ਅਣਪੱਕੇ ਗੰਨੇ ਅਤੇ ਪਾਬੰਦੀਸ਼ੁਦਾ ਰਸਾਇਣਾਂ ਦੀ ਵਰਤੋਂ ਤੋਂ ਬਚਣ ਦੀ ਹਦਾਇਤ।
ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)— ਜ਼ਿਲ੍ਹਾ ਗੁਰਦਾਸਪੁਰ ਵਿੱਚ ਧਾਰੀਵਾਲ ਬਾਈਪਾਸ ’ਤੇ ਪ੍ਰਵਾਸੀ ਕਾਮਿਆਂ ਵੱਲੋਂ ਲਗਾਈਆਂ ਗੁੜ ਦੀਆਂ ਘੁਲਾੜੀਆਂ ਵਿੱਚ ਤਿਆਰ ਕੀਤੇ ਜਾ ਰਹੇ ਗੁੜ ਅਤੇ ਵਰਤੇ ਜਾ ਰਹੇ ਗੰਨੇ ਦੀ ਗੁਣਵੱਤਾ ਦੀ ਜਾਂਚ ਲਈ ਦਫ਼ਤਰ ਗੰਨਾ ਕਮਿਸ਼ਨਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਸਿਹਤ ਵਿਭਾਗ ਅਤੇ ਗੰਨਾ ਕਾਸ਼ਤਕਾਰਾਂ ਦੀ ਸਾਂਝੀ ਟੀਮ ਵੱਲੋਂ ਅਚਨਚੇਤ ਜਾਂਚ ਕੀਤੀ ਗਈ। ਇਸ ਦੌਰਾਨ ਤਿਆਰ ਕੀਤੇ ਜਾ ਰਹੇ ਗੁੜ ਦੇ ਦੋ ਨਮੂਨੇ ਲੈ ਕੇ ਪਰਖ ਲਈ ਪ੍ਰਯੋਗਸ਼ਾਲਾ ਭੇਜੇ ਗਏ। ਇਸ ਤੋਂ ਇਲਾਵਾ 20–25 ਕਿਲੋਗ੍ਰਾਮ ਖ਼ਰਾਬ ਹੋਇਆ ਗੁੜ ਵੀ ਨਸ਼ਟ ਕੀਤਾ ਗਿਆ।
ਇਸ ਸਾਂਝੀ ਟੀਮ ਵਿੱਚ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ, ਸਹਾਇਕ ਫੂਡ ਕਮਿਸ਼ਨਰ ਡਾ. ਜੀ. ਐੱਸ. ਪੰਨੂ, ਸਹਾਇਕ ਗੰਨਾ ਵਿਕਾਸ ਅਧਿਕਾਰੀ ਡਾ. ਮਿੱਤਰ ਮਾਨ ਸਿੰਘ, ਫੂਡ ਸੇਫਟੀ ਅਫ਼ਸਰ ਸ਼ਰਮਾ, ਖ਼ੇਤੀਬਾੜੀ ਵਿਸਥਾਰ ਅਫ਼ਸਰ ਹਰਮਨਪ੍ਰੀਤ ਸਿੰਘ ਅਤੇ ਗੰਨਾ ਕਾਸ਼ਤਕਾਰ ਪਲਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਮੁਖ ਸਿੰਘ ਸ਼ਾਮਲ ਸਨ।
ਮਿਆਰੀ ਗੁੜ ਤਿਆਰ ਕਰਨ ਲਈ ਗੰਨੇ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਅਗੇਤੀ ਜਾਂ ਅਣਪੱਕੇ ਗੰਨੇ ਨੂੰ ਗੁੜ ਬਣਾਉਣ ਲਈ ਸਮੇਂ ਤੋਂ ਪਹਿਲਾਂ ਪੀੜਨ ਨਾਲ ਗੰਨੇ ਵਿੱਚ ਬਣਨ ਵਾਲੀ ਸ਼ੱਕਰ ਦੀ ਪੂਰੀ ਮਾਤਰਾ ਪ੍ਰਾਪਤ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕੁਝ ਪ੍ਰਵਾਸੀ ਕਾਮਿਆਂ ਵੱਲੋਂ ਗੁੜ ਤਿਆਰ ਕੀਤਾ ਜਾ ਰਿਹਾ ਹੈ, ਜਿਸ ਲਈ ਅਣਪੱਕਾ ਗੰਨਾ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗੁਣਵੱਤਾ ਭਰਪੂਰ ਗੁੜ ਬਣਾਉਣ ਲਈ ਵਰਤਿਆ ਜਾਣ ਵਾਲਾ ਗੰਨਾ ਪੂਰੀ ਤਰ੍ਹਾਂ ਪੱਕਿਆ ਹੋਣਾ ਜ਼ਰੂਰੀ ਹੈ ਅਤੇ ਗੰਨੇ ਦੇ ਰਸ ਵਿੱਚ ਕੁੱਲ ਘੁਲਣਸ਼ੀਲ ਠੋਸ ਪਦਾਰਥਾਂ (TSS) ਦੀ ਮਾਤਰਾ 20–22 ਫ਼ੀਸਦੀ ਦੇ ਕਰੀਬ ਹੋਣੀ ਚਾਹੀਦੀ ਹੈ। ਜਦਕਿ ਰੀਫਰੈਕਟੋਮੀਟਰ ਨਾਲ ਜਾਂਚ ਕਰਨ ’ਤੇ ਇਸ ਸਮੇਂ ਗੰਨੇ ਦੇ ਰਸ ਵਿੱਚ ਕੁੱਲ ਘੁਲਣਸ਼ੀਲ ਠੋਸ ਪਦਾਰਥਾਂ ਦੀ ਮਾਤਰਾ 10–12 ਫ਼ੀਸਦੀ ਹੀ ਪਾਈ ਜਾ ਰਹੀ ਹੈ। ਇਸ ਕਾਰਨ ਅਣਪੱਕੇ ਗੰਨੇ ਦੇ ਰਸ ਤੋਂ ਉੱਚ ਗੁਣਵੱਤਾ ਵਾਲਾ ਗੁੜ ਤਿਆਰ ਕਰਨਾ ਸੰਭਵ ਨਹੀਂ ਹੁੰਦਾ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਗੁੜ ਵਿੱਚ ਮਿਠਾਸ ਵਧਾਉਣ ਲਈ ਖ਼ਰਾਬ ਅਤੇ ਸਸਤੀ ਖੰਡ ਦੀ ਵਰਤੋਂ ਕੀਤੀ ਜਾ ਰਹੀ ਸੀ, ਜੋ ਖਪਤਕਾਰਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਖੰਡ ਵਿੱਚ ਸੁਕਰੋਜ਼ ਦੀ ਮਾਤਰਾ ਲਗਭਗ 99.5 ਫ਼ੀਸਦੀ ਹੁੰਦੀ ਹੈ, ਜਦਕਿ ਗੁੜ ਵਿੱਚ ਸੁਕਰੋਜ਼ ਤੋਂ ਇਲਾਵਾ ਪ੍ਰੋਟੀਨ, ਆਇਰਨ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਖਣਿਜ ਪਦਾਰਥ ਵੀ ਹੁੰਦੇ ਹਨ, ਜੋ ਮਨੁੱਖੀ ਸਿਹਤ ਲਈ ਲਾਭਦਾਇਕ ਮੰਨੇ ਜਾਂਦੇ ਹਨ।
ਡਾ. ਅਮਰੀਕ ਸਿੰਘ ਨੇ ਕਿਹਾ ਕਿ ਪ੍ਰਤੀ ਕੁਇੰਟਲ ਅਣਪੱਕੇ ਗੰਨੇ ਤੋਂ ਗੁੜ ਦੀ ਰਿਕਵਰੀ ਘਟ ਜਾਂਦੀ ਹੈ, ਬਾਲਣ ਦੀ ਖਪਤ ਵੱਧ ਜਾਂਦੀ ਹੈ ਅਤੇ ਗੁੜ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਚੰਗੀ ਸਿਹਤ ਲਈ ਮਿਆਰੀ ਗੁੜ ਕਿਸੇ ਭਰੋਸੇਮੰਦ ਸਰੋਤ ਤੋਂ ਹੀ ਖਰੀਦਿਆ ਜਾਵੇ।
ਗੁੜ ਦੀ ਗੁਣਵੱਤਾ ਸਬੰਧੀ ਗੱਲਬਾਤ ਕਰਦਿਆਂ ਸਹਾਇਕ ਫੂਡ ਕਮਿਸ਼ਨਰ ਡਾ. ਜੀ. ਐੱਸ. ਪੰਨੂ ਨੇ ਦੱਸਿਆ ਕਿ ਆਮ ਤੌਰ ’ਤੇ ਕੁਝ ਥਾਵਾਂ ’ਤੇ ਤਿਆਰ ਕੀਤੇ ਜਾ ਰਹੇ ਗੁੜ ਨੂੰ ਸਾਫ਼ ਕਰਨ ਲਈ ਪਾਬੰਦੀਸ਼ੁਦਾ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਗੁੜ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੇ ਨਾਲ-ਨਾਲ ਇਹ ਖਪਤਕਾਰਾਂ ਦੀ ਸਿਹਤ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ।

