ਗੁਰਦਾਸਪੁਰ, 18 ਦਸੰਬਰ (ਸਰਬਜੀਤ ਸਿੰਘ)– ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਸੁਸਾਈਡਲ ਅਟੈਮਪਟ ਦੀ ਰੋਕਥਾਮ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ “Mental Health of Students & Suicide Prevention” ਵਿਸ਼ੇ ’ਤੇ ਇੱਕ ਦਿਨਾਂ ਵਿਸਥਾਰਿਤ ਟ੍ਰੇਨਿੰਗ ਵਰਕਸ਼ਾਪ ਸਫ਼ਲਤਾਪੂਰਵਕ ਕੀਤੀ ਗਈ।
ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਧ ਰਹੇ ਮਾਨਸਿਕ ਤਣਾਅ, ਡਿਪ੍ਰੈਸ਼ਨ ਅਤੇ ਸੁਸਾਈਡਲ ਅਟੈਮਪਟ ਦੀ ਰੋਕਥਾਮ ਲਈ ਸੰਸਥਾਗਤ ਜਾਗਰੂਕਤਾ ਅਤੇ ਸਮਰਥਾ ਨੂੰ ਮਜ਼ਬੂਤ ਕਰਨਾ ਸੀ। ਇਸ ਟ੍ਰੇਨਿੰਗ ਵਰਕਸ਼ਾਪ ਦੀ ਮੁੱਖ ਰਿਸੋਰਸ ਪਰਸਨ ਡਾ. ਪੂਜਾ ਤਿਆਗੀ, ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਸਾਇਕੋਲੋਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਰਹੇ।
ਡਾ. ਤਿਆਗੀ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨਾਲ ਜੁੜੀਆਂ ਗੰਭੀਰ ਚੁਣੌਤੀਆਂ ’ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਬਹੁਤ ਸਾਰੇ ਸੁਸਾਈਡ ਦੇ ਮਾਮਲੇ ਸੰਸਥਾਵਾਂ ਨੂੰ ਇਸ ਲਈ ਹੈਰਾਨ ਕਰ ਦਿੰਦੇ ਹਨ ਕਿਉਂਕਿ ਸੰਕੇਤ ਅਕਸਰ ਚੁੱਪ ਹੁੰਦੇ ਹਨ, ਗੈਰ-ਮੌਜੂਦ ਨਹੀਂ। ਡਾ. ਤਿਆਗੀ ਨੇ ਦੱਸਿਆ ਕਿ ਅੱਜ ਦੇ ਵਿਦਿਆਰਥੀ ਅਕਾਦਮਿਕ ਦਬਾਅ, ਉੱਚ ਮੁਕਾਬਲਾ, ਰੁਜ਼ਗਾਰ ਦੀ ਅਨਿਸ਼ਚਿਤਤਾ, ਪਰਿਵਾਰਕ ਅਤੇ ਸਮਾਜਕ ਉਮੀਦਾਂ, ਨਸ਼ਿਆਂ ਦੀ ਆਸਾਨ ਪਹੁੰਚ, ਇਕੱਲਾਪਨ ਅਤੇ ਅਸਫਲਤਾ ਦੇ ਡਰ ਵਰਗੇ ਅਨੇਕ ਤੱਤਾਂ ਦੇ ਦਬਾਅ ਹੇਠ ਜੀ ਰਹੇ ਹਨ।
ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਪਿੰਡਾਂ ਤੋਂ ਆਉਣ ਵਾਲੇ first-generation learners ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਿਛੋਕੜ ਵਾਲੇ ਵਿਦਿਆਰਥੀ ਇਸ ਦਬਾਅ ਨੂੰ ਹੋਰ ਵੀ ਵਧੇਰੇ ਤਰੀਕੇ ਨਾਲ ਮਹਿਸੂਸ ਕਰਦੇ ਹਨ, ਜਿਸ ਕਾਰਨ ਉਨ੍ਹਾਂ ਵਿੱਚ ਮਾਨਸਿਕ ਤਣਾਅ ਅਤੇ ਸੁਸਾਈਡਲ ਖ਼ਤਰੇ ਦੀ ਸੰਭਾਵਨਾ ਵੱਧ ਜਾਂਦੀ ਹੈ। ਵਰਕਸ਼ਾਪ ਦੌਰਾਨ ਡਾ. ਤਿਆਗੀ ਨੇ ਸੁਸਾਈਡਲ ਵਿਹਾਰ ਦੀ ਪਛਾਣ ਲਈ I.N.D.I.A. Warning Signs Checklist ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਚੈੱਕਲਿਸਟ ਵਿੱਚ Isolation, Neglect, Decline, Intent ਅਤੇ Affect Change ਵਰਗੇ ਮਹੱਤਵਪੂਰਣ ਸੰਕੇਤ ਸ਼ਾਮਲ ਹਨ।
ਉਨ੍ਹਾਂ ਸਪਸ਼ਟ ਕੀਤਾ ਕਿ ਇਹ ਸੰਕੇਤ ਕਲਾਸਰੂਮ, ਹੋਸਟਲ, ਦਫ਼ਤਰਾਂ ਅਤੇ ਕੈਂਪਸ ਦੇ ਹੋਰ ਸਥਾਨਾਂ ’ਤੇ ਸਟਾਫ ਵੱਲੋਂ ਆਸਾਨੀ ਨਾਲ ਪਛਾਣੇ ਜਾ ਸਕਦੇ ਹਨ, ਜੇ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ ਹੋਵੇ। ਡਾ. ਤਿਆਗੀ ਨੇ ਸੁਸਾਈਡ ਸਬੰਧੀ ਫੈਲੇ ਹੋਏ ਮਿਥਕਾਂ ਨੂੰ ਤੋੜਦਿਆਂ ਕਿਹਾ ਕਿ ਸੁਸਾਈਡ ਬਾਰੇ ਗੱਲ ਕਰਨਾ attention seeking ਨਹੀਂ, ਬਲਕਿ ਮਦਦ ਲਈ ਇੱਕ ਗੰਭੀਰ ਪੁਕਾਰ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਵਿਦਿਆਰਥੀ ਨਾਲ ਸੁਸਾਈਡ ਬਾਰੇ ਸਿੱਧਾ ਅਤੇ ਸੰਵੇਦਨਸ਼ੀਲ ਤਰੀਕੇ ਨਾਲ ਪੁੱਛਣਾ ਖ਼ਤਰਨਾਕ ਨਹੀਂ, ਸਗੋਂ ਇਹ ਇੱਕ ਸੁਰੱਖਿਅਤ ਅਤੇ ਰੱਖਿਆਤਮਕ ਕਦਮ ਹੈ।


