ਤਰਕਸ਼ੀਲ ਭਵਨ ਬਰਨਾਲਾ ਵਿਖੇ ਫਾਸ਼ੀਵਾਦ ਦੇ ਵਧ ਰਹੇ ਖ਼ਤਰੇ ਵਿਰੁੱਧ  ਸੈਮੀਨਾਰ 15 ਨਵੰਬਰ ਨੂੰ  – ਲਾਭ ਸਿੰਘ ਅਕਲੀਆ

ਮਾਲਵਾ

ਬਰਨਾਲਾ, ਗੁਰਦਾਸਪੁਰ 5 ਨਵੰਬਰ (ਸਰਬਜੀਤ ਸਿੰਘ)– ਅੱਜ ਇਥੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਕਾਮਰੇਡ ਨਛੱਤਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਡਾਕਟਰ ਗੁਰਤੇਜ ਖੀਵਾ ਨੇ ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ, ਕਿ  ਸੀਪੀਆਈ (ਐੱਮ ਐੱਲ) ਰੈੱਡ ਸਟਾਰ ਵੱਲੋਂ 15 ਨਵੰਬਰ  ਨੂੰ ਤਰਕਸ਼ੀਲ ਭਵਨ   ਵਿਖੇ ਸਵੇਰੇ ਗਿਆਰਾਂ ਵਜੇ  “ਆਰਐੱਸਐੱਸ ਫਾਸ਼ੀਵਾਦ ਦਾ ਵਧ ਰਿਹਾ ਖ਼ਤਰਾ ਅਤੇ ਸਾਡੀ ਭੂਮਿਕਾ” ਵਿਸੇ ਦੇ ਅਧਾਰਿਤ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸੈਮੀਨਾਰ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 111ਵੇਂ ਸ਼ਹਾਦਤ ਦਿਵਸ਼ ਅਤੇ ਮਹਾਨ ਕ੍ਰਾਂਤੀਕਾਰੀ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ।

ਸੈਮੀਨਾਰ ਨੂੰ ਡਾ. ਐਸਕਿਊਆਰ ਇਲਿਆਸ ਪਿਤਾ ਉਮਰ ਖ਼ਾਲਿਦ ਸਾਬਕਾ ਵਿਦਿਆਰਥੀ ਆਗੂ  ਜੇਐਨਯੂ , ਪ੍ਰੋਫੈਸਰ ਜਗਮੋਹਨ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਪਾਰਟੀ ਦੇ ਪੋਲਿਟ ਬਿਉਰੋ ਮੈਂਬਰ ਕਾਮਰੇਡ ਤੁਹਿਨ ਦੇਵ  ਮੁੱਖ ਬੁਲਾਰੇ ਵਜੋਂ ਸੰਬੋਧਨ ਕਰਨਗੇ। ਲੋਕ  ਸੰਗੀਤ ਮੰਡਲੀ ਭਦੌੜ ਅਤੇ ਅਜਮੇਰ ਅਕਲੀਆ ਵੱਲੋਂ ਗੀਤ ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।ਆਗੂਆਂ ਨੇ ਇਹ ਵੀ ਕਿਹਾ ਕਿ ਅੱਜ ਪੂਰੇ ਦੇਸ਼  ਅੰਦਰ ਭਾਜਪਾ -ਆਰਐੱਸਐੱਸ ਫਾਸ਼ੀਵਾਦ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਘੱਟ ਗਿਣਤੀਆਂ ਖ਼ਾਸ ਕਰਕੇ ਮੁਸਲਮਾਨਾਂ, ਈਸਾਈਆਂ , ਦਲਿਤਾਂ, ਔਰਤਾਂ, ਗ਼ਰੀਬ ਮਿਹਨਤਕਸ਼ ਲੋਕਾਂ ਅਤੇ ਆਦਿਵਾਸੀਆਂ ਵਿੱਚ ਲਗਾਤਾਰ ਫ਼ਿਰਕੂ ਜ਼ਹਿਰ ਘੋਲੀ ਜਾ ਰਹੀ ਹੈ। ਭਗਵੇਂ ਗ੍ਰੋਹ ਵੱਲੋਂ ਅਡਾਨੀ -ਅੰਬਾਨੀ ਵਰਗੇ ਮਹਾਂ ਭ੍ਰਿਸ਼ਟ ਕਾਰਪੋਰੇਟ ਘਰਾਣਿਆਂ ਦੀ ਤਿੱਖੀ ਲੁੱਟ ਨੂੰ ਆਸਾਨ ਬਣਾਉਣ ਲਈ ਸੰਵਿਧਾਨਕ ਕਾਨੂੰਨਾਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ। ਆਗੂਆਂ ਨੇ ਸਾਰੇ ਬੁੱਧੀਜੀਵੀਆਂ, ਇਨਕਲਾਬੀ ਜਮਹੂਰੀ ਕਾਰਕੁਨਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਫਾਸ਼ੀਵਾਦ ਤੋਂ ਪੀੜਤ ਵਰਗਾਂ ਨੂੰ ਸੈਮੀਨਾਰ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ, ਤਾਂ ਕਿ ਫਾਸ਼ੀਵਾਦ ਦੇ ਵਿਰੁੱਧ ਸਾਂਝੀ ਲੜਾਈ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

Leave a Reply

Your email address will not be published. Required fields are marked *