ਲੁਧਿਆਣਾ, ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਲਲਕਾਰ ਜਥੇਬੰਦੀ ਨਾਲ ਜੁੜੀ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਤਭਰੇ ਹਲਾਤ ਵਿੱਚ ਹੋਈ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਲੁਧਿਆਣਾ ਦੇ ਮਿੰਨੀ ਸੈਕਟਰੀਏਟ ਵਿਖੇ ਸਮੂਹ ਖੱਬੇ ਪੱਖੀ ਜਥੇਬੰਦੀਆਂ ਦਾ ਇਕੱਠ ਹੋਇਆ। ਜਥੇਬੰਦੀ ਦੇ ਆਗੂਆਂ ਨੇ ਇੱਕ ਤਾਲਮੇਲ ਕਮੇਟੀ ਬਣਾ ਕੇ ਫੈਸਲਾ ਕੀਤਾ ਕਿ ਦਿਲਜੋਤ ਸ਼ਰਮਾ ਨੂੰ ਇਨਸਾਫ਼ ਦੁਆਉਣ ਤੱਕ ਸੰਘਰਸ਼ ਲੜਿਆ ਜਾਵੇਗਾ। ਜਥੇਬੰਦੀਆਂ ਦੇ ਆਗੂਆਂ ਨੇ ਦਿਲਜੋਤ ਸ਼ਰਮਾ ਇਨਸਾਫ਼ ਐਕਸ਼ਨ ਕਮੇਟੀ ਦੇ ਬੈਨਰ ਹੇਠ ਇਨਸਾਫ਼ ਲਈ ਲੜਿਆ ਜਾਵੇਗਾ। ਕਮੇਟੀ ਆਗੂਆਂ ਨੇ ਸਵਾਲ ਚੁੱਕੇ ਕਿ ਪੁਲਿਸ ਨੇ ਹਾਲੇ ਤੱਕ ਐਫਆਈਆਰ ਦਰਜ ਨਹੀਂ ਕੀਤੀ। ਕਮੇਟੀ ਆਗੂਆਂ ਨੇ ਸਾਂਝੇ ਤੌਰ ‘ਤੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਆਪਣੇ ਆਪ ਨੂੰ ਇਨਕਲਾਬੀ ਅਖਵਾਉਣ ਵਾਲੀ ਜਥੇਬੰਦੀ ਲਲਕਾਰ ਦੇ ਆਗੂਆਂ ਤੋਂ ਸਖ਼ਤੀ ਨਾਲ ਪੁੱਛਗਿਛ ਹੋਣੀ ਚਾਹੀਦੀ ਹੈ।
ਇਸ ਮੌਕੇ ਸੀਪੀਆਈ ਐਮ ਐਲ ਲਿਬਰੇਸ਼ਨ ਵਲੋਂ ਸੁਖਦਰਸ਼ਨ ਨੱਤ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਣਵੀਰ ਸਿੰਘ ਰੰਧਾਵਾ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸੁਰਿੰਦਰ ਸਿੰਘ , ਮਜ਼ਦੂਰ ਆਗੂ ਤਰਸੇਮ ਜੋਧਾਂ ਸਾਬਕਾ ਵਿਧਾਇਕ, ਆਰ ਐਮ ਪੀ ਆਈ ਵਲੋਂ ਪ੍ਰੋ ਜੈਪਾਲ ਸਿੰਘ ,ਸੁਰਿੰਦਰ ਜੈਪਾਲ , ਆਈ ਡੀ ਪੀ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਜਖੇਪਲ, ਸੀਪੀਆਈ ਵਲੋਂ ਮਨਿੰਦਰ ਸਿੰਘ ਭਾਟੀਆ , ਗੁਰਚੇਤ ਸਿੰਘ, ਵਰੁਣ ਕੁਮਾਰ, ਲੜਕੀ ਦੀ ਮਾਂ ਵੀਰਪਾਲ ਕੌਰ,ਬੱਲਾ ਸਿੰਘ ਰੱਲਾ ਅਤੇ ਪਿੰਡ ਰੱਲਾ ਦੀ ਪੰਚਾਇਤ ਸਮੇਤ ਹੋਰ ਆਗੂ ਸ਼ਾਮਲ ਸਨ। ਕਈ ਹੋਰ ਸੰਗਠਨਾਂ ਨੇ ਪਹੁੰਚ ਨਾ ਸਕਣ ਕਾਰਨ ਫੋਨ ਰਾਹੀਂ ਇਸ ਸੰਘਰਸ਼ ਨੂੰ ਹਿਮਾਇਤ ਦਿੱਤੀ ਹੈ।
ਕਮੇਟੀ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਥਾਣਾ ਡਵੀਜ਼ਨ 7 ਦੇ ਐਸ ਐਚ ਓ ਨੇ ਕਿਹਾ ਕਿ ਪੁਲੀਸ ਨੂੰ ਦੋ ਦਿਨ ਦਾ ਸਮਾਂ ਦਿਓ, ਅਸੀਂ ਸਾਰੇ ਮਾਮਲੇ ਨੂੰ ਹੱਲ ਕਰ ਦੇਵਾਂਗੇ । ਆਗੂਆਂ ਨੇ ਕਿਹਾ ਕਿ ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖਿਲਾਫ ਪਰਚਾ ਦਰਜ ਨਹੀਂ ਕੀਤਾ ਤਾਂ 18 ਜਨਵਰੀ ਨੂੰ ਦਿਲਜੋਤ ਦੇ ਭੋਗ ਉੱਪਰ ਅਗਲੇ ਸੰਘਰਸ਼ ਦਾ ਐਲਾਣ ਕੀਤਾ ਜਾਵੇਗਾ ।
ਮ੍ਰਿਤਕਾ ਦਿਲਜੋਤ ਸ਼ਰਮਾ ਦੀ ਮਾਂ ਵੀਰਪਾਲ ਕੌਰ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਕੁੜੀ ਨੂੰ ਪੈਸੇ ਵੀ ਭੇਜਦੀ ਰਹੀ ਹਾਂ ।ਜਿਸਦੇ ਸਬੂਤ ਪੁਲਿਸ ਨੂੰ ਜਮਾਂ ਕਰਵਾ ਦਿੱਤੇ ਹਨ । ਆਗੂਆਂ ਨੇ ਕਿਹਾ ਕਿ ਪਹਿਲਾਂ ਵੀ ਨਵਕਰਨ ਨਾਂ ਦੇ ਲੜਕੇ ਵੱਲੋਂ ਇਸ ਸੰਗਠਨ ਅੰਦਰ ਹੀ ਖੁਦਕੁਸ਼ੀ ਕੀਤੀ ਗਈ ਸੀ।ਉਸਤੋਂ ਬਾਅਦ ਕਲਪਨਾ ਨਾਮ ਦੀ ਲੜਕੀ ਦਾ ਮਾਮਲਾ ਆਇਆ ਉਹ ਵੀ ਇਸੇ ਸੰਗਠਨ ਨਾਲ ਸੰਬੰਧਿਤ ਸੀ ।ਇਸ ਕਰਕੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਲਗਾਤਾਰਤਾ ਵਿੱਚ ਦੇਖਣ ਦੀ ਜਰੂਰਤ ਹੈ। ਇਹ ਸੰਗਠਨ ਆਪਣੇ ਅੰਦਰ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਨ ਦੇ ਵਿੱਚ ਅਸਫਲ ਸਾਬਿਤ ਹੋਇਆ ਹੈ। ਜਿਸ ਕਰਕੇ ਪੂਰੀ ਇਨਕਲਾਬੀ ਲਹਿਰ ਦੀ ਬਦਨਾਮੀ ਹੁੰਦੀ ਹੈ।
ਮੀਟਿੰਗ ਦੌਰਾਨ ਇਹ ਫੈਸਲਾ ਹੋਇਆ ਕਿ ਪੰਜਾਬ ਦੇ ਡੀਜੀਪੀ ਨੂੰ ਮਿਲ ਕੇ ਇਸ ਪੂਰੇ ਮਾਮਲੇ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਮੰਗ ਕੀਤੀ ਕਿ ਦਿਲਜੋਤ ਸ਼ਰਮਾ ਦੀ ਮੌਤ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।


