ਦੇਸ਼ ਦੀ ਪਾਰਲੀਮੈਂਟ ਵਿੱਚ ਸੰਬੋਧਨ ਕਰਨ ਵਾਲੀ ਡੇਰਾ ਬਾਬਾ ਨਾਨਕ ਦੀ ਧੀ ਯੋਗਿਤਾ ਨੂੰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਵਧਾਈ ਦਿੱਤੀ

ਗੁਰਦਾਸਪੁਰ

ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਗਣਤੰਤਰ ਦਿਵਸ ਮੌਕੇ ਯੋਗਿਤਾ ਨੂੰ ਕੀਤਾ ਜਾਵੇਗਾ ਵਿਸ਼ੇਸ਼ ਤੌਰ ’ਤੇ ਸਨਮਾਨਿਤ-ਡੀ.ਸੀ

ਗੁਰਦਾਸਪੁਰ, 6 ਦਸੰਬਰ (ਸਰਬਜੀਤ ਸਿੰਘ) – ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਦੀ ਧੀ ਯੋਗਿਤਾ  ਨੇ ਦੇਸ਼ ਦੀ ਪਾਰਲੀਮੈਂਟ ’ਚ ਹੋਏ ਨੈਸ਼ਨਲ ਯੂਥ ਪਾਰਲੀਮੈਂਟ ਸਮਾਗਮ ਵਿੱਚ ਸੰਬੋਧਨ ਕਰਕੇ ਆਪਣੇ ਮਾਪਿਆਂ, ਸ਼ਹਿਰ, ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਮਾਗਮ ਵਿੱਚ ਦੇਸ਼ ਭਰ ਤੋਂ 7 ਸੂਬਿਆਂ ਦੇ ਨੌਜ਼ਵਾਨਾਂ ਨੇ ਦੇਸ਼ ਨੂੰ ਵੱਖ-ਵੱਖ ਵਿਸ਼ਿਆਂ ’ਤੇ ਸੰਬੋਧਨ ਕੀਤਾ ਸੀ, ਜਿਨ੍ਹਾਂ ਵਿੱਚ ਪੰਜਾਬ ਦੀ ਨੁਮਾਇੰਦਿਗੀ ਡੇਰਾ ਬਾਬਾ ਨਾਨਕ ਦੀ ਵਸਨੀਕ ਯੋਗਿਤਾ ਨੇ ਕੀਤੀ।

ਅੱਜ ਆਪਣੇ ਦਫ਼ਤਰ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਵਿਦਿਆਰਥਣ ਯੋਗਿਤਾ ਅਤੇ ਉਸਦੇ ਪਿਤਾ ਸ੍ਰੀ ਰਮਨੀਸ਼ ਮਿੱਤਰ ਅਤੇ ਮਾਤਾ ਸ੍ਰੀਮਤੀ ਅਨੀਤਾ ਰਾਣੀ ਨਾਲ ਮੁਲਾਕਾਤ ਕਰਕੇ ਉਸਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਨਾਲ ਉਸਦੇ ਉੱਜਵਲ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੱਤੀਆਂ। ਡਿਪਟੀ ਕਮਿਸ਼ਨਰ ਡਾ. ਅਗਰਵਾਲ ਨੇ ਕਿਹਾ ਕਿ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦੇ ਸ਼ਹਿਰ ਡੇਰਾ ਬਾਬਾ ਨਾਨਾਕ ਦੀ ਧੀ ਯੋਗਿਤਾ ਨੇ ਛੋਟੀ ਉਮਰ ਵਿੱਚ ਦੇਸ਼ ਦੀ ਪਾਰਲੀਮੈਂਟ ਵਿੱਚ ਸੰਬੋਧਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਾਣਮੱਤੀ ਪ੍ਰਾਪਤੀ ਲਈ ਯੋਗਿਤਾ ਨੂੰ 26 ਜਨਵਰੀ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਇਸ ਹੌਂਸਲਾ ਅਫ਼ਜਾਈ ਲਈ ਧੰਨਵਾਦ ਕਰਦਿਆਂ ਵਿਦਿਆਰਥਣ ਯੋਗਿਤਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸਾਹਿਬ ਦਾ ਇਹ ਥਾਪੜਾ ਉਸ ਨੂੰ ਜ਼ਿੰਦਗੀ ਵਿੱਚ ਹੋਰ ਅੱਗੇ ਵੱਧਣ ਲਈ ਹਮੇਸ਼ਾਂ ਪ੍ਰੇਰਨਾ ਦਿੰਦਾ ਰਹੇਗਾ।

ਪਾਰਲੀਮੈਂਟ ਵਿੱਚ ਸੰਬੋਧਨ ਕਰਨ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਯੋਗਿਤਾ ਨੇ ਦੱਸਿਆ ਕਿ ਉਸਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਡੇਰਾ ਬਾਬਾ ਨਾਨਕ ਤੋਂ ਹਾਸਲ ਕੀਤੀ ਹੈ ਅਤੇ ਉਸਤੋਂ ਬਾਅਦ ਉਸਨੇ ਸੁਖਜਿੰਦਰਾ ਕਾਲਜ ਗੁਰਦਾਸਪੁਰ ਤੋਂ ਈ.ਟੀ.ਟੀ. ਦਾ ਕੋਰਸ ਕੀਤਾ ਹੈ। ਉਸ ਤੋਂ ਬਾਅਦ ਉਸਨੇ ਸਰਕਾਰੀ ਕਾਲਜ ਗੁਰਦਾਸਪੁਰ ਤੋਂ ਹਾਲ ਹੀ ਵਿੱਚ ਬੀ.ਏ. ਦੀ ਪੜ੍ਹਾਈ ਪੂਰੀ ਕੀਤੀ ਹੈ। ਉਸਨੇ ਦੱਸਿਆ ਕਿ ਉਹ ਸਕੂਲ ਅਤੇ ਕਾਲਜ ਵਿੱਚ ਸੱਭਿਆਚਾਰਕ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਅਕਸਰ ਭਾਗ ਲੈਂਦੀ ਹੁੰਦੀ ਸੀ। ਇਸ ਸਾਲ ਉਸਨੇ ਭਾਰਤ ਸਰਕਾਰ ਦੇ ਯੂਥ ਪਾਰਲੀਮੈਂਟ ਪ੍ਰੋਗਰਾਮ ਵਿੱਚ ਹਿੱਸਾ ਲਿਆ ਜਿਸ ਵਿੱਚ ਵੱਖ-ਵੱਖ ਭਾਸ਼ਣ ਮੁਕਾਬਲੇ ਸਨ। ਇਸ ਵਿੱਚ ਦੇਸ਼ ਭਰ ਦੇ ਸਾਰੇ ਸੂਬਿਆਂ ਦੇ ਨੌਜਵਾਨ ਸ਼ਾਮਲ ਸਨ ਅਤੇ ਅਖੀਰ ’ਤੇ ਕੇਵਲ 7 ਸੂਬਿਆਂ ਦੇ ਨੌਜਵਾਨਾਂ ਦੀ ਪਾਰਲੀਮੈਂਟ ਵਿੱਚ ਸੰਬੋਧਨ ਕਰਨ ਲਈ ਚੋਣ ਹੋਣੀ ਸੀ। ਉਸਨੇ ਪੂਰੀ ਮਿਹਨਤ ਨਾਲ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਅਖੀਰ ਉਹ ਪਾਰਲੀਮੈਂਟ ਵਿੱਚ ਸੰਬੋਧਨ ਕਰਨ ਲਈ ਚੁਣੀ ਗਈ। ਯੋਗਿਤਾ ਨੇ ਦੱਸਿਆ ਕਿ ਪਾਰਲੀਮੈਂਟ ਵਿੱਚ 3 ਦਸੰਬਰ ਨੂੰ ਉਸਦੇ ਭਾਸ਼ਣ ਦਾ ਵਿਸ਼ਾ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸ਼ਾਦ ਜੀ ਦੇ ਜੀਵਨ ਬਾਰੇ ਬੋਲਣਾ ਸੀ ਅਤੇ ਉਸਨੇ ਪੂਰੀ ਤਿਆਰੀ ਨਾਲ ਇਹ ਭਾਸ਼ਣ ਦਿੱਤਾ ਜਿਸਨੂੰ ਸਭ ਵੱਲੋਂ ਪਸੰਦ ਕੀਤਾ ਗਿਆ। ਯੋਗਿਤਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਸਦੇ ਸ਼ਹਿਰ ਵਾਸੀਆਂ ਵੱਲੋਂ ੳਸੁਦੀ ਜੋ ਹੌਂਸਲਾ ਅਫ਼ਜਾਈ ਕੀਤੀ ਗਈ ਹੈ ਇਸ ਲਈ ਉਹ ਸਭ ਦੀ ਧੰਨਵਾਦੀ ਹੈ।

Leave a Reply

Your email address will not be published. Required fields are marked *