ਆਰ ਐੱਮ ਪੀ ਆਈ ਆਗੂ ਗੁਰਨਾਮ ਸਿੰਘ ਦਾਊਦ ਦਾ ਸੜਕ ਹਾਦਸੇ ‘ਚ ਦਿਹਾਂਤ

ਮਾਲਵਾ

ਬਰਨਾਲਾ,ਗੁਰਦਾਸਪੁਰ 1 ਸਤੰਬਰ (ਸਰਬਜੀਤ ਸਿੰਘ)– ਪੰਜਾਬ ਦੀ ਮਜ਼ਦੂਰ ਲਹਿਰ ਦੇ ਉੱਘੇ ਆਗੂ ਅਤੇ ਆਰ ਐਮ ਪੀ ਆਈ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਸੜਕ ਦੁਰਘਟਨਾ ਵਿੱਚ ਹੋਈ ਮੌਤ ਦੀ ਖ਼ਬਰ ਸੁਣਕੇ ਹਰ ਕਮਿਊਨਿਸਟ ਇਨਕਲਾਬੀ ਨੂੰ ਬਹੁਤ ਦੁੱਖ ਹੋਇਆ ਹੈ। ਉਹਨਾਂ ਦੇ ਵਿਛੋੜੇ ਨਾਲ ਪੰਜਾਬ ਦੀ ਖੱਬੇ ਪੱਖੀ ਲਹਿਰ, ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਲਹਿਰਾਂ ਨੂੰ ਨਾਂ ਪੂਰਿਆ ਜਾ ਸਕਣ ਵਾਲਾ ਘਾਟਾ ਪੈ ਗਿਆ ਹੈ। ਸੀਪੀਆਈ ਐੱਮ (ਐੱਲ ਰੈੱਡ) ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ, ਸੂਬਾ ਕਮੇਟੀ ਮੈਂਬਰ ਡਾ ਗੁਰਤੇਜ ਸਿੰਘ ਖੀਵਾ ਕਲਾਂ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਸਾਥੀ ਦਾਊਦ ਦੀ ਬੇਵਕਤੀ ਵਿਛੋੜੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦੀ ਪਾਰਟੀ ਵਿਛੜ ਚੁੱਕੇ ਸਾਥੀ ਦਾਊਦ ਦੇ ਪ੍ਰੀਵਾਰ ਨਾਲ ਅਤੇ ਉਹਨਾਂ ਦੀਆਂ ਇਨਕਲਾਬੀ ਸਫ਼ਾ ਦੇ ਸਾਥੀਆਂ ਦੇ ਹਰ ਦੁੱਖ ਵਿੱਚ ਸ਼ਰੀਕ ਹੁੰਦੀ ਹੈ ਅਤੇ ਵਿਛੜ ਚੁੱਕੇ ਸਾਥੀ ਨੂੰ ਲਾਲ ਸਲਾਮ ਪੇਸ਼ ਕਰਦੀ ਹੈ। ਆਗੂਆਂ ਨੇ ਕਿਹਾ ਕਿ ਸਾਥੀ ਗੁਰਨਾਮ ਸਿੰਘ ਦਾਊਦ ਲੰਬੇ ਸਮੇਂ ਤੋਂ ਮਿਹਨਤਕਸ਼ ਜਨਤਾ ਦੇ ਇਨਕਲਾਬੀ ਸੰਘਰਸ਼ਾਂ ਦਾ ਅਟੁੱਟ ਹਿੱਸਾ ਬਣੇ ਰਹੇ ਹਨ। ਖ਼ਾਸ ਕਰਕੇ ਮਜ਼ਦੂਰ ਜਮਾਤ ਦੀਆਂ ਸਮੱਸਿਆਂਵਾਂ ਨੂੰ ਲੈਕੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਅੱਜ ਉਹਨਾਂ ਦੇ ਚਲੇ ਜਾਣ ਨਾਲ ਜਮਹੂਰੀ ਲਹਿਰ ਨੇ ਆਪਣਾ ਇੱਕ ਵੱਡਾ ਆਗੂ ਗੁਆ ਲਿਆ ਹੈ।

Leave a Reply

Your email address will not be published. Required fields are marked *