ਡੀ.ਏ.ਪੀ. ਖਾਦ ਦੀ ਕਿੱਲਤ ਦੂਰ ਕਰੇ ਸਰਕਾਰ, ਬਦਲਾਂ ਦੇ ਨਾਂ ’ਤੇ ਕਿਸਾਨਾਂ ’ਤੇ ਵਾਧੂ ਆਰਥਿਕ ਬੋਝ ਨਾ ਪਾਇਆ ਜਾਵੇ: ਸੁਖਦੇਵ ਸਿੰਘ ਭੋਜਰਾਜ

ਗੁਰਦਾਸਪੁਰ

ਪੀ.ਐੱਸ.ਬੀ., ਜ਼ੈੱਡ.ਐੱਸ.ਬੀ. ਅਤੇ ਨੈਨੋ ਡੀ.ਏ.ਪੀ. ਨੂੰ ਡੀ.ਏ.ਪੀ. ਦਾ ਪੂਰਾ ਬਦਲ ਮੰਨਣਾ ਵਿਗਿਆਨਕ ਤੌਰ ’ਤੇ ਠੀਕ ਨਹੀਂ; ਪੰਜਾਬ ਵਿੱਚ ਲੋੜ ਦੇ ਮੁਕਾਬਲੇ ਡੀ.ਏ.ਪੀ. ਦੀ ਵੱਡੀ ਘਾਟ ਦਾ ਦਾਅਵਾ

ਗੁਰਦਾਸਪੁਰ, 23 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਦਾ ਕਿਸਾਨ ਪਹਿਲਾਂ ਹੀ ਵਧ ਰਹੀਆਂ ਖੇਤੀ ਲਾਗਤਾਂ, ਮਹਿੰਗੇ ਬੀਜਾਂ, ਖਾਦਾਂ, ਕੀਟਨਾਸ਼ਕਾਂ, ਡੀਜ਼ਲ, ਮਸ਼ੀਨਰੀ ਅਤੇ ਮਜ਼ਦੂਰੀ ਦੇ ਖ਼ਰਚਿਆਂ ਕਾਰਨ ਆਰਥਿਕ ਦਬਾਅ ਹੇਠ ਹੈ। ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਦੀ ਸਪਲਾਈ ਅਤੇ ਕੀਮਤਾਂ ਉੱਤੇ ਕਾਰਪੋਰੇਟ ਕੰਪਨੀਆਂ ਦੇ ਪ੍ਰਭਾਵ/ਦਬਾਅ ਦਿਨੋ ਦਿਨ ਵੱਧ ਰਿਹਾ ਹੈ। ਅਜਿਹੇ ਹਾਲਾਤ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਡੀ ਏ ਪੀ ਖਾਦ ਦੇ ਬਦਲ ਵਜੋਂ ਪੀ.ਐੱਸ.ਬੀ. (PSB), ਜ਼ੈੱਡ.ਐੱਸ.ਬੀ. (ZSB) ਅਤੇ ਨੈਨੋ DAP ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਨੇ ਵੱਡੇ ਪੱਧਰ ਉੱਤੇ ਪ੍ਰਚਾਰ ਆਰੰਭ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਬਦਲਾਂ ਵੱਲ ਧੱਕਣ ਦੀ ਬਜਾਏ ਡੀ ਏ ਪੀ ਦੀ ਸਪਲਾਈ ਯਕੀਨੀ ਬਣਾਈ ਜਾਵੇ।
ਉਹਨਾਂ ਕਿਹਾ ਕਿ ਪੀ.ਐੱਸ.ਬੀ. ਦਾ ਅਰਥ ਫਾਸਫੇਟ ਘੁਲਣਸ਼ੀਲ ਬੈਕਟੀਰੀਆ (Phosphate Solubilizing Bacteria) ਅਤੇ ਜ਼ੈੱਡ.ਐੱਸ.ਬੀ. ਦਾ ਅਰਥ ਜ਼ਿੰਕ ਘੁਲਣਸ਼ੀਲ ਬੈਕਟੀਰੀਆ (Zinc Solubilizing Bacteria) ਹੈ। ਇਹ ਜੈਵਿਕ ਸੂਖਮ ਜੀਵ-ਆਧਾਰਿਤ ਉਤਪਾਦ ਹਨ, ਜਿਨ੍ਹਾਂ ਦੀ ਵਰਤੋਂ ਕੁਝ ਹਾਲਾਤਾਂ ਵਿੱਚ ਮਿੱਟੀ ਵਿੱਚ ਮੌਜੂਦ ਫਾਸਫੋਰਸ ਅਤੇ ਜ਼ਿੰਕ ਦੀ ਉਪਲਬਧਤਾ ਸੁਧਾਰਨ ਵਿੱਚ ਮਦਦ ਕਰ ਸਕਦੀ ਹੈ। ਪਰ ਇਨ੍ਹਾਂ ਦੀ ਭੂਮਿਕਾ ਨੂੰ ਸਿੱਧੇ ਤੌਰ ’ਤੇ ਡੀ.ਏ.ਪੀ. ਦੇ ਬਰਾਬਰ ਮੰਨਣਾ ਵਿਗਿਆਨਕ ਤੌਰ ’ਤੇ ਠੀਕ ਨਹੀਂ ਹੋਵੇਗਾ।

ਡੀ.ਏ.ਪੀ. ਫ਼ਸਲ ਨੂੰ ਨਾਈਟ੍ਰੋਜਨ ਅਤੇ ਫਾਸਫੋਰਸ ਪ੍ਰਦਾਨ ਕਰਦੀ ਹੈ, ਜਦਕਿ ਪੀ.ਐੱਸ.ਬੀ. ਮਿੱਟੀ ਵਿੱਚ ਪਹਿਲਾਂ ਤੋਂ ਮੌਜੂਦ ਕੁਝ ਫਾਸਫੋਰਸ ਨੂੰ ਪੌਦਿਆਂ ਲਈ ਵਧੇਰੇ ਉਪਲਬਧ ਬਣਾਉਣ ਵਿੱਚ ਸਹਾਇਤਾ ਕਰ ਸਕਦਾ ਹੈ। ਜ਼ੈੱਡ.ਐੱਸ.ਬੀ. ਦਾ ਸਬੰਧ ਖੇਤ ਦੀ ਮਿੱਟੀ ਵਿੱਚ ਪਹਿਲਾਂ ਤੋਂ ਮੌਜੂਦ ਜ਼ਿੰਕ ਘੋਲ ਕੇ ਬੂਟੇ ਤੱਕ ਪਹੁੰਚਾਉਣ ਨਾਲ ਹੈ। ਇਸ ਲਈ ਇਨ੍ਹਾਂ ਉਤਪਾਦਾਂ ਦੇ ਕੰਮ ਵੱਖ-ਵੱਖ ਹਨ ਅਤੇ ਇਨ੍ਹਾਂ ਨੂੰ ਫ਼ਸਲ, ਮਿੱਟੀ ਦੀ ਸਿਹਤ, ਪੌਸ਼ਟਿਕ ਤੱਤਾਂ ਦੀ ਲੋੜ ਅਤੇ ਖੇਤਰੀ ਅਜ਼ਮਾਇਸ਼ਾਂ ਦੇ ਨਤੀਜਿਆਂ ਨੂੰ ਧਿਆਨ ਵਿੱਚ ਰੱਖੇ ਤੋਂ ਬਿਨਾਂ ਡੀ.ਏ.ਪੀ. ਦਾ ਪੂਰਾ ਬਦਲ ਮੰਨਣਾ ਠੀਕ ਨਹੀਂ।
ਕਿਸਾਨ ਆਗੂ ਭੋਜਰਾਜ ਨੇ ਕਿਹਾ ਪੀ ਐਸ ਬੀ, ਜੈਡ ਐਸ ਬੀ ਜਾਂ ਮਾਈਕੋਰਾਜਾ ਆਦਿ ਉਤਪਾਦਾਂ ਦੀ ਗੁਣਵੱਤਾ ਉੱਤੇ ਵੀ ਵੱਡੇ ਸਵਾਲ ਖੜ੍ਹੇ ਹੁੰਦੇ ਹਨ। ਇਹਨਾਂ ਉਤਪਾਦਾਂ ਦੇ 99 ਫੀਸਦੀ ਸੈਂਪਲ ਫੇਲ੍ਹ ਹੋਣ ਦੀਆਂ ਵੀ ਖਬਰਾਂ ਹਾਂ,ਜਿਵੇਂ ਪਿਛਲੇ ਸਮੇਂ ਨਕਲੀ ਖਾਦ ਦੀ ਸੂਬੇ ਵਿੱਚ ਵੱਡੇ ਪੱਧਰ ਉੱਤੇ ਵਿਕਰੀ ਹੋਈ। ਕਾਰਪੋਰੇਟ ਘਰਾਣਿਆਂ ਵੱਲੋਂ ਥੋਪਿਆ ਜਾ ਰਿਹਾ ਕੂੜ ਕਬਾੜ ਵੇਚਣ ਲਈ ਸਰਕਾਰ ਅਤੇ ਮਹਿਕਮਾ ਖੇਤੀਬਾੜੀ ਲਾਚਾਰ ਜਾਪਦੇ ਹਨ।ਕਿਸਾਨ ਆਗੂ ਨੇ ਕਿਹਾ ਕਿ ਪੀ.ਐੱਸ.ਬੀ., ਜ਼ੈੱਡ.ਐੱਸ.ਬੀ. ਅਤੇ ਮਾਈਕੋਰਾਈਜ਼ਾ ਵਰਗੇ ਉਤਪਾਦਾਂ ਦੀ ਗੁਣਵੱਤਾ ਅਤੇ ਖੇਤਾਂ ਵਿੱਚ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਨੂੰ ਲੈ ਕੇ ਵੀ ਗੰਭੀਰ ਸਵਾਲ ਹਨ। ਪਿਛਲੇ ਸਮੇਂ ਦੌਰਾਨ ਸੂਬੇ ਵਿੱਚ ਨਕਲੀ ਖਾਦਾਂ ਦੀ ਵਿਕਰੀ ਸਬੰਧੀ ਸਾਹਮਣੇ ਆਏ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੂੰ ਅਜਿਹੇ ਉਤਪਾਦਾਂ ਦੀ ਗੁਣਵੱਤਾ ਦੀ ਸਖ਼ਤ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਰਪੋਰੇਟ ਕੰਪਨੀਆਂ ਦੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਕਿਸਾਨਾਂ ਦੇ ਹਿੱਤਾਂ ਅਤੇ ਖੇਤੀ ਦੀਆਂ ਅਸਲ ਲੋੜਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *