ਬਰਨਾਲਾ., ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਬੰਗਾਲ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਟੀ ਐਮ ਸੀ ਦੇ ਹਾਰ ਜਾਣ ‘ਤੇ ਜਿਨ੍ਹਾਂ ਖੱਬੇ ਪੱਖੀ ਸੰਗਠਨਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ, ਖੱਬੇ ਪੱਖੀ ਲਹਿਰ ਵਿੱਚ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਅਸਲ ਵਿੱਚ ਉਹ ਸੱਚੇ ਕਮਿਊਨਿਸਟ ਨਹੀਂ ਹਨ, ਬਲਕਿ ਉਹ ਕਮਿਊਨਿਸਟਾਂ ਦੇ ਨਾਮ ‘ਤੇ ਸੋਸ਼ਲ ਡੈਮੋਕਰੇਟਾਂ ਦੇ ਰਾਹ ਤੇ ਚੱਲ ਰਹੇ ਹਨ।
ਵੱਖ ਵੱਖ ਰਾਜਾਂ ਦੇ ਚੋਣ ਨਤੀਜ਼ਿਆਂ ਤੋਂ ਬਾਅਦ ਜੋ ਸਥਿਤੀ ਬਣੀ ਹੋਈ ਹੈ, ਖ਼ਾਸ ਕਰਕੇ ਬੰਗਾਲ ਅੰਦਰ ਭਾਜਪਾ ਅਤੇ ਫਾਸ਼ੀਵਾਦੀ ਆਰ ਐੱਸ ਐੱਸ ਦੇ ਜਿੱਤ ਜਾਣ ਤੋਂ ਬਾਅਦ ਸੰਘੀ ਗੁੰਡਿਆਂ ਵੱਲੋਂ ਵੱਡੇ ਪੱਧਰ ‘ਤੇ ਤੋੜ ਫੋੜ ਕੀਤੀ ਜਾ ਰਹੀ ਹੈ। ਟੀਐਮਸੀ ਦੇ ਦਫ਼ਤਰ ਅਤੇ ਹੋਰਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਗਿਆ, ਵਹੀਕਲਜ਼ ਨੂੰ ਅੱਗਾਂ ਲਾ ਦਿੱਤੀਆਂ ਗਈਆਂ, ਕਾਮਰੇਡ ਲੈਨਿਨ ਦਾ ਬੁੱਤ ਤੋੜ ਦਿੱਤਾ ਗਿਆ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ। ਦੇਸ਼ ਵਿੱਚ ਜੋ ਵੀ ਮਾੜੀਆਂ ਮੋਟੀਆਂ ਕਦਰਾਂ ਕੀਮਤਾਂ ਬਚੀਆਂ ਹਨ, ਉਹਨਾਂ ਦੇ ਮੱਥੇ ਤੇ ਵੱਡਾ ਕਲੰਕ ਹੈ। ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੀ ਕੇਂਦਰੀ ਕਮੇਟੀ ਵੱਲੋਂ ਅਜਿਹੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਹੈ। ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਇਹਨਾਂ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਅਸੀਂ ਮੂਲ ਰੂਪ ਵਿੱਚ ਬੰਗਾਲ ਚੋਣ ਨਤੀਜਿਆਂ ਤੋਂ ਬਾਅਦ ਸੀਪੀਆਈ(ਐਮ) ਦਾ ਬਿਆਨ ਦੇਖ ਰਹੇ ਸੀ।
ਇਸ ਬਿਆਨ ਵਿੱਚ ਟੀ ਐਮ ਸੀ ਦੀ ਹਾਰ ਦਾ ਕਾਰਨ ਮਮਤਾ ਬੈਨਰਜੀ ਦੀ ਭ੍ਰਿਸ਼ਟ ਰਾਜਨੀਤੀ , ਅਯੋਗ ਅਤੇ ਗੁੰਡਾਗਰਦੀ ਤਾਨਾਸ਼ਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਭਾਜਪਾ ਅਤੇ ਫਾਸ਼ੀਵਾਦੀ ਸੰਘ ਪਰਿਵਾਰ ਨੇ ਜਿੰਨੀ ਤੇਜ਼ ਰਫ਼ਤਾਰ ਨਾਲ ਪੱਛਮੀ ਬੰਗਾਲ ਨੂੰ ਜਿੱਤਿਆ ਹੈ ਅਤੇ ਉਸ ਵੱਲੋਂ ਜੋ ਸਾਜ਼ਿਸ਼ੀ ਅਤੇ ਦਮਨਕਾਰੀ ਉਪਾਅ ਵਰਤੇ ਗਏ, ਕੇਂਦਰ ਪੱਧਰ ‘ਤੇ ਪੂਰੀ ਰਾਜ ਮਸ਼ੀਨਰੀ ਝੋਕ ਦਿੱਤੀ ਗਈ, ਚੋਣ ਕਮਿਸ਼ਨ ਨੇ ਭਾਜਪਾ ਦੇ ਏਜੰਟ ਵਜੋਂ ਸੇਵਾ ਕੀਤੀ ਅਤੇ ਗੋਦੀ ਮੀਡੀਆ ਦਾ ਜਿਸ ਢੰਗ ਨਾਲ ਸਹਾਰਾ ਲਿਆ ਗਿਆ, ਸੀਪੀਆਈ (ਐੱਮ) ਆਪਣੇ ਇਸ ਬਿਆਨ ਵਿੱਚ ਕੋਈ ਬਹੁਤਾ ਜ਼ਿਕਰ ਨਹੀਂ ਕੀਤਾ ਗਿਆ। ਕੇਰਲਾ ਵਿੱਚ ਸੀਪੀਆਈ(ਐਮ) ਦੀ ਅਗਵਾਈ ਵਾਲੇ ਖੱਬੇ ਮੋਰਚੇ ਦੀ ਹੋਈ ਹਾਰ ਬਾਰੇ ਕੋਈ ਸਵੈ-ਆਲੋਚਨਾ ਵੀ ਨਹੀਂ ਕੀਤੀ ਗਈ ਕਿ ਉਹਨਾਂ ਦਾ 10 ਸਾਲ ਬਾਅਦ ਖੱਬੇ ਪੱਖੀ ਕਿਲ੍ਹਾ ਕਿਉਂ ਢਹਿ ਗਿਆ। ਅਸਲ ਵਿੱਚ ਬੰਗਾਲ ਵਿੱਚ ਟੀ ਐਮ ਸੀ ਦੀ ਹਾਰ ਤੋਂ ਸੀਪੀਆਈ(ਐਮ) ਦੇ ਵਰਕਰ ਸਭ ਤੋਂ ਵੱਧ ਖੁਸ਼ ਹਨ। ਜਦੋਂ ਕਿ ਸੀਪੀਆਈ(ਐਮ) ਭਾਜਪਾ ਅਤੇ ਟੀ ਐਮ ਸੀ ਦੋਵਾਂ ਨੂੰ ਲੋਕ ਵਿਰੋਧੀ ਅਤੇ ਤਾਨਾਸ਼ਾਹੀ ਮੰਨਦੀ ਹੈ। ਸ਼ੁਰੂ ਤੋਂ ਹੀ ਇਸਦਾ ਪ੍ਰਚਾਰ ਸਪੱਸ਼ਟ ਦਰਸਾਉਂਦਾ ਹੈ ਕਿ ਬੰਗਾਲ ਵਿੱਚ ਟੀ ਐਮ ਸੀ ਨੂੰ ਆਪਣਾ ਮੁੱਖ ਦੁਸ਼ਮਣ ਮੰਨਦੀ ਆ ਰਹੀ ਹੈ। ਖੱਬੇ ਮੋਰਚੇ ਦੀ ਸਰਕਾਰ ਸਮੇਂ ਸਿੰਗੂਰ ਅਤੇ ਨੰਦੀਗ੍ਰਾਮ ਅੰਦੋਲਨਾਂ ਨੂੰ ਦਬਾਉਣ ਤੋਂ ਬਾਅਦ 2011 ਦੀਆਂ ਆਮ ਚੋਣਾਂ ਵਿੱਚ ਇਹ ਮਮਤਾ ਬੈਨਰਜੀ ਦੀ ਪਾਰਟੀ ਹੀ ਸੀ, ਜਿਸਨੇ ਸੀਪੀਆਈ (ਐਮ) ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ ਅਤੇ 34 ਸਾਲ ਪੁਰਾਣਾ ਖੱਬੇ ਪੱਖੀ ਕਿਲ੍ਹਾ ਢਹਿਢੇਰੀ ਹੋ ਗਿਆ ਸੀ। ਅੱਜ ਤੱਕ, ਸਿੰਗੂਰ ਅਤੇ ਨੰਦੀਗ੍ਰਾਮ ਅੰਦੋਲਨਾਂ ਨੂੰ ਦਬਾਉਣ ਅਤੇ ਉਸ ਸਮੇਂ ਬੰਗਾਲ ਵਿੱਚ ਲੋਕ ਵਿਰੋਧੀ ਨਵਉਦਾਰਵਾਦੀ ਨੀਤੀਆਂ ਲਾਗੂ ਕਰਨ ਦੇ ਜੋ ਨਤੀਜ਼ੇ ਸਾਹਮਣੇ ਆਏ, ਸੀਪੀਆਈ (ਐਮ ) ਨੇ ਕਦੇ ਵੀ ਉਸਦੀ ਸਵੈ ਅਲੋਚਨਾ ਨਹੀਂ ਕੀਤੀ ਗਈ।
ਜੋ ਕਿ ਕਮਿਊਨਿਸਟ ਪਾਰਟੀ ਦੇ ਲਈ ਬਹੁਤ ਜ਼ਰੂਰੀ ਹੈ। ਸੀਪੀਆਈ(ਐਮ) ਲਈ, ਲੋਕਤੰਤਰਿਕ ਇਨਕਲਾਬ ਦਾ ਅਰਥ ਸਿਰਫ਼ ‘ਤੇ ਸਿਰਫ਼ ਬੰਗਾਲ, ਕੇਰਲਾ ਅਤੇ ਤ੍ਰਿਪੁਰਾ ਵਿੱਚ ਚੋਣਾ ਰਾਹੀਂ ਸੱਤਾ ਬਰਕਰਾਰ ਰੱਖਣਾ ਹੈ। ਭਾਵੇਂ ਇਸਦਾ ਅਰਥ ਫਾਸ਼ੀਵਾਦੀ ਮੋਦੀ ਸਰਕਾਰ ਦੀ ਅਗਵਾਈ ਹੇਠ ਕਾਰਪੋਰੇਟ-ਪੱਖੀ ਨਵ-ਉਦਾਰਵਾਦੀ ਨੀਤੀਆਂ ਨੂੰ ਕਿਉਂ ਨਾ ਲਾਗੂ ਕਰਨਾ ਪਵੇ, ਜਿਵੇਂ ਕਿ ਉਨ੍ਹਾਂ ਨੇ ਬੰਗਾਲ, ਕੇਰਲਾ ਅਤੇ ਤ੍ਰਿਪੁਰਾ ਵਿੱਚ ਕੀਤਾ ਸੀ। ਇਹ ਮੂਲ ਰੂਪ ਵਿੱਚ ਉਹਨਾਂ ਦੀ ਵਿਚਾਰਧਾਰਕ -ਰਾਜਨੀਤਕ ਕਮਜ਼ੋਰੀ ਦਾ ਸਿੱਟਾ ਹੈ, ਜਿਸਦੇ ਚਲਦਿਆਂ ਉਹਨਾਂ ਨੇ ਲੋਕ -ਵਿਰੋਧੀ, ਮਜ਼ਦੂਰ -ਕਿਸਾਨ ਵਿਰੋਧੀ ਨਵ ਉਦਾਰਵਾਦੀ ਨੀਤੀਆਂ ਲਾਗੂ ਕੀਤੀਆਂ, ਜਿਸ ਕਰਕੇ ਖੱਬੇ ਪੱਖੀਆਂ ਨੂੰ ਸੱਤਾ ਤੋਂ ਹੱਥ ਧੋਣੇ ਪਏ। ਉਸਨੇ ਲੰਬੇ ਸਮੇਂ ਤੋਂ ਜਮਾਤੀ ਸੰਘਰਸ਼ ਨੂੰ ਤਿਆਗ ਦਿੱਤਾ ਅਤੇ ਜਮਾਤੀ ਸਮਝੌਤੇ ਦਾ ਰਸਤਾ ਅਪਣਾਇਆ ਲਿਆ। ਉਹ ਇਹ ਗੱਲ ਸਮਝਣ ਤੋਂ ਵੀ ਇਨਕਾਰੀ ਹਨ, ਕਿ ਜਦੋਂ ਟੀ ਐਮ ਸੀ, ਕਾਂਗਰਸ, ਸਮਾਜਵਾਦੀ ਪਾਰਟੀ, ਆਪ ਅਤੇ ਡੀਐਮਕੇ ਵਰਗੀਆਂ ਪਾਰਟੀਆਂ ਪੂੰਜੀਵਾਦੀ ਅਤੇ ਲੋਕ-ਵਿਰੋਧੀ ਪਾਰਟੀਆਂ ਹਨ ਅਤੇ ਨਵ ਉਦਾਰਵਾਦੀ ਨੀਤੀਆਂ ਨੂੰ ਲਾਗੂ ਕਰ ਰਹੀਆਂ ਹਨ, ਫਿਰ ਵੀ ਉਹ ਆਰ ਐਸ ਐਸ-ਭਾਜਪਾ ਦੀ ਤਰ੍ਹਾਂ ਅਤਿ ਸੱਜੇ-ਪੱਖੀ, ਫਾਸ਼ੀਵਾਦੀ ਨਹੀਂ ਹਨ। ਸਭ ਤੋਂ ਪਹਿਲਾਂ ਖੱਬੇ ਪੱਖੀ ਤਾਕਤਾਂ ਨੂੰ ਫਾਸ਼ੀਵਾਦੀ ਅਤੇ ਗੈਰ ਫਾਸ਼ੀਵਾਦੀ ਪਾਰਟੀਆਂ ਵਿੱਚ ਫ਼ਰਕ ਕਰਨਾ ਲਾਜ਼ਮੀ ਹੈ। ਜੇਕਰ ਤੁਸੀਂ ਸੰਸਦੀ ਚੋਣਾ ਰਾਹੀਂ ਸੰਘੀ ਮਨੂੰਵਾਦੀ ਫਾਸ਼ੀਵਾਦੀ ਤਾਕਤਾਂ ਨੂੰ ਸੱਤਾ ਵਿੱਚ ਆਉਣ ਤੋਂ ਰੋਕਣਾ ਚਾਹੁੰਦੇ ਹੋ, ਤਾਂ ਤੁਹਾਨੂੰ ਭਾਜਪਾ-ਵਿਰੋਧੀ ਵੋਟ ਬੈਂਕ ਨੂੰ ਵੰਡੇ ਜਾਣ ਤੋਂ ਰੋਕਣਾ ਪਵੇਗਾ। ਇਸ ਲਈ, “ਫਾਸ਼ੀਵਾਦੀ ਸੰਘ ਪ੍ਰੀਵਾਰ-ਭਾਜਪਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਹਰਾਉ” ਦੇ ਨਾਅਰੇ ਦੇ ਅਧਾਰਿਤ ਜਨਤਾ ਨੂੰ ਇਹ ਅਪੀਲ ਕਰਨੀ ਹੋਵੇਗੀ,ਕਿ ਉਹ ਕੇਂਦਰ ਜਾਂ ਰਾਜਾਂ ਵਿੱਚ ਭਾਜਪਾ ਅਤੇ ਉਸਦੇ ਸਹਿਯੋਗੀਆਂ ਨੂੰ ਜਿਹੜੀ ਵੀ ਪਾਰਟੀ ਹਰਾਉਣ ਦੇ ਯੋਗ ਹੈ, ਉਸਦੀ ਮੱਦਦ ਕਰਨੀ ਚਾਹੀਦੀ ਹੈ। ਉਸਨੂੰ ਵੋਟ ਪਾਉਣ ਅਤੇ ਸਹਿਯੋਗ ਕਰਨ ਦੀ ਨੀਤੀ ਅਪਨਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਵਿਧਾਨ ਸਭਾ ਅਤੇ ਲੋਕ ਸਭਾ ਚੋਣਾ ਦੌਰਾਨ ਆਪਣੀ ਅੰਦਰੂਨੀ ਲੜਾਈ ਨੂੰ ਦ੍ਰਿੜਤਾ ਨਾਲ ਖ਼ਤਮ ਕਰਨਾ ਚਾਹੀਦਾ ਹੈ। ਹੁਣ ਤੱਕ ਦੇ ਤਜ਼ਰਬੇ ਤੋਂ ਪਤਾ ਲਗਦਾ ਹੈ ਕਿ ਬਹੁਤੀਆਂ ਰਾਜਨੀਤਕ ਪਾਰਟੀਆਂ ‘ਇੰਡੀਆ ਗੱਠਜੋੜ’ ਦਾ ਹਿੱਸਾ ਹੋਣ ਦੇ ਬਾਵਜੂਦ, ਚੋਣਾ ਦੇ ਨੇੜੇ ਆਕੇ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੇ ਖ਼ਿਲਾਫ਼ ਇੱਕਜੁੱਟ ਹੋਣ ਦੀ ਬਜਾਏ, ਆਪਣੀ ਢਾਈ ਪਾ ਖਿਚੜੀ ਅੱਡ ਪਕਾਉਣੀ ਸ਼ੁਰੂ ਕਰ ਦਿੰਦੀਆਂ ਹਨ। ਕੇਰਲਾ ਵਿੱਚ ਵੀ ਇਵੇਂ ਹੋਇਆ। ਇੰਡੀਆ ਗੱਠਜੋੜ ਵਿੱਚ ਸ਼ਾਮਲ ਖੱਬੇ ਪੱਖੀ ਵੀ ਕੋਈ ਅਪਵਾਦ ਨਹੀਂ ਹਨ। ਉਹਨਾਂ ਨੂੰ ਸੰਘ ਪਰਿਵਾਰ ਅਤੇ ਭਾਜਪਾ ਨੂੰ ਚੋਣਾ ਰਾਹੀਂ ਹਰਾਉਣ ਦੇ ਸੁਪਨੇ ਦੇਖਣਾ ਬੰਦ ਕਰ ਦੇਣਾ ਚਾਹੀਦਾ ਹੈ। ਹਾਲਾਂਕਿ, ਇਹ ਵੀ ਪੂਰੀ ਤਰ੍ਹਾਂ ਸੱਚ ਹੈ ਕਿ ਸੀਪੀਆਈ (ਐਮ) ਅਜੇ ਤੱਕ ਇਹ ਮੰਨਣ ਨੂੰ ਤਿਆਰ ਨਹੀਂ ਹੈ,ਕਿ ਭਾਰਤ ਵਿੱਚ ਸੰਸਦ ਤੋਂ ਲੈ ਕੇ ਸੜਕ ਤੱਕ, ਸੰਘੀ ਮਨੂੰਵਾਦੀ, ਫਾਸ਼ੀਵਾਦੀ ਤਾਕਤਾਂ ਵੱਲੋਂ ਹਰ ਖੇਤਰਾਂ ਨੂੰ ਪੂਰੀ ਤਰ੍ਹਾਂ ਆਪਣੇ ਕੰਟਰੋਲ ਹੇਠ ਕਰ ਲਿਆ। ਉੱਚ ਅਦਾਲਤਾਂ ਤੋਂ ਲੈਕੇ ਚੋਣ ਕਮਿਸ਼ਨ ਤੱਕ ਸੰਘ ਪ੍ਰੀਵਾਰ ਦੀ ਸੇਵਾ ਵਿੱਚ ਕੰਮ ਕਰ ਰਹੇ ਹਨ।
ਦੂਜਾ ਮਹੱਤਵਪੂਰਨ ਨੁਕਤਾ ਇਹ ਹੈ, ਕਿ ਜੇਕਰ ਭਾਜਪਾ,ਆਰ ਐਸ ਐਸ ਫਾਸ਼ੀਵਾਦ ਅਤੇ ਮਨੂੰਵਾਦੀ-ਬ੍ਰਾਹਮਣਵਾਦੀ ਵਿਵਸਥਾ ਨੂੰ ਉਖਾੜਨਾ ਹੈ, ਤਾਂ ਨਾ ਸਿਰਫ਼ ਸੰਸਦੀ ਲੜਾਈ ਹੀ ਕਾਫੀ ਹੈ, ਬਲਕਿ ਇੱਕਜੁੱਟ ਹੋ ਕੇ ਗਲੀ-ਮੁਹੱਲੇ ਤੋਂ ਲੈਕੇ ਸੜਕਾਂ ਤੱਕ ਦੀ ਲੜਾਈ ਵੀ ਮਹੱਤਵਪੂਰਨ ਬਣ ਗਈ ਹੈ। ਸੰਸਦੀ ਸੰਘਰਸ਼ ਦੇ ਨਾਲ-ਨਾਲ, ਦੇਸ਼ ਦੇ ਸਾਰੇ ਦਲਿਤਾਂ, ਮਜ਼ਦੂਰ ਵਰਗ, ਦੱਬੇ-ਕੁਚਲੇ ਲੋਕਾਂ, ਔਰਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਅਤੇ ਈਸਾਈਆਂ ਨੂੰ ਇੱਕ ਜੁੱਟ ਕਰਕੇ ਇੱਕ ਸ਼ਕਤੀਸ਼ਾਲੀ ਆਰ ਐਸ ਐਸ ‘ਫਾਸ਼ੀਵਾਦ ਵਿਰੋਧੀ ਮੋਰਚਾ’ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਜਦੋਂ ਕਿ ਸਮੱਸਿਆ ਇਹ ਹੈ, ਕਿ ਸੀਪੀਆਈ (ਐਮ) ਦੀ ਅਗਵਾਈ ਵਾਲੇ ਖੱਬੇ ਮੋਰਚੇ ਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ, ਉਹ ਬੰਗਾਲ ਵਿੱਚ ਭਾਜਪਾ ਨੂੰ ਦੂਜੇ ਨੰਬਰ ਦਾ ਦੁਸ਼ਮਣ ਸਮਝਦਾ ਹੈ। ਉਨ੍ਹਾਂ ਲਈ ਤਾਂ ਬੰਗਾਲ ਅਤੇ ਕੇਰਲਾ ਨੂੰ ਜਿੱਤਣਾ ਹੀ ਲੋਕ ਜਮਹੂਰੀ ਇਨਕਲਾਬ ਹੈ। ਇਹ ਉਹਨਾਂ ਦਾ ਅੰਤਿਮ ਉਦੇਸ਼ ਹੈ।
ਅਸੀਂ ਸਾਰੀਆਂ ਖੱਬੇ ਪੱਖੀ, ਜਮਹੂਰੀ ਤਾਕਤਾਂ, ਪੀੜਤਾਂ ਅਤੇ ਘੱਟ ਗਿਣਤੀਆਂ ਨੂੰ ਅਪੀਲ ਕਰਦੇ ਹਾਂ, ਕਿ ਸੱਚੇ ਅਤੇ ਝੂਠੇ ਖੱਬੇ ਪੱਖੀਆਂ ਵਿੱਚ ਫ਼ਰਕ ਜ਼ਰੂਰ ਕਰ ਲੈਣਾ ਚਾਹੀਦਾ। ਤਾਂ ਕਿ, ਆਮ ਲੋਕਾਂ ਵਿੱਚ ਇਹ ਉਲਝਣ ਅਤੇ ਭੰਵਲ – ਭੂਸਾ ਪੈਦਾ ਨਾ ਹੋਵੇ।


