ਗੁਰਦਾਸਪੁਰ, 7 ਜਨਵਰੀ (ਸਰਬਜੀਤ ਸਿੰਘ) – ਭਾਰਤ ਚੋਣ ਕਮਿਸ਼ਨਰ ਵੱਲੋਂ ਵੋਟਰ ਸੂਚੀਆਂ ਦੇ ਡਾਟੇ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਬੂਥ ਲੈਵਲ ’ਤੇ ਵਿਸ਼ੇਸ਼ ਕੈਂਪ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਬੀ.ਐੱਲ.ਓਜ਼ 8 ਜਨਵਰੀ, 5 ਫਰਵਰੀ ਤੇ 5 ਮਾਰਚ ਨੂੰ ਹਰ ਬੂਥ ’ਤੇ ਵਿਸ਼ੇਸ਼ ਕੈਂਪ ਲਗਾਉਣਗੇ ਅਤੇ ਨਾਲ ਹੀ ਕੈਂਪ ਵਾਲੇ ਦਿਨ ਵੋਟਰਾਂ ਦੇ ਘਰ-ਘਰ ਜਾ ਕੇ ਵੋਟਰ ਸੂਚੀਆਂ ਦੇ ਡਾਟੇ ਨੂੰ ਅਧਾਰ ਕਾਰਡ ਨਾਲ ਲਿੰਕ ਕਰਨਗੇ।
ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਨੇ ਇਨ੍ਹਾਂ ਵਿਸ਼ੇਸ਼ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਵੋਟਰਾਂ ਦਾ ਵੋਟਰ ਕਾਰਡ ਤੇ ਅਧਾਰ ਕਾਰਡ ਦਾ ਡਾਟਾ ਲਿੰਕ ਨਹੀਂ ਹੋਇਆ ਉਸ ਡਾਟੇ ਨੂੰ ਲਿੰਕ ਕਰਨ ਲਈ ਇਹ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਸਮੂਹ ਬੀ.ਐੱਲ.ਓਜ਼ 8 ਜਨਵਰੀ, 5 ਫਰਵਰੀ ਤੇ 5 ਮਾਰਚ ਨੂੰ ਆਪਣੇ ਬੂਥ ਉੱਪਰ ਵਿਸ਼ੇਸ਼ ਕੈਂਪ ਲਗਾਉਣ ਦੇ ਨਾਲ ਆਪਣੇ ਬੂਥ ਦੇ ਇਲਾਕੇ ਦੇ ਵੋਟਰਾਂ ਦੇ ਘਰ-ਘਰ ਜਾ ਕੇ ਅਧਾਰ ਕਾਰਡਾਂ ਦੇ ਡਾਟੇ ਨੂੰ ਵੋਟਰ ਸੂਚੀਆਂ ਨਾਲ ਲਿੰਕ ਕਰਨਗੇ।
ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਸਮੂਹ ਈ.ਆਰ.ਓਜ਼, ਸੈਕਟਰ ਅਫ਼ਸਰਾਂ ਅਤੇ ਸੁਪਰਵਾਈਜ਼ਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਕੈਂਪਾਂ ਵਾਲੇ ਦਿਨ ਇਹ ਯਕੀਨੀ ਬਣਾਉਣਗੇ ਕਿ ਸਾਰੇ ਬੀ.ਐੱਲ.ਓਜ਼ ਵੱਲੋਂ ਆਪਣੇ ਖੇਤਰਾਂ ਵਿੱਚ ਘਰ-ਘਰ ਜਾ ਕੇ ਅਧਾਰ ਕਾਰਡਾਂ ਦੇ ਡਾਟੇ ਨੂੰ ਵੋਟਰ ਸੂਚੀਆਂ ਨਾਲ ਲਿੰਕ ਕੀਤਾ ਜਾਵੇ। ਉਨਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਧਾਰ ਕਾਰਡ ਲਿੰਕ ਕਰਵਾਉਣ ਵਿੱਚ ਬੀ.ਐੱਲ.ਓਜ਼ ਨੂੰ ਸਹਿਯੋਗ ਕਰਨ।


