲਾਈਬ੍ਰੇਰੀਅਨਾਂ ਦੀਆਂ ਨਿਯੁਕਤੀਆਂ ਦਾ ਸੁਆਗਤ ਕਰਦੀ ਹੈ,ਉੱਥੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕਰਦੀ ਹੈ ਕਿ ਉਹ ਪਿਛਲੇ 20-22 ਸਾਲ ਤੋਂ ਮਾਮੂਲੀ ਤਨਖਾਹਾਂ ‘ਤੇ ਸਰਕਾਰੀ ਕਾਲਜਾਂ ਵਿੱਚ ਸੇਵਾਵਾਂ ਦੇ ਰਹੇ ਗੈਸਟ ਫੈਕਲਟੀ ਤੇ ਪਾਰਟ ਟਾਇਮ ਲੈਕਚਰਾਰਾਂ ਉੱਪਰ ਛਾਂਟੀ ਦੀ ਤਲਵਾਰ ਲਟਕਾ ਕੇ ਬਾਹਰ ਦਾ ਰਸਤਾ ਦਿਖਾਉਣ ਦੀ ਬਜਾਇ ਉਹਨਾਂ ਦੀ ਨੌਕਰੀ ਨੂੰ ਬਰਕਰਾਰ ਰੱਖਣ ਦੀ ਵੀ ਗਾਰੰਟੀ ਕਰੇ।
ਉਹਨਾਂ ਕਿਹਾ ਕਿ ਸੂਬੇ ਦੇ ਕੁੱਲ 64 ਸਰਕਾਰੀ ਕਾਲਜਾਂ ਅੰਦਰ ਲੈਕਚਰਾਰਾਂ ਦੀਆਂ ਕੁੱਲ 2250 ਆਸਾਮੀਆਂ ਹਨ। ਪਰ ਇੰਨਾ ਕਾਲਜਾਂ ਵਿੱਚ ਸਿਰਫ 157 ਰੈਗੂਲਰ ਲੈਕਚਰਾਰ,825 ਗੈਸਟ ਫੈਕਲਟੀ ਤੇ 197 ਪਾਰਟ ਟਾਇਮ ਲੈਕਚਰਾਰ ਹੀ ਕੰਮ ਕਰ ਰਹੇ ਹਨ। ਹੁਣ ਕਰੀਬ ਇੱਕ ਹਜ਼ਾਰ ਲੈਕਚਰਾਰਾਂ ਅਤੇ ਲਾਈਬ੍ਰੇਰੀਅਨਾਂ ਦੀਆਂ ਰੈਗੂਲਰ ਨਿਯੁਕਤੀਆਂ ਹੋਣ ਦੇ ਬਾਵਜੂਦ ਹਾਲੇ ਵੀ ਸਰਕਾਰੀ ਕਾਲਜਾਂ ਵਿੱਚ ਕਰੀਬ 50 ਪੋਸਟਾਂ ਖਾਲੀ ਹਨ। ਜਿਸ ਕਰਕੇ ਅਗਰ ਮਾਨ ਸਰਕਾਰ ਅਫ਼ਸਰਸ਼ਾਹੀ ਦੀਆਂ ਮਨਮਾਨੀਆਂ ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾ ਕੇ ਸਹੀ ਯੋਜਨਾਬੰਦੀ ਦੇ ਨਾਲ ਪੋਸਟਿੰਗ ਕਰੇ,ਤਾਂ ਪਿਛਲੇ ਦੋ-ਢਾਈ ਦਹਾਕਿਆਂ ਤੋਂ ਮਾਮੂਲੀ ਤਨਖਾਹਾਂ ਉੱਤੇ ਪੜਾਉਣ ਤੇ ਕਾਲਜਾਂ ਨੂੰ ਚੱਲਦਾ ਰੱਖਣ ਵਾਲੇ ਗੈਸਟ ਫੈਕਲਟੀ ਤੇ ਪਾਰਟ ਟਾਇਮ ਲੈਕਚਰਾਰਾਂ ਦੀਆਂ ਸੇਵਾਵਾਂ ਬਿਨਾਂ ਕਿਸੇ ਦਿੱਕਤ ਦੇ ਜਾਰੀ ਰੱਖੀਆਂ ਜਾ ਸਕਦੀਆਂ ਹਨ। ਉਹਨਾਂ ਵਿਦਿਆਰਥੀਆਂ ਨੂੰ 6 ਅਕਤੂਬਰ ਨੂੰ ਵੱਧ ਤੋਂ ਵੱਧ ਸੰਗਰੂਰ ਪਹੁੰਚਣ ਦੀ ਅਪੀਲ ਵੀ ਕੀਤੀ। ਆਇਸਾ ਮੰਗ ਕਰਦੀ ਹੈ ਕਿ ਮਾਨ ਸਰਕਾਰ ਰੁਜ਼ਗਾਰ ਖੋਹਣ ਅਤੇ ਛਾਂਟੀ ਕਰਨ ਬਾਰੇ ਸੋਚਣ ਦੀ ਬਜਾਇ ਇੱਕ ਢੁੱਕਵੀਂ ਨੀਤੀ ਬਣਾ ਕੇ ਰਿਟਾਇਰਮੈਂਟ ਦੇ ਨੇੜੇ ਪਹੁੰਚ ਰਹੇ ਗੈਸਟ ਫੈਕਲਟੀ ਲੈਕਚਰਾਰਾਂ ਦੇ ਲੰਬੇ ਤਜਰਬੇ ਦੇ ਆਧਾਰ ‘ਤੇ ਇਹਨਾਂ ਨੂੰ ਰੈਗੂਲਰ ਕਰਨ ਦੀ ਯੋਜਨਾਬੰਦੀ ਬਣਾਵੇ। ਇਸ ਮੌਕੇ ਕੋਮਲ ਮਾਨਸਾ,ਯਾਦਵੀਰ ਸਿੰਘ,ਰਿੰਕੂ ਸਿੰਘ ਅਤੇ ਰੇਖਾ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।