ਸਿੱਖਿਆ ਵਿਭਾਗ ਵੱਲੋਂ ਪਹਿਲਾ ਡਿਜੀਟਲ ਨਵੀਨਤਾ ਮੇਲਾ-2026 ਕਰਵਾਇਆ ਗਿਆ

ਗੁਰਦਾਸਪੁਰ

26 ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮਾਡਲ ਪ੍ਰਦਰਸ਼ਿਤ ਕਰਕੇ ਦਿਖਾਈ ਤਕਨੀਕੀ ਪ੍ਰਤਿਭਾ

ਗੁਰਦਾਸਪੁਰ 19 ਨਵੰਬਰ (ਸਰਬਜੀਤ ਸਿੰਘ)– ਸਿੱਖਿਆ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਅਨਿਲ ਸ਼ਰਮਾ ਦੇ ਸਹਿਯੋਗ ਨਾਲ ਸਿੱਖਿਆ ਦੇ ਖੇਤਰ ਵਿੱਚ ਤਕਨਾਲੋਜੀ ਅਤੇ ਨਵੀਆਂ ਕਾਢਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਿਸ਼ਨ ਰਫ਼ਤਾਰ ਅਧੀਨ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹਿਲੀ ਵਾਰ ਡਿਜੀਟਲ ਨਵੀਨਤਾ ਮੇਲਾ-2026 ਦਾ ਆਯੋਜਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕੀਤਾ ਗਿਆ। ਇਸ ਮੇਲੇ ਵਿੱਚ ਜ਼ਿਲ੍ਹੇ ਦੇ 29 ਸਕੂਲਾਂ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਤਕਨੀਕੀ ਮਾਡਲਾਂ, ਨਵੇਂ ਵਿਚਾਰਾਂ ਅਤੇ ਰਚਨਾਤਮਕ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ।

ਇਸ ਮੇਲੇ ਦੌਰਾਨ ਵਿਦਿਆਰਥੀਆਂ ਨੇ ਰੋਬੋਟਿਕਸ, ਬਣਾਵਟੀ ਬੁੱਧੀਮਤਾ, ਕੰਪਿਊਟਰ ਪ੍ਰੋਗਰਾਮਿੰਗ, ਕਲਾਊਡ ਤਕਨਾਲੋਜੀ, ਵਸਤੂਆਂ ਦਾ ਇੰਟਰਨੈੱਟ, ਨਵੀਨਤਾ ਅਤੇ ਸਮੱਸਿਆਵਾਂ ਦੇ ਹੱਲ, ਅਤੇ ਹਰਿਤ ਤਕਨਾਲੋਜੀ ਵਰਗੇ ਵਿਸ਼ਿਆਂ ਉੱਤੇ ਆਧਾਰਿਤ ਮਾਡਲ ਪੇਸ਼ ਕੀਤੇ। ਇਸ ਮੌਕੇ ਜਿਲ੍ਹਾ ਕੋਆਰਡੀਨੇਟਰ ਵੋਕੇਸ਼ਨਲ ਸ਼੍ਰੀ ਪਰਦੀਪ ਕੁਮਾਰ ਅਰੋੜਾ ਅਤੇ ਸ਼੍ਰੀ ਸੰਦੀਪ ਸਿੰਘ ਡੀਐਨਓ ਮਿਸ਼ਨ ਰਫਤਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਦੇ ਬਣਾਵਟੀ ਬੁੱਧੀਮਤਾ ਸਬੰਧੀ ਕੋਰਸ ਦੀ ਸ਼ੁਰੂਆਤ ਵੀ ਕੀਤੀ ਗਈ, ਜੋ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਤਕਨੀਕੀ ਲੋੜਾਂ ਅਨੁਸਾਰ ਤਿਆਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।ਇਸ ਲੜੀ ਵਿਚ ਹੀ ਇਹ ਮੇਲਾ ਕਰਵਾਇਆ ਜਾ ਰਿਹਾ ਹੈ।

ਇਸ ਦੌਰਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਅਨਿਲ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਵਧੀਆ ਮੌਕਾ ਮਿਲਦਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਸਮੱਸਿਆਵਾਂ ਦੇ ਹੱਲ ਲੱਭਣ ਦੀ ਸਮਰੱਥਾ ਅਤੇ ਨਵੀਂ ਤਕਨਾਲੋਜੀ ਪ੍ਰਤੀ ਰੁਚੀ ਪੈਦਾ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਵੱਖ-ਵੱਖ ਮੁਕਾਬਲਿਆਂ ਵਿੱਚ ਵੀ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜ੍ਹਕੇ ਫਤਿਹਗੜ੍ਹ ਚੂੜੀਆਂ ਵੱਲੋਂ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰੋਵਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲੇਰ ਕਲਾਂ ਵੱਲੋਂ ਦੂਸਰਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਦੇ ਵਿਦਿਆਰਥੀਆਂ ਵੱਲੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ। ਇਸ ਮੌਕੇ ਸ. ਸੰਦੀਪ ਸਿੰਘ ਡੀ.ਐਨ.ਓ. ਮਿਸ਼ਨ ਰਫ਼ਤਾਰ ਨੇ ਕਿਹਾ ਕਿ ਇਹ ਡਿਜੀਟਲ ਨਵੀਨਤਾ ਮੇਲਾ ਵਿਦਿਆਰਥੀਆਂ ਲਈ ਆਪਣੀ ਪ੍ਰਤਿਭਾ ਦਿਖਾਉਣ, ਨਵੇਂ ਵਿਚਾਰ ਸਾਂਝੇ ਕਰਨ ਅਤੇ ਤਕਨੀਕੀ ਸਿੱਖਿਆ ਵੱਲ ਅੱਗੇ ਵਧਣ ਲਈ ਇੱਕ ਯਾਦਗਾਰ ਮੰਚ ਸਾਬਤ ਹੋਇਆ। ਇਸ ਮੌਕੇ ਜੱਜਾਂ ਦੀ ਭੂਮਿਕਾ ਸ੍ਰੀ ਰਮਨੀਸ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਘੋੜੇਵਾਹ , ਸ਼੍ਰੀ ਹਰਪ੍ਰੀਤ ਸਿੰਘ ਵੋਕੇਸ਼ਨਲ ਲੈਕਚਰਾਰ ਐਸਓਈ ਬਟਾਲਾ ਸ਼੍ਰੀਮਤੀ ਸੁਮਿਤ ਠੀਕ ਪੱਡਾ ਲੈਕਚਰਾਰ ਫਿਜਿਕਸ ਐਸਓਈ ਗੁਰਦਾਸਪੁਰ , ਸਤਿੰਦਰ ਸਿੰਘ ਕੰਪਿਊਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਜਾਗੋਵਾਲ ਬੇਟ , ਸ਼ਿਖਾ ਵੋਕੇਸ਼ਨਲ ਲੈਕਚਰਾਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਛੀਨਾ ਬੇਟ , ਨਰਿੰਦਰ ਪਾਲ ਕੰਪਿਊਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੈਣੇਕੋਟ ਨੇ ਕੀਤੀ।ਇਸ ਦੌਰਾਨ ਜਿਲ੍ਹਾ ਆਈ.ਸੀ.ਟੀ. ਕੋਆਰਡੀਨੇਟਰ ਸ੍ਰੀ ਪ੍ਰਦੀਪ ਅਰੋੜਾ ,ਐਕਸੀਆਨ ਇਨਫੋਰਸਮੈਂਟ ਜਸਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤਿੱਬੜ ਤੋਂ ਕਮਲਦੀਪ, ਸਸਸਸ ਲੜਕੀਆਂ ਗੁਰਦਾਸਪੁਰ ਤੋਂ ਅਨਿਲ ਭਨੋਟ, ਪ੍ਰਿਸੀਪਲ ਖਾਲਸਾ ਸਕੂਲ ਹਰਜਿੰਦਰ ਸਿੰਘ, ਸੁਪਰਡੈਂਟ ਗੁਰਦਾਸਪੁਰ ਪ੍ਰਬੋਧ ਕੁਮਾਰ, ਸ਼੍ਰੀ ਅਸ਼ੋਕ ਕੁਮਾਰ ਡੀ.ਆਰ.ਸੀ. , ਮਨਪ੍ਰੀਤ ਪਾਲ ਅਤੇ ਸ੍ਰੀ ਸੁਨੀਤ ਯਾਦਵ , ਸਸਸਸ ਭੁੰਬਲੀ ਤੋਂ ਮੈਥ ਮਾਸਟਰ ਸ਼੍ਰੀ ਅਸ਼ੋਕ ਕੁਮਾਰ, ਸਹਸ ਰੱਤਾ ਅਬਦਾਲ ਤੋਂ ਸ਼੍ਰੀ ਜਰਮਨਜੀਤ ਸਿੰਘ, ਸਹਸ ਤੇਜਾ ਕਲਾਂ ਪੰਜਾਬੀ ਮਾਸਟਰ ਤੋਂ ਜਤਿੰਦਰ ਸਿੰਘ, ਸਸਸਸ ਜ਼ੋੜਾ ਛੱਤਰਾ ਕੰਪਿਊਟਰ ਅਧਿਆਪਕ ਸ਼੍ਰੀ ਰੱਮਾ ਰਾਣੀ, ਸ ਸ ਸ ਸ ਸ਼ੰਕਰਪੁਰਾ ਕੰਪਿਊਟਰ ਅਧਿਆਪਕ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *