ਓਸੇ ਦਿਨ ਫਸਲ ਵਿਕਣ ਦੇ ਨਾਲ 24 ਘੰਟੇ ਵਿੱਚ ਹੋ ਰਹੀ ਹੈ ਫਸਲ ਦੀ ਅਦਾਇਗੀ
ਗੁਰਦਾਸਪੁਰ, 27 ਅਕਤੂਬਰ (ਸਰਬਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਝੋਨੇ ਦੀ ਕੀਤੀ ਜਾ ਰਹੀ ਖਰੀਦ ਤੋਂ ਕਿਸਾਨ ਪੂਰੀ ਤਰ੍ਹਾਂ ਖੁਸ਼ ਹਨ। ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਪੁਰੇ ਭਾਅ ’ਤੇ ਓਸੇ ਦਿਨ ਖਰੀਦੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ 24 ਘੰਟੇ ਦੇ ਅੰਦਰ-ਅੰਦਰ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਰਪੁਰਾ ਦੇ ਕਿਸਾਨ ਸੁਖਦੇਵ ਸਿੰਘ ਨੇ ਝੋਨੇ ਦੀ ਫਸਲ ਦੀ ਖਰੀਦ ਬਾਰੇ ਆਪਣਾ ਤਜ਼ਰਬਾ ਦੱਸਦਿਆਂ ਕਿਹਾ ਕਿ ਉਹ ਵਡਾਲਾ ਗ੍ਰੰਥੀਆਂ ਮੰਡੀ ਵਿੱਚ 21 ਅਕਤੂਬਰ ਨੂੰ ਆਪਣੀ ਫਸਲ ਲੈ ਕੇ ਗਿਆ ਸੀ ਅਤੇ ਓਸੇ ਦਿਨ ਹੀ ਸਰਕਾਰ ਵੱਲੋਂ ਉਸਦੀ ਫਸਲ ਨੂੰ ਖਰੀਦ ਲਿਆ ਗਿਆ। ਉਸਨੇ ਦੱਸਿਆ ਕਿ ਫਸਲ ਖਰੀਦਣ ਦੇ 24 ਘੰਟੇ ਅੰਦਰ ਫਸਲ ਦੀ ਅਦਾਇਗੀ ਦੇ ਪੈਸੇ ਉਸਦੇ ਬੈਂਕ ਖਾਤੇ ਵਿੱਚ ਆ ਗਏ ਸਨ।
ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਝੋਨਾ ਵੇਚਣ ਵਿੱਚ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ-ਕਈ ਦਿਨ ਆਪਣੀ ਫਸਲ ਵੇਚਣ ਲਈ ਮੰਡੀਆਂ ਵਿੱਚ ਬੈਠਣਾ ਪੈਂਦਾ ਸੀ। ਉਸਨੇ ਕਿਹਾ ਕਿ ਇਸ ਵਾਰ ਮੰਡੀਆਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਅਤੇ ਕਿਸਾਨਾਂ ਦੀ ਬਿਨ੍ਹਾਂ ਕਿਸੇ ਖੱਜਲ-ਖੁਆਰੀ ਦੇ ਪੂਰੇ ਤੋਲ ਤੇ ਭਾਅ ’ਤੇ ਝੋਨੇ ਦੀ ਫਸਲ ਖਰੀਦੀ ਜਾ ਰਹੀ ਹੈ। ਕਿਸਾਨ ਸੁਖਦੇਵ ਸਿੰਘ ਨੇ ਕਿਹਾ ਕਿ ਇਸ ਵਾਰ ਉਸਨੇ ਦੀਵਾਲੀ ਆਪਣੇ ਪਰਿਵਾਰ ਨਾਲ ਮਨਾਈ ਹੈ। ਸੁਖਦੇਵ ਸਿੰਘ ਵਾਂਗ ਹੋਰ ਕਿਸਾਨਾਂ ਨੇ ਵੀ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਵਧੀਆ ਪ੍ਰਬੰਧਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।