ਪੀ.ਏ.ਯੂ. ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਦੋ ਹਫ਼ਤਿਆਂ ਦੀ ਇੰਟਰਨਸ਼ਿਪ ਸਿਖਲਾਈ ਸਫਲਤਾਪੂਰਵਕ ਸਮਾਪਤ- ਡਾ.ਹਰਪਾਲ ਸਿੰਘ ਰੰਧਾਵਾ

ਗੁਰਦਾਸਪੁਰ

ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ, ਗੁਰਦਾਸਪੁਰ ਅਤੇ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ, ਘੁਮਾਣ ਦੇ ਖੇਤੀਬਾੜੀ ਵਿਦਿਆਰਥੀਆਂ ਲਈ ਕਰਵਾਇਆ ਗਿਆ ਦੋ ਹਫ਼ਤਿਆਂ ਦਾ ਇੰਟਰਨਸ਼ਿਪ ਸਿਖਲਾਈ ਪ੍ਰੋਗਰਾਮ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਸਿਖਲਾਈ ਕੈਂਪ ਵਿੱਚ ਕੁੱਲ 85 ਵਿਦਿਆਰਥੀਆਂ ਨੇ ਹਿੱਸਾ ਲਿਆ।

ਸਿਖਲਾਈ ਦੌਰਾਨ ਖੇਤੀ ਵਿਗਿਆਨੀਆਂ ਵੱਲੋਂ ਵਿਦਿਆਰਥੀਆਂ ਨੂੰ ਫ਼ਸਲਾਂ ਦੀ ਉੱਨਤ ਕਾਸ਼ਤ, ਕੀਟ ਅਤੇ ਬਿਮਾਰੀ ਪ੍ਰਬੰਧਨ, ਮਿੱਟੀ ਪਰਖ, ਸਬਜ਼ੀਆਂ ਦੀ ਸੁਰੱਖਿਅਤ ਕਾਸ਼ਤ ਅਤੇ ਖੇਤਰੀ ਖੋਜ ਕੇਂਦਰ ਵਿਖੇ ਚੱਲ ਰਹੇ ਵੱਖ-ਵੱਖ ਪ੍ਰਯੋਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਖੋਜ ਖੇਤਾਂ (ਫਾਰਮਾਂ) ਅਤੇ ਪ੍ਰਯੋਗਸ਼ਾਲਾਵਾਂ ਦਾ ਵਿਸ਼ੇਸ਼ ਦੌਰਾ ਵੀ ਕਰਵਾਇਆ ਗਿਆ।

ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰ ਦੇ ਇੰਚਾਰਜ ਡਾ. ਹਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਵਿਦਿਆਰਥੀਆਂ ਨੂੰ ਕਲਾਸਰੂਮ ਦੇ ਗਿਆਨ ਨੂੰ ਖੇਤਾਂ ਵਿੱਚ ਅਮਲੀ ਰੂਪ ‘ਚ ਵਰਤਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਿਗਿਆਨਕ ਖੇਤੀ ਅਪਣਾਉਣ ਦੀ ਪ੍ਰੇਰਨਾ ਦਿੱਤੀ।

ਡਾ. ਰੰਧਾਵਾ ਨੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਸਫਲਤਾਪੂਰਵਕ ਪੂਰੀ ਕਰਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਦੱਸਿਆ ਕਿ ਪੀ.ਏ.ਯੂ. ਪੂਰੇ ਭਾਰਤ ਵਿੱਚ ਪਹਿਲੇ ਨੰਬਰ ‘ਤੇ ਰਹਿ ਕੇ ਵਿਦਿਆਰਥੀਆਂ, ਕਿਸਾਨਾਂ ਅਤੇ ਖੇਤੀ ਉਦਯੋਗ ਦੀ ਨਿਰੰਤਰ ਸੇਵਾ ਕਰ ਰਹੀ ਹੈ।

ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਦੇ ਡਾਇਰੈਕਟਰ ਡਾ. ਐੱਸ. ਐੱਸ. ਔਲਖ ਨੇ ਵਿਦਿਆਰਥੀਆਂ ਨੂੰ ਖੇਤੀ ਨਾਲ ਸਬੰਧਤ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ, ਜਦਕਿ ਖੇਤੀਬਾੜੀ ਇੰਸਟੀਚਿਊਟ ਦੇ ਸਹਿਯੋਗੀ ਡੀਨ ਡਾ. ਬੀ. ਐੱਸ. ਢਿੱਲੋਂ ਨੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦਾ ਮਹੱਤਵ ਸਮਝਾਇਆ।ਦੋਵਾਂ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਪ੍ਰੋਫੈਸਰਾਂ ਨੇ ਪੀ.ਏ.ਯੂ. ਵੱਲੋਂ ਦਿੱਤੀ ਗਈ ਇਸ ਬਹੁਮੁੱਲੀ ਸਿਖਲਾਈ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਯੂਨੀਵਰਸਿਟੀ ਤੇ ਕਾਲਜਾਂ ਵਿਚਾਲੇ ਤਾਲਮੇਲ ਵਧਾਉਣ ਦਾ ਪ੍ਰਣ ਕੀਤਾ।

ਵਿਦਿਆਰਥੀਆਂ ਨੇ ਵੀ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਟ੍ਰੇਨਿੰਗ ਰਾਹੀਂ ਉਨ੍ਹਾਂ ਨੂੰ ਖੇਤੀਬਾੜੀ ਦੀਆਂ ਬਾਰੀਕੀਆਂ ਸਮਝਣ ਅਤੇ ਆਤਮ-ਨਿਰਭਰ ਬਣਨ ਵਿੱਚ ਵੱਡੀ ਮਦਦ ਮਿਲੀ ਹੈ।ਇਸ ਇੰਟਰਨਸ਼ਿਪ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਡਾ. ਜਗਦੀਸ਼ ਸਿੰਘ ਅਤੇ ਡਾ. ਲਲਿਤ ਪਾਲ ਨੇ ਅਹਿਮ ਭੂਮਿਕਾ ਨਿਭਾਈ। ਸਮਾਗਮ ਦੇ ਅੰਤ ਵਿੱਚ ਸਿਖਲਾਈ ਪੂਰੀ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।

Leave a Reply

Your email address will not be published. Required fields are marked *