ਗੁਰਦਾਸਪੁਰ, 27 ਸਤੰਬਰ (ਸਰਬਜੀਤ ਸਿੰਘ ) – ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ 27 ਸਤੰਬਰ ਨੂੰ ਸ਼ਹੀਦੀ ਸਮਾਰਕ, ਛੋਟਾ ਘੱਲੂਘਾਰਾ, ਕਾਹਨੂੰਵਾਨ ਛੰਬ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਸ਼ਹੀਦੀ ਸਮਾਰਕ ਵਿਖੇ ਵਿਸ਼ੇਸ਼ ਪ੍ਰੋਗਾਰਮ ਕੀਤਾ ਜਾਵੇਗਾ ਜਿਸ ਵਿੱਚ ਜ਼ਿਲਾ ਗੁਰਦਾਸਪੁਰ ਦੇ ਧਾਰਮਿਕ ਤੇ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਬਾਰੇ ਅਵਾਮ ਨੂੰ ਜਾਣੂ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਵਿਸ਼ਵ ਸੈਰ ਸਪਾਟਾ ਦਿਵਸ ਮਨਾਉਣ ਦੀਆਂ ਸਾਰੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ 27 ਸਤੰਬਰ ਸ਼ਾਮ 4:30 ਤੋਂ 7:00 ਵਜੇ ਦਰਮਿਆਨ ਛੋਟਾ ਘੱਲੂਘਾਰਾ ਸਮਾਰਕ ਵਿਖੇ ਇਹ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਵਿਰਸੇ ਤੇ ਵਿਰਾਸਤ ਨੂੰ ਦਰਸਾਉਂਦੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਵਿਸ਼ਵ ਸੈਰ ਸਪਾਟਾ ਦਿਵਸ ਮਨਾਉਣ ਦਾ ਉਦੇਸ਼ ਆਪਣੇ ਜ਼ਿਲ੍ਹੇ ਦੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਨੂੰ ਟੂਰਜ਼ਿਮ ਮੈਪ ’ਤੇ ਲਿਆਉਣਾ ਹੈ ਤਾਂ ਜੋ ਵੱਧ ਤੋਂ ਵੱਧ ਟੂਰਸਿਟ ਜ਼ਿਲ੍ਹਾ ਗੁਰਦਾਸਪੁਰ ਦੇ ਅਮੀਰ ਵਿਰਸੇ ਨੂੰ ਦੇਖਣ ਲਈ ਆਉਣ। ਉਨਾਂ ਕਿਹਾ ਕਿ ਇਸ ਵਾਰ ਅੰਤਰਰਾਸ਼ਟਰੀ ਟੂਰਜ਼ਿਮ ਡੇਅ ਦਾ ਥੀਮ ‘ਰੀਥਿੰਕ ਟੂਰਿਜ਼ਮ’ ਹੈ ਅਤੇ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵੀ ਆਪਣੇ ਜ਼ਿਲ੍ਹੇ ਵਿੱਚ ਟੂਰਿਜ਼ਮ ਨੂੰ ਪ੍ਰਫੂਲਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਆਪਣੇ ਜ਼ਿਲ੍ਹੇ ਦੇ ਇਤਿਹਾਸਕ ਤੇ ਧਾਰਮਿਕ ਅਸਥਾਨ ਖੁਦ ਦੇਖਣ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਜਰੂਰ ਦਿਖਾਉਣ।