ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਦਾ ਕੀਤਾ ਜਾ ਰਿਹਾ ਹੈ ਸਸ਼ਕਤੀਕਰਨ

ਗੁਰਦਾਸਪੁਰ

ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਵਿੱਚ ਜੋੜ ਕੇ ਕੀਤੀ ਜਾਂਦੀ ਹੈ ਆਰਥਿਕ ਮੱਦਦ

ਗੁਰਦਾਸਪੁਰ, 24 ਨਵੰਬਰ (ਸਰਬਜੀਤ ਸਿੰਘ) – ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ) ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਚਲਾਇਆ ਜਾ ਰਿਹਾ ਸਾਂਝਾ ਮਿਸ਼ਨ ਹੈ, ਜਿਸ ਅਧੀਨ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਵਿੱਚ ਜੋੜਿਆ ਜਾਂਦਾ ਹੈ। ਸਵੈ-ਸਹਾਇਤਾ ਸਮੂਹਾਂ ਰਾਹੀਂ ਸਵੈ-ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾ ਕੇ ਔਰਤਾਂ ਨੂੰ ਆਤਮ-ਨਿਰਭਰ ਬਣਨ ਦੇ ਮੌਕੇ ਦਿੱਤੇ ਜਾਂਦੇ ਹਨ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਪੀ.ਐਸ.ਆਰ.ਐਲ.ਐਮ. ਸਕੀਮ ਪੇਂਡੂ ਬੇਰੁਜ਼ਗਾਰ ਗਰੀਬ ਔਰਤਾਂ ਨੂੰ ਆਜੀਵਿਕਾ ਦੇਣ ਦੇ ਮਕਸਦ ਨਾਲ ਚਲਾਈ ਗਈ ਹੈ। ਇਸ ਸਕੀਮ ਅਧੀਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਔਰਤਾਂ ਦੇ 3708 ਸਵੈ-ਸਹਾਇਤਾ ਸਮੂਹ ਬਣਾਏ ਗਏ ਹਨ। ਇੱਕ ਸਵੈ-ਸਹਾਇਤਾ ਸਮੂਹ ਅਧੀਨ 10-15 ਮੈਂਬਰ ਪਾਏ ਜਾਂਦੇ ਹਨ ਅਤੇ ਇਹਨਾਂ ਗਰੁੱਪਾਂ ਦੇ ਖਾਤੇ ਇੱਕ ਬੈਂਕ ਵਿੱਚ ਖੁਲਵਾਏ ਜਾਂਦੇ ਹਨ, ਜਿਸ ਵਿੱਚ ਕਿ ਹਰ ਮੈਂਬਰ ਵੱਲੋਂ ਬੱਚਤ ਦੇ ਤੌਰ ਤੇ ਪੈਸੇ ਜਮਾਂ ਕਰਵਾਏ ਜਾਂਦੇ ਹਨ। ਉਨਾਂ ਦੱਸਿਆ ਕਿ 3 ਮਹੀਨੇ ਤੱਕ ਦੀ ਬੱਚਤ ਹੋਣ ਤੋਂ ਬਾਅਦ ਸਰਕਾਰ ਵੱਲੋਂ ਇਹਨਾਂ ਗਰੁੱਪਾਂ ਨੂੰ ਪੀ.ਐਸ.ਐਰ.ਐਲ.ਐਮ. ਸਕੀਮ ਅਧੀਨ ਰਿਵਾਲਵਿੰਗ ਫੰਡ (ਆਫਐਫ) ਦਿੱਤਾ ਜਾਂਦਾ ਹੈ, ਜਿਸਦੀ ਰਾਸ਼ੀ 20000/- ਰੁਪਏ ਪ੍ਰਤੀ ਗਰੁੱਪ ਹੁੰਦੀ ਹੈ। ਇਹ ਫੰਡ ਸਵੈ-ਸਹਾਇਤਾ ਸਮੂਹਾਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਦਿੱਤਾ ਜਾਂਦਾ ਹੈ।  

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਪਿੰਡ ਵਿੱਚ ਜਦੋਂ 5 ਗਰੁੱਪਾਂ ਦੀ ਫਾਰਮੇਸ਼ਨ ਹੋ ਜਾਂਦੀ ਹੈ ਤਾਂ ਉਸ ਪਿੰਡ ਵਿੱਚ ਇੱਕ ਗ੍ਰਾਮ ਸੰਗਠਨ (ਵਿਲੇਜ ਆਗਨਾਈਜੇਸ਼ਨ/ਵੀਓ) ਬਣਾ ਦਿੱਤੀ ਜਾਂਦੀ ਹੈ ਅਤੇ ਵੀਓ ਬਣਨ ਤੋਂ ਬਾਅਦ ਸਰਕਾਰ ਵੱਲੋਂ 6 ਮਹੀਨੇ ਉਪਰੰਤ 50,000 ਤੱਕ ਦਾ ਕਮਿਉਨਿਟੀ ਇੰਨਵੈਸਟਮੈਂਟ ਫੰਡ (ਸੀਆਈਐਫ) ਦਿੱਤਾ ਜਾਂਦਾ ਹੈ, ਜਿਸਦਾ ਮਕਸਦ ਸਵੈ-ਸਹਿਤਾ ਸਮੂਹਾਂ ਦੀਆਂ ਗਰੀਬ ਔਰਤਾਂ ਦੁਆਰਾ ਰੋਜ਼ਗਾਰ ਸ਼ੁਰੂ/ਵਾਧਾ ਕਰਵਾਉਣਾ ਹੈ। ਸਵੈ-ਸਹਾਇਤਾ ਸਮੂਹ ਦੀਆਂ ਗਰੀਬ ਔਰਤਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਅਤੇ ਰੋਜ਼ਗਾਰ ਸ਼ੁਰੂ ਕਰਨ ਲਈ ਬੈਂਕਾਂ ਵੱਲੋਂ 7 ਪ੍ਰਤੀਸ਼ਤ ਦੀ ਦਰ ਨਾਲ ਕੈਸ਼-ਕਰੈਡਿਟ-ਲਿਮਿਟ (ਸੀ.ਸੀ.ਐਲ.) ਵੀ ਕਰਵਾਈ ਜਾਂਦੀ ਹੈ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਇਸ ਸਕੀਮ ਅਧੀਨ 3708 ਸੈਲਫ ਹੈਲਪ ਗਰੁੱਪ ਬਣਾਏ ਗਏ ਹਨ ਅਤੇ ਇਨਾਂ ਸਮੂਹ ਨਾਲ ਜੁੜ ਕੇ ਔਰਤਾਂ ਆਰਥਿਕ ਅਜ਼ਾਦੀ ਹਾਸਲ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਸਵੈ-ਸਹਾਇਤਾ ਸਮੂਹਾਂ ਨੂੰ ਲਘੂ ਰੋਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਆਰਗੇਨਾਈਜੇਸ਼ਨਾਂ ਤੋਂ ਆਚਾਰ ਮੁਰੱਬੇ ਬਣਾਉਣ ਦੀ, ਜੂਟ ਬੈਗ ਬਣਾਉਣ ਦੀ ਟ੍ਰੇਨਿੰਗਾਂ ਕਰਵਾਈਆ ਜਾਂਦੀਆਂ ਹਨ ਤਾਂ ਕਿ ਉਹ ਆਰਥਿਕ ਪੱਖੋਂ ਹੋਰ ਮਜ਼ਬੂਤ ਹੋ ਸਕਣ। ਜ਼ਿਲ੍ਹੇ ਦੇ ਕਈ ਸਮੂਹਾਂ ਵੱਲੋਂ ਹੱਥੀਂ ਉੱਨੀ ਕੱਪੜੇ ਤਿਆਰ ਕਰਨ, ਫੁਲਕਾਰੀਆਂ, ਪਾਰਲਰ ਦਾ ਕੰਮ, ਸਾਬਣ, ਸੈਂਪੂ ਅਤੇ ਆਚਾਰ ਮੁਰੱਬੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *