ਵਿੱਤ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਵੱਲੋਂ ਐਨ ਐਚ ਐਮ ਮੁਲਾਜ਼ਮਾਂ ਨਾਲ ਮੀਟਿੰਗਾਂ ਮੁਲਤਵੀ ਕਰਨ ਤੇ ਸਮੂਹ ਮੁਲਾਜ਼ਮਾਂ ਵਿੱਚ ਭਾਰੀ ਰੋਸ।

ਗੁਰਦਾਸਪੁਰ

09 ਤਰੀਕ ਨੂੰ ਧੂਰੀ ਵਿੱਚ ਕੀਤੀ ਜਾਵੇਗੀ ਵੱਡੀ ਰੋਸ ਰੈਲੀ -ਐਨਐਚਐਮ ਸੂਬਾ ਆਗੂ ਡਾ ਸੁਨੀਲ ਤਰਗੋਤਰਾ


ਜੇਕਰ ਤਨਖਾਹ ਨਹੀਂ ਤਾਂ ਕੰਮ ਨਹੀਂ :- ਮੁਲਾਜ਼ਮਾਂ ਦੀ ਦੋ ਟੁੱਕ

ਗੁਰਦਾਸਪੁਰ, 6 ਸਤੰਬਰ (ਸਰਬਜੀਤ ਸਿੰਘ)– ਪੰਜਾਬ ਵਿੱਚ ਲੰਬੇ ਸਮੇਂ ਤੋਂ ਠੇਕੇ ਦੇ ਅਧਾਰ ਤੇ ਕੰਮ ਕਰਦੇ ਸਮੂਹ ਐਨ ਐਚ ਐਮ ਮੁਲਾਜ਼ਮਾਂ ਦੀਆਂ ਲਟਕਦੀਆਂ ਜਾਇਜ਼ ਹੱਕੀ ਮੰਗਾਂ ਸਬੰਧੀ ਹੋਣ ਵਾਲੀਆਂ ਮੀਟਿੰਗਾਂ ਸਰਕਾਰ ਦੇ ਸਿਹਤ ਮੰਤਰੀ ਅਤੇ ਵਿੱਤ ਮੰਤਰੀ ਵੱਲੋਂ ਲਗਾਤਾਰ ਮੁਲਤਵੀ ਕੀਤੀਆ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਸਮੂਹ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਐੱਨਐੱਚਐੱਮ ਆਗੂ ਡਾ ਸੁਨੀਲ ਤਰਗੋਤਰਾ ਨੇ ਦੱਸਿਆ ਕਿ ਪਿਛਲੇ ਦਿਨੀ ਵਿੱਤ ਮੰਤਰੀ ਪੰਜਾਬ ਨਾਲ ਹੋਣ ਵਾਲੀ ਮੀਟਿੰਗ 3 ਵਾਰ ਮੁਲਤਵੀ ਕੀਤੀ ਜਾ ਚੁੱਕੀ ਹੈ। ਅਤੇ ਸਿਹਤ ਮੰਤਰੀ ਪੰਜਾਬ ਵੱਲੋਂ ਕੱਲ ਮਿਤੀ 5 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ ਅਤੇ ਸਿਰਫ ਟਾਈਮ ਟਪਾਉਣ ਦੀ ਨੀਤੀ ਅਪਣਾ ਰਹੀ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਨਾਲ ਸਾਂਝੇ ਤੌਰ ਤੇ ਹੋਈ ਯੂਨੀਅਨ ਦੀ ਮੀਟਿੰਗ ਦੌਰਾਨ ਉੱਚ ਪੱਧਰੀ ਐਨ ਐਚ ਐਮ ਮੁਲਾਜ਼ਮ ਭਲਾਈ ਕਮੇਟੀ ਬਣਾਈ ਜਾਣੀ ਸੀ ਜਿਸ ਨੇ 15 ਦਿਨਾਂ ਦੇ ਵਿੱਚ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਾਰਥਕ ਅਤੇ ਪੱਕਾ ਹੱਲ ਕਰਨਾ ਸੀ ਪਰ ਬੜੇ ਅਫਸੋਸ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਸਰਕਾਰ ਨੇ ਇਸਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ 20 ਦਿਨ ਤੋਂ ਜਿਆਦਾ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮੀਟਿੰਗ ਦੀ ਗੱਲ ਤਾਂ ਦੂਰ ਕਮੇਟੀ ਗਠਿਤ ਤੱਕ ਨਹੀਂ ਕੀਤੀ। ਇਸ ਨਾਲ ਸਮੁੱਚੇ ਐਨ ਐਚ ਐਮ ਮੁਲਾਜ਼ਮਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਸਮੂਹ ਐਨ ਐਚ ਐਮ ਮੁਲਾਜ਼ਮ ਆਉਣ ਵਾਲੀ 9 ਅਕਟੂਬਰ ਨੂੰ ਧੂਰੀ ਵਿਖੇ ਵਿਸ਼ਾਲ ਰੋਸ ਰੈਲੀ ਕਰਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਧੂਰੀ ਦੇ ਬਾਜ਼ਾਰਾਂ ਵਿੱਚ ਸਰਕਾਰ ਦੀ ਲਾਰਿਆਂ ਦੀ ਪੋਲ ਖੋਲਦੇ ਲੋਕਾਂ ਨੂੰ ਪਰਚੇ ਵੰਡੇ ਜਾਣਗੇ। ਉਹਨਾਂ ਚੇਤਾਇਆ ਕਿ ਜੇਕਰ ਸਰਕਾਰ ਮੁਲਾਜ਼ਮਾਂ ਦਾ ਕੋਈ ਪੱਕਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸਿਹਤ ਮੰਤਰੀ, ਵਿੱਤ ਮੰਤਰੀ ਪੰਜਾਬ ਦੇ ਘਰ ਦੇ ਬਾਹਰ ਪੱਕਾ ਧਰਨਾ ਦਿੱਤਾ ਜਾਵੇਗਾ ਅਤੇ ਹਰ ਤਰ੍ਹਾਂ ਦਾ ਕੰਮ, ਰਿਪੋਰਟਿੰਗ, ਓਪੀਡੀ,ਹਰ ਤਰੀਕੇ ਦਿਆਂ ਆਨਲਾਈਨ ਆਫਲਾਈਨ ਸੇਵਾਵਾਂ ਸੰਪੂਰਨ ਤੌਰ ਤੇ ਠੱਪ ਕਰ ਦਿੱਤੀਆਂ ਜਾਣਗੀਆਂ।
ਯੂਨੀਅਨ ਆਗੂ ਡਾ ਰਵਿੰਦਰ ਸਿੰਘ ਕਾਹਲੋਂ ਵਲੋਂ ਦੱਸਿਆ ਗਿਆ ਕਿ ਇਸ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਵਾਰ ਵਾਰ ਮੀਟਿੰਗਾਂ ਦੇ ਵਿੱਚ ਸਿਰਫ ਵਾਅਦੇ ਕੀਤੇ ਜਾ ਰਹੇ ਹਨ ਜਦ ਕਿ ਅਸਲ ਵਿੱਚ ਇਹ ਸਰਕਾਰ ਸਿਰਫ ਲਾਰੇਬਾਜੀਅਤੇ ਬਹਾਨਿਆਂ ਨਾਲ ਟਾਈਮ ਟਪਾ ਰਹੀ ਹੈ , ਪਰੰਤੂ ਸਰਕਾਰ ਨੂੰ ਚੇਤਾ ਦਿੱਤਾ ਜਾਂਦਾ ਹੈ ਕਿ ਜੇਕਰ ਸਰਕਾਰ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦੇਏਗੀ ਤਾਂ ਸੰਪੂਰਨ ਤੌਰ ਤੇ ਕੰਮ ਦਾ ਬੰਦ ਕਰ ਦਿੱਤਾ ਜਾਵੇਗਾ।
ਮੁਲਾਜ਼ਮਾ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਫੌਰੀ ਤੌਰ ਤੇ ਉਹਨਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਰਵਈਆ ਨਹੀਂ ਦਿਖਾਉਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।

Leave a Reply

Your email address will not be published. Required fields are marked *