ਅਕਾਲੀ-ਭਾਜਪਾ ਗੱਠਜੋੜ ਨੇ ਅਕਾਲੀ ਦਲ ਦੀ ਸਿਆਸੀ ਮੌਕਾਪ੍ਰਸਤੀ ਅਤੇ ਸੱਤਾ ਦੀ ਭੁੱਖ ਨੂੰ ਕੀਤਾ ਬੇਨਕਾਬ: ਸੁਖਦਰਸ਼ਨ ਸਿੰਘ ਨੱਤ,

ਮਾਲਵਾ

ਬੀਜੇਪੀ ਨਾਲ ਮੁੜ ਗੱਠਜੋੜ ਕਰਨਾ ਸਾਬਤ ਕਰਦਾ ਹੈ ਕਿ ਬਾਦਲ ਦਲ ਲਈ ਹੁਣ ਕੋਈ ਸਿਧਾਂਤ ਨਹੀਂ, ਸਿਰਫ਼ ਸੱਤਾ ਹੀ ਸਰਵਉੱਚ ਹੈ

ਮਾਨਸਾ: ਗੁਰਦਾਸਪੁਰ, 26 ਨਵੰਬਰ ( ਸਰਬਜੀਤ ਸਿੰਘ)–ਸੀਪੀਆਈ (ਐਮਐਲ) ਲਿਬਰੇਸ਼ਨ ਨੇ ਅਕਾਲੀ ਦਲ ਬਾਦਲ ਵੱਲੋਂ ਭਾਜਪਾ ਨਾਲ ਮੁੜ ਕੀਤੇ ਚੋਣ ਗੱਠਜੋੜ ਨੂੰ ਪੰਜਾਬ ਦੇ ਲੋਕਾਂ, ਕਿਸਾਨ ਅੰਦੋਲਨ ਅਤੇ ਦੇਸ਼ ਦੇ ਜਮਹੂਰੀ ਤੇ ਧਰਮ ਨਿਰਪੱਖ ਭਵਿੱਖ ਨਾਲ ਵਿਸ਼ਵਾਸਘਾਤ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਇਹ ਕੋਈ ਸਮਝੌਤਾ ਕਿਸੇ ਸਿਧਾਂਤ ਦੇ ਆਧਾਰ ‘ਤੇ ਨਹੀਂ, ਸਗੋਂ ਸਿਰਫ ਸੱਤਾ ਤੱਕ ਪਹੁੰਚਣ ਲਈ ਕੀਤਾ ਗਿਆ ਇਕ ਅਜਿਹਾ ਘੋਰ ਮੌਕਾਪ੍ਰਸਤ ਸੌਦਾ ਹੈ, ਜਿਸ ਨੂੰ ਪੰਜਾਬ ਦੀ ਜਨਤਾ ਚੋਣਾਂ ਵਿੱਚ ਪੂਰੀ ਤਰ੍ਹਾਂ ਰੱਦ ਕਰੇਗੀ।

ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਕਿਹਾ ਕਿ ਜਦੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਪੰਜਾਬ ਸਮੇਤ ਦੇਸ਼ ਦੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਇਤਿਹਾਸਕ ਸੰਘਰਸ਼ ਲੜ ਰਹੇ ਸਨ, ਉਸ ਸਮੇਂ ਕਿਸਾਨਾਂ ਦੇ ਗੁੱਸੇ ਤੋਂ ਬਚਣ ਲਈ ਬਾਦਲ ਦਲ ਨੇ ਭਾਜਪਾ ਨਾਲੋਂ ਗੱਠਜੋੜ ਤੋੜਨ ਦਾ ਨਾਟਕ ਕੀਤਾ ਸੀ। ਹੁਣ ਉਸੇ ਭਾਜਪਾ ਨਾਲ ਮੁੜ ਗੱਠਜੋੜ ਕਰਕੇ ਅਕਾਲੀ ਦਲ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦਾ ਪੰਜਾਬ ਜਾਂ ਕਿਸਾਨੀ ਦੇ ਹਿੱਤਾਂ ਨਾਲ ਸਰੋਕਾਰ ਨਹੀਂ, ਸਗੋਂ ਇਸ ਦਲ ਦੀ ਲੀਡਰਸ਼ਿਪ ਨੂੰ ਸਿਰਫ਼ ਆਪਣੇ ਨਿੱਜੀ ਸਵਾਰਥਾਂ ਲਈ ਕਿਸੇ ਵੀ ਅਸੂਲ ਜਾਂ ਸਿਧਾਂਤ ਦੀ ਬਲੀ ਦੇਣ ਤੋਂ ਕੋਈ ਗੁਰੇਜ਼ ਨਹੀਂ ਹੈ।

ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਇਹ ਗੱਠਜੋੜ ਉਸ ਸਮੇਂ ਕੀਤਾ ਗਿਆ ਹੈ ਜਦੋਂ ਦੇਸ਼ ਦੀ ਸਾਰੀਆਂ ਫਾਸ਼ੀਵਾਦ ਵਿਰੋਧੀ ਤਾਕਤਾਂ ਭਾਜਪਾ ਵਲੋਂ ਸੰਵਿਧਾਨ ਨੂੰ ਪੈਰਾਂ ਹੇਠ ਲਤਾੜ ਕੇ ਚੋਣ ਕਮਿਸ਼ਨ ਰਾਹੀਂ ਤੇਰਾਂ ਕਰੋੜ ਵੋਟਰਾਂ ਨੂੰ ਵੋਟ ਦੇ ਹੱਕ ਤੋਂ ਵਾਂਝੇ ਕਰਨ ਖਿਲਾਫ ਅਤੇ ਲੋਕਤੰਤਰ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਹਨ।
ਪਾਉਣ ਵਾਲੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਹਨ। ਬੀਜੇਪੀ ਵਲੋਂ ਦੇਸ਼ ਵਿੱਚ ਇਕ ਦੇਸ਼ ਇਕ ਚੋਣ ਦੇ ਨਾਹਰੇ ਅਤੇ ਚੋਣ ਹਲਕਿਆਂ ਦੀ ਮੁੜ ਹੱਦਬੰਦੀ ਰਾਹੀਂ ਬਚੇ ਖੁਚੇ ਫੈਡਰਲ ਢਾਂਚੇ ਨੂੰ ਵੀ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਚੋਣ ਪ੍ਰਕਿਰਿਆ ਦੀ ਨਿਰਪੱਖਤਾ, ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਅਤੇ ਧਰਮ ਨਿਰਪੱਖਤਾ ਉੱਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਦੇਸ਼ ਵਿੱਚ ਗੰਭੀਰ ਸਵਾਲ ਉੱਠ ਰਹੇ ਹਨ। ਅਜਿਹੇ ਸਮੇਂ ਭਾਜਪਾ ਨਾਲ ਹੱਥ ਮਿਲਾਉਣਾ ਅਕਾਲੀ ਦਲ ਦੇ ਅਖੌਤੀ ਪੰਥਕ ਅਤੇ ਜਮਹੂਰੀ ਸਰੋਕਾਰਾਂ ਦੀ ਅਸਲੀਅਤ ਨੂੰ ਨੰਗਾ ਕਰਦਾ ਹੈ।

ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਜ਼ੁਲਮ, ਤਾਨਾਸ਼ਾਹੀ ਅਤੇ ਬੇਇਨਸਾਫ਼ੀ ਵਿਰੁੱਧ ਡਟ ਕੇ ਖੜ੍ਹਨ ਦੀ ਪ੍ਰੇਰਨਾ ਦਿੰਦਾ ਹੈ। ਪਰ ਬਾਦਲ ਦਲ ਨੇ ਸੱਤਾ ਦੀ ਭੁੱਖ ਵਿੱਚ ਉਸ ਇਤਿਹਾਸਕ ਵਿਰਾਸਤ ਦੇ ਉਲਟ ਜਾ ਕੇ ਉਨ੍ਹਾਂ ਤਾਕਤਾਂ ਨਾਲ ਸਿਆਸੀ ਸਾਂਝ ਪਾ ਲਈ ਹੈ, ਜਿਨ੍ਹਾਂ ਦੀਆਂ ਨੀਤੀਆਂ ਦੇਸ਼ ਦੀਆਂ ਘੱਟ ਗਿਣਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਜਮਹੂਰੀ ਹੱਕਾਂ ਲਈ ਗੰਭੀਰ ਚੁਣੌਤੀ ਬਣੀਆਂ ਹੋਈਆਂ ਹਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਦਲ ਦਲ ਨੂੰ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਜਵਾਬ ਦੇਣਾ ਪਵੇਗਾ ਕਿ ਜੇਕਰ ਭਾਜਪਾ ਕਿਸਾਨਾਂ ਦੇ ਹਿੱਤਾਂ ਦੀ ਵਿਰੋਧੀ ਨਹੀਂ ਸੀ ਤਾਂ ਫਿਰ ਕਿਸਾਨ ਅੰਦੋਲਨ ਸਮੇਂ ਉਸ ਨਾਲੋਂ ਗੱਠਜੋੜ ਤੋੜਨ ਦੀ ਲੋੜ ਕਿਉਂ ਪਈ ਸੀ? ਕੀ ਉਸ ਸਮੇਂ ਅਕਾਲੀ ਦਲ ਦਾ ਭਾਜਪਾ ਵਿਰੋਧ ਸਿਧਾਂਤਾਂ ਉੱਤੇ ਆਧਾਰਿਤ ਸੀ ਜਾਂ ਸਿਰਫ਼ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਕੀਤਾ ਗਿਆ ਸਿਆਸੀ ਦਿਖਾਵਾ ਸੀ?
ਪੰਜਾਬ ਦੇ ਲੋਕ ਅਜਿਹੀ ਮੌਕਾਪ੍ਰਸਤ ਸਿਆਸਤ ਨੂੰ ਕਦੇ ਮੁਆਫ਼ ਨਹੀਂ ਕਰਨਗੇ, ਜਿਸ ਵਿੱਚ ਕਿਸਾਨਾਂ ਦੇ ਸੰਘਰਸ਼ਾਂ ਨੂੰ ਵੋਟਾਂ ਲਈ ਵਰਤਿਆ ਜਾਵੇ ਅਤੇ ਸੱਤਾ ਦੀ ਸਹੂਲਤ ਮੁਤਾਬਕ ਦੁਸ਼ਮਣ ਦੋਸਤ ਬਣਾਏ ਜਾਣ। ਅਕਾਲੀ-ਭਾਜਪਾ ਗੱਠਜੋੜ ਪੰਜਾਬ ਵਿੱਚ ਮੁੜ ਫਿਰਕੂ ਅਤੇ ਕਾਰਪੋਰੇਟ ਪੱਖੀ ਸਿਆਸਤ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ, ਜਿਸ ਨੂੰ ਪੰਜਾਬ ਦੀ ਜੁਝਾਰੂ , ਜਮਹੂਰੀ ਅਤੇ ਸੰਘਰਸ਼ਸ਼ੀਲ ਜਨਤਾ ਪੂਰੀ ਤਰ੍ਹਾਂ ਨਾਕਾਮ ਕਰੇਗੀ।

ਸੀਪੀਆਈ (ਐਮਐਲ) ਲਿਬਰੇਸ਼ਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਮੌਕਾਪ੍ਰਸਤ ਠੱਗਾਂ ਨੂੰ ਮੂੰਹ ਨਾ ਲਾ ਕੇ ਉਹ ਕਿਸਾਨਾਂ ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਦੀ ਏਕਤਾ ਮਜ਼ਬੂਤ ਕਰਨ ਅਤੇ ਪੰਜਾਬ ਦੇ ਹਿੱਤਾਂ, ਲੋਕਤੰਤਰ, ਧਰਮ ਨਿਰਪੱਖਤਾ ਅਤੇ ਜਨਤਾ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਤਾਕਤਾਂ ਦਾ ਸਾਥ ਦੇਣ ।.

Leave a Reply

Your email address will not be published. Required fields are marked *