ਗੁਰਦਾਸਪੁਰ, 30 ਜੂਨ (ਸਰਬਜੀਤ)- ਜ਼ਿਲਾ ਹੈਰੀਟੇਜ ਸੁਸਾਇਟੀ ਅਤੇ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 183ਵੀਂ ਬਰਸੀ ਅੱਜ ਦੀਨਾਨਗਰ ਦੇ ਗੁਰਦੁਆਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਬਰਸੀ ਸਮਾਗਮ ਸਬੰਧੀ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਅਤੇ ਉਪਰੰਤ ਭਾਈ ਗੁਰਪ੍ਰੀਤ ਸਿੰਘ ਕਲੇਰ ਅਤੇ ਭਾਈ ਸੋਹਨ ਸਿੰਘ ਪੂਨੇ ਵਾਲੇ, ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸ੍ਰੀ ਛੋਟਾ ਘੱਲੂਘਾਰਾ ਸਾਹਿਬ ਦੇ ਕੀਰਤਨੀ ਜਥਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲਾ ਹੈਰੀਟੇਜ ਸੁਸਾਇਟੀ ਦੇ ਚੇਅਰਮੈਨ ਜਨਾਬ ਮੁਹੰਮਦ ਇਸ਼ਫ਼ਾਕ ਨੇ ਹਾਜ਼ਰੀ ਭਰੀ। ਇਸਤੋਂ ਇ ਲਾਵਾ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ, ਦੀਨਾਨਗਰ ਤੋਂ ‘ਆਪ’ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ, ਸਾਬਕਾ ਚੇਅਰਮੈਨ ਅਤੇ ਆਪ ਆਗੂ ਰਮਨ ਬਹਿਲ, ਸਾਬਕਾ ਏ.ਡੀ.ਸੀ. ਤਜਿੰਦਰਪਾਲ ਸਿੰਘ ਸੰਧੂ, ਐੱਸ.ਡੀ.ਐੱਮ. ਦੀਨਾਨਗਰ ਵਿਕਰਮਜੀਤ ਸਿੰਘ ਪੰਥੇ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਰਾਜੇਸ਼ ਸ਼ਮਰਾਂ, ਡੀ.ਪੀ.ਆਰ.ਓ. ਬਟਾਲਾ ਇੰਦਰਜੀਤ ਸਿੰਘ ਸਮੇਤ ਹੋਰ ਅਧਿਕਾਰੀਆਂ ਅਤੇ ਜ਼ਿਲੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਮਹਾਨ ਵਿਅਕਤੀ ਕੌਮਾਂ ਦੀ ਉਸਾਰੀ ਵਿੱਚ ਸਦਾ ਸਹਾਇਕ ਸਿੱਧ ਹੁੰਦੇ ਹਨ। ਉਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਹਰਮਨ ਪਿਆਰੀ ਤਸਵੀਰ ਲੋਕ ਮਨਾਂ ਅੰਦਰ ਅੱਜ ਤੱਕ ਅੰਕਿਤ ਹੈ। ਉਹ ਤਸਵੀਰ ਇੱਕ ਜੇਤੂ ਨਾਇਕ, ਸ਼ਕਤੀਸ਼ਾਲੀ ਹਾਕਮ ਅਤੇ ਇੱਕ ਦਿਆਲੂ ਬਾਪ ਵਾਂਗ ਹੈ ਜੋ ਆਪਣੀ ਪਰਜਾ ਦੇ ਹਰ ਦੁੱਖ-ਸੁੱਖ ਦਾ ਖਿਆਲ ਰੱਖਦਾ ਸੀ। ਉਨਾਂ ਕਿਹਾ ਕਿ ਜ਼ਿਲਾ ਹੈਰੀਟੇਜ ਸੁਸਾਇਟੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਦੀਨਾਨਗਰ ਅਤੇ ਸਾਡੇ ਜ਼ਿਲੇ ਦੇ ਵਸਨੀਕ ਸ਼ੇਰ-ਏ-ਪੰਜਾਬ ਦੇ ਇਤਿਹਾਸ ਪ੍ਰਤੀ ਜਾਗਰੂਕ ਹੋ ਸਕੇ ਹਨ। ਉਨਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਵਿੱਚ ਜਿਨੀਆਂ ਵੀ ਇਤਿਹਾਸਕ ਥਾਵਾਂ ਹਨ ਉਨਾਂ ਦੀ ਸੰਭਾਲ ਕਰਨ ਦੇ ਨਾਲ ਸੈਰ-ਸਪਾਟੇ ਵਜੋਂ ਵੀ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਲਾ ਹੈਰੀਟੇਜ ਸੁਸਾਇਟੀ ਦੇ ਜਨਰਲ ਸਕੱਤਰ ਤਜਿੰਦਰਪਾਲ ਸਿੰਘ ਸੰਧੂ ਨੇ ਸੁਸਾਇਟੀ ਵੱਲੋਂ ਜ਼ਿਲੇ ਦੀ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਨੂੰ ਸਾਂਭਣ ਦੇ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਇਤਿਹਾਸਕਾਰ ਤੇ ਜ਼ਿਲਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਪ੍ਰੋ. ਰਾਜ ਕੁਮਾਰ ਸ਼ਰਮਾਂ ਨੇ ਵਿਸਥਾਰ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਇਆ ਅਤੇ ਨਾਲ ਹੀ ਦੀਨਾਨਗਰ ਨਾਲ ਸਬੰਧਤ ਉਨਾਂ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ। ਦੀਨਾਨਗਰ ਤੋਂ ‘ਆਪ’ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਅਤੇ ਸਾਬਕਾ ਚੇਅਰਮੈਨ ਅਤੇ ਆਪ ਆਗੂ ਰਮਨ ਬਹਿਲ ਨੇ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨਾਂ ਦਾ ਰਾਜ ਹਲੀਮੀ ਦਾ ਰਾਜ ਸੀ ਅਤੇ ਏਹੀ ਕਾਰਨ ਹੈ ਲੋਕ ਅੱਜ ਤੱਕ ਸ਼ੇਰ-ਏ-ਪੰਜਾਬ ਦੇ ਰਾਜ ਨੂੰ ਯਾਦ ਕਰਦੇ ਹਨ। ਉਨਾਂ ਕਿਹਾ ਕਿ ਆਪਣੇ ਇਤਿਹਾਸ ਤੇ ਵਿਰਸੇ ਨਾਲ ਜੋੜਨ ਦਾ ਜ਼ਿਲਾ ਹੈਰੀਟੇਜ ਸੁਸਾਇਟੀ ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਇਸ ਮੌਕੇ ਜ਼ਿਲਾ ਹੈਰੀਟੇਜ ਸੁਸਾਇਟੀ ਨੂੰ 1 ਲੱਖ ਰੁਪਏ ਦਾਨ ਦਾ ਚੈੱਕ ਦੇਣ ’ਤੇ ਡਾ. ਸੁਜਾਨ ਸਿੰਘ ਬਟਾਲਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸਦੇ ਨਾਲ ਹੀ ਵੱਖ-ਵੱਖ ਬੁਲਾਰਿਆਂ, ਸਮਾਜ ਸੇਵੀ ਅਤੇ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਗੁਰਦੁਆਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਬੰਧਕਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਸਾਬਕਾ ਐੱਸ.ਡੀ.ਓ. ਸ਼ਮਸ਼ੇਰ ਸਿੰਘ ਮੱਲੀ, ਮੋਹਨ ਸਿੰਘ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਪ੍ਰੋਫੈਸਰ ਜਸਬੀਰ ਸਿੰਘ, ਵੈਬੀਜੋਤ ਸਿੰਘ ਕਾਹਲੋਂ, ਦਲਜੀਤ ਸਿੰਘ ਬਮਰਾਹ, ਸੁਖਦੇਵ ਸਿੰਘ ਹਰਪੁਰਾ, ਲਾਲ ਸਿੰਘ, ਹਰਵਿੰਦਰ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ ਪੰਜਗਰਾਈਆਂ, ਸਰਪੰਚ ਗੁਰਦੀਪ ਸਿੰਘ ਹਰਦਾਨ, ਸਰਪੰਚ ਸਿਕੰਦਰ ਸਿੰਘ ਕਰਨਾਮਾ, ਵਰਿੰਦਰਪ੍ਰੀਤ ਸਿੰਘ ਅੰਮੋਨੰਗਲ, ਸੁਖਦੇਵ ਸਿੰਘ, ਹਰਮਨਜੀਤ ਸਿੰਘ, ਦਮਨਜੀਤ ਸਿੰਘ ਤੋਂ ਇਲਾਵਾ ਗੁਰਦੁਆਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਨਾਨਗਰ ਦੇ ਸਮੂਹ ਪ੍ਰਬੰਧਕ ਅਤੇ ਸੰਗਤ ਹਾਜ਼ਰ ਸੀ।