ਰੋਸ ਮਾਰਚ ਕੱਢ ਕੇ ਸਰਕਾਰ ਤੋਂ ਮੰਨੀਆਂ ਹੋਈਆਂ ਮੰਗਾਂ ਦੇ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ
22 ਜੁਲਾਈ ਦੀ ਸੰਗਰੂਰ ਰੈਲੀ ਨੂੰ ਸਫ਼ਲ ਬਣਾਉਣ ਦਾ ਕੀਤਾ ਐਲਾਨ- ਸੀ ਐੱਚ ਓ ਐਸੋਸੀਏਸ਼ਨ ਪੰਜਾਬ
ਗੁਰਦਾਸਪੁਰ, 20 ਜੁਲਾਈ (ਸਰਬਜੀਤ ਸਿੰਘ)— ਡਾ ਸੁਨੀਲ ਤਰਗੋਤਰਾ ਸੂਬਾ ਪ੍ਰਧਾਨ ਸੀ ਐਚ ਓ ਐਸੋਸੀਏਸ਼ਨ ਪੰਜਾਬ ਨੇ ਪ੍ਰੈਸ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਅੱਜ ਮਿਤੀ 20 ਜੁਲਾਈ ਨੂੰ ਕਮਿਊਨਟੀ ਹੈਲਥ ਅਫ਼ਸਰ (CHO) ਐਸੋਸੀਏਸ਼ਨ ਪੰਜਾਬ ਅਤੇ ਨੋਵਲ ਇੰਟੀਗ੍ਰੇਟਿਡ ਐਸੋਸੀਏਸ਼ਨ ਆਫ਼ CHO ਦੇ ਸੱਦੇ ’ਤੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚ ਕਮਿਊਨਟੀ ਹੈਲਥ ਅਫ਼ਸਰਾਂ ਵੱਲੋਂ ਆਪਣੇ-ਆਪਣੇ ਇਲਾਕਿਆਂ ਦੇ ਮਾਣਯੋਗ ਵਿਧਾਇਕਾਂ, ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਹਲਕਾ ਇੰਚਾਰਜਾਂ ਨੂੰ ਮਾਣਯੋਗ ਵਿੱਤ ਮੰਤਰੀ ਪੰਜਾਬ ਜੀ ਦੇ ਨਾਮ ਮੰਗ-ਪੱਤਰ ਸੌਂਪੇ ਗਏ। ਇਸਦੀ ਲਗਾਤਾਰਤਾ ਵਿੱਚ ਜਿਲਾ ਗੁਰਦਾਸਪੁਰ ਵਿਖੇ ਡਾ ਰਵਿੰਦਰ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਜਿਲਾ ਗੁਰਦਾਸਪੁਰ ਦੇ ਸੀ ਐਚ ਓ ਵੱਲੋਂ ਆਮ ਆਦਮੀ ਪਾਰਟੀ ਤੇ ਆਗੂ ਰਮਨ ਬਹਿਲ ਜੀ ਨੂੰ ਮੰਗਪੱਤਰ ਦਿੱਤਾ ਗਿਆ । ਇਸ ਮੌਕੇ CHO ਵੱਲੋਂ ਸਰਕਾਰ ਦੀ ਲਗਾਤਾਰ ਦੇਰੀ ਅਤੇ ਵਾਅਦਾ-ਖ਼ਿਲਾਫ਼ੀ ਦੇ ਵਿਰੋਧ ਵਿੱਚ ਰੋਸ ਮਾਰਚ ਵੀ ਕੱਢਿਆ ਗਿਆ।
CHO ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਮਾਣਯੋਗ ਮਿਸ਼ਨ ਡਾਇਰੈਕਟਰ, ਮਾਣਯੋਗ ਮੁੱਖ ਸਕੱਤਰ ਸਿਹਤ ਵਿਭਾਗ ਅਤੇ ਮਾਣਯੋਗ ਵਿੱਤ ਮੰਤਰੀ ਪੰਜਾਬ ਜੀ ਨਾਲ ਹੋਈਆਂ ਮੀਟਿੰਗਾਂ ਵਿੱਚ CHO ਦੀਆਂ ਮੰਗਾਂ ਨੂੰ ਸਿਧਾਂਤਕ ਤੌਰ ’ਤੇ ਸਵੀਕਾਰ ਕਰਦੇ ਹੋਏ ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪਰੰਤੂ ਅੱਜ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਸਮੂਹ CHO ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ CHO ਦੀਆਂ ਮੁੱਖ ਮੰਗਾਂ ਵਿੱਚ ਕਮਿਊਨਟੀ ਹੈਲਥ ਅਫ਼ਸਰਾਂ ਦਾ ਰੈਗੂਲਰ ਕੈਡਰ ਸੈਂਕਸ਼ਨ ਕਰਨਾ, ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ CHO ਨੂੰ ਮਿਲ ਰਹੀ ₹5,000 ਪ੍ਰਤੀ ਮਹੀਨਾ ਘੱਟ ਤਨਖਾਹ ਦੀ ਵਿਸੰਗਤੀ ਦੂਰ ਕਰਨਾ, ਸਾਲ 2018 ਤੋਂ ਬੰਦ ਲੌਇਲਟੀ ਬੋਨਸ ਨੂੰ ਮੁੜ ਬਹਾਲ ਕਰਨਾ, CHO ਦੀ ਤਨਖਾਹ ਅਤੇ ਇੰਸੈਂਟਿਵ ਨੂੰ ਮਰਜ ਕਰਨਾ ਅਤੇ ਨਵੇਂ ਜਾਰੀ ਕੀਤੇ ਗਏ ਇੰਸੈਂਟਿਵ ਪਰਫਾਰਮੇ ਦੀ ਸਮੀਖਿਆ ਕਰਕੇ ਗੈਰ-ਵਾਜਬ ਸ਼ਰਤਾਂ ਨੂੰ ਵਾਪਸ ਲੈਣਾ ਸ਼ਾਮਲ ਹਨ। ਇਹ ਸਾਰੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ ਅਤੇ ਇਨ੍ਹਾਂ ਦੇ ਹੱਲ ਵਿੱਚ ਹੋਰ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
CHO ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਵਾਰ ਭਰੋਸੇ ਦੇ ਕੇ ਸਮਾਂ ਲੰਘਾਇਆ ਜਾ ਰਿਹਾ ਹੈ, ਜਿਸ ਨਾਲ ਸਿਹਤ ਕਰਮੀਆਂ ਵਿੱਚ ਨਿਰਾਸ਼ਾ ਅਤੇ ਰੋਸ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ CHO ਸਿਰਫ਼ ਭਰੋਸਿਆਂ ਨਾਲ ਸੰਤੁਸ਼ਟ ਨਹੀਂ ਹੋਣਗੇ, ਸਗੋਂ ਮੰਨੀਆਂ ਹੋਈਆਂ ਮੰਗਾਂ ਦੇ ਲਿਖਤੀ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ।
ਆਗੂਆਂ ਨੇ ਦੱਸਿਆ ਕਿ 22 ਜੁਲਾਈ ਨੂੰ ਸੰਗਰੂਰ ਵਿਖੇ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਰਿਹਾਇਸ਼ ਨੇੜੇ ਹੋਣ ਵਾਲੀ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਦੇ ਹਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ CHO ਅਤੇ ਹੋਰ NHM ਮੁਲਾਜ਼ਮ ਇਸ ਰੈਲੀ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਸਰਕਾਰ ਨੂੰ ਸਿਹਤ ਕਰਮੀਆਂ ਦੀ ਏਕਤਾ ਅਤੇ ਉਨ੍ਹਾਂ ਦੇ ਪੱਕੇ ਇਰਾਦੇ ਦਾ ਸਪੱਸ਼ਟ ਸੰਦੇਸ਼ ਦੇਵੇਗੀ।
ਅੰਤ ਵਿੱਚ CHO ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ 22 ਜੁਲਾਈ ਤੋਂ ਪਹਿਲਾਂ ਹੀ CHO ਦੀਆਂ ਮੰਨੀਆਂ ਹੋਈਆਂ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਮਸਲੇ ਦਾ ਸਨਮਾਨਜਨਕ ਹੱਲ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ । ਇਸ ਮੌਕੇ ਵਿਕਾਸ ਜੌਇਲ,ਸੂਰਜ ਪ੍ਰਕਾਸ਼,ਨਵਜੋਤ ਕੌਰ,ਸਿਮਰਨਜੀਤ ਕੌਰ,ਅਮਨਦੀਪ ਕੌਰ,ਗੌਰਵ ਸ਼ਰਮਾ,ਹਨੀ ਮਹਾਜਨ,ਹਰਪ੍ਰੀਤ ਕੌਰ,ਪਰਮਿੰਦਰ ਕੌਰ,ਡਾ ਆਰਤੀ,ਕਮਲਜੀਤ ਸਿੰਘ, ਵਰਿੰਦਰ ਕੌਰ, ਡਾ ਰੁਪਾਲੀ ਆਦਿ ਹਾਜ਼ਰ ਸਨ ।


