ਗੁਰਦਾਸਪੁਰ, 18 ਜੂਨ (ਸਰਬਜੀਤ ਸਿੰਘ)– ਜ਼ਿਲ੍ਹਾ ਪੁਲਸ ਗੁਰਦਾਸਪੁਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ 4 ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਗੁਰਦਾਸਪੁਰ ਆਦਿਤਿਆ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਸ ਨੇ ਬੱਬਰੀ ਬਾਈਪਾਸ ‘ਤੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਅੰਮ੍ਰਿਤਸਰ ਵਾਲੇ ਪਾਸਿਓਂ ਇੱਕ ਸਵਿਫਟ ਕਾਰ ਆਉਂਦੀ ਦਿਖਾਈ ਦਿੱਤੀ। ਇਸ਼ਾਰਾ ਦੇ ਕੇ ਕਾਰ ਨੂੰ ਰੋਕਿਆ ਗਿਆ। ਕਾਰ ਵਿੱਚ ਸਵਾਰ ਮੁਲਜ਼ਮ ਰਾਜਬੀਰ ਸਿੰਘ ਪੁੱਤਰ ਬੱਗਾ ਸਿੰਘ, ਗੁਰਜਸ਼ਨਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ, ਦੋਵੇਂ ਵਾਸੀ ਕੋਟਲੀ ਸੱਕਾ ਜ਼ਿਲ੍ਹਾ ਅੰਮ੍ਰਿਤਸਰ, ਗੁਰਵੰਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬੋਪਾਰਾਏ ਖੁਰਦ ਅਤੇ ਗੁਰਸ਼ੋਕ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਲਾਹੌਰੀਮਾਲ ਸਨ। ਜਦੋਂ ਉਕਤ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ ਤਾਂ ਰਾਜਬੀਰ ਸਿੰਘ ਦੇ ਬੈਗ ਵਿੱਚੋਂ ਇੱਕ ਪਿਸਤੌਲ 32 ਬੋਰ, ਮੈਗਜ਼ੀਨ ਸਮੇਤ ਚਾਰ ਜ਼ਿੰਦਾ ਕਾਰਤੂਸ, ਗੁਰਜਸ਼ਨਪ੍ਰੀਤ ਸਿੰਘ ਤੋਂ ਇੱਕ ਪਿਸਤੌਲ ਮੈਗਜ਼ੀਨ ਸਮੇਤ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ।


