ਪਿੰਡਾਂ ਵਿੱਚ ਛਿੰਝਾਂ ਪੈਣੀਆਂ ਸਾਡੇ ਖੁਸ਼ਹਾਲ ਤੇ ਰੰਗਲੇ ਪੰਜਾਬ ਦਾ ਵਿਰਸਾ ਚੇਅਰਮੈਨ ਰਮਨ ਬਹਿਲ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਭੁੰਬਲੀ ਛਿੰਝ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਨਗੇ
ਗੁਰਦਾਸਪੁਰ,3 ਸਤੰਬਰ (ਸਰਬਜੀਤ ਸਿੰਘ) – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੁੰਬਲੀ ਦੇ ਇਤਿਹਾਸਕ ਛਿੰਝ ਮੇਲੇ ਦਾ ਅੱਜ ਅਗਾਜ਼ ਹੋ ਗਿਆ ਹੈ। ਧੰਨ-ਧੰਨ ਬਾਬਾ ਚੱਠਾ ਸਾਹਿਬ ਜੀ ਦੀ ਯਾਦ ਵਿੱਚ ਪਿੰਡ ਭੁੰਬਲੀ ਅਤੇ ਇਲਾਕਾ ਵਾਸੀਆਂ ਵੱਲੋਂ ਇਹ ਛਿੰਝ ਮੇਲਾ ਸਦੀਆਂ ਤੋਂ ਹਰ ਸਾਲ ਕਰਵਾਇਆ ਜਾਂਦਾ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਇਸ ਛਿੰਝ ਮੇਲੇ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਮੇਲਿਆਂ ਅਤੇ ਛਿੰਝਾਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਛਿੰਝਾਂ ਦਾ ਪੈਣਾ ਸਾਡੇ ਖੁਸ਼ਹਾਲ ਤੇ ਰੰਗਲੇ ਪੰਜਾਬ ਦਾ ਵਿਰਸਾ ਹਨ। ਉਨ੍ਹਾਂ ਕਿਹਾ ਪਿੰਡ ਭੁੰਬਲੀ ਦੇ ਵਾਸੀ ਇਸ ਗੱਲ ਤੋਂ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਪੰਜਾਬ ਦੀ ਇਸ ਅਮੀਰ ਵਿਰਾਸਤ ਨੂੰ ਨਾ ਸਿਰਫ ਸਾਂਭਿਆ ਹੈ ਸਗੋ ਬੜੀ ਸ਼ਿੱਦਤ ਨਾਲ ਅੱਗੇ ਵੀ ਵਧਾ ਰਹੇ ਹਨ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੀ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪੂਰੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਕਰਾ ਕੇ ਹਰ ਉਮਰ ਦੇ ਪੰਜਾਬੀਆਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਜੇਤੂ ਖਿਡਾਰੀਆਂ ਨੂੰ 6 ਕਰੋੜ ਰੁਪਏ ਦੇ ਇਨਾਮ ਤਕਸੀਮ ਕੀਤੇ ਜਾਣਗੇ ਅਤੇ ਨਾਲ ਹੀ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਂਕਰੀਆਂ ਵਿੱਚ ਰਾਖਵਾਂਕਰਨ ਦਿੱਤਾ ਜਾਵੇਗਾ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ 3 ਸਤੰਬਰ ਨੂੰ ਸੂਬੇ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਪਿੰਡ ਭੁੰਬਲੀ ਦੇ ਖੇਡ ਮੇਲੇ ਵਿੱਚ ਜੇਤੂ ਭਲਵਾਨਾਂ ਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨਗੇ।
ਇਸ ਤੋਂ ਪਹਿਲਾਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪਿੰਡ ਭੁੰਬਲੀ ਵਿਖੇ ਛਿੰਝ ਮੇਲੇ ਦੌਰਾਨ ਲਗਾਏ ਸੱਭਿਆਚਾਰਕ ਮੇਲੇ ਵਿੱਚ ਵੀ ਹਾਜ਼ਰੀ ਭਰੀ। ਲੋਕ ਗਾਇਕ ਕੁਲਵੰਤ ਬਿੱਲਾ ਅਤੇ ਬੀਬਾ ਕੁਲਵੰਤ ਕੌਰ ਦੀ ਗਾਇਕ ਜੋੜੀ ਨੇ ਮਿਰਜਾ ਸਮੇਤ ਪੰਜਾਬ ਲੋਕ ਗਾਇਕੀ ਦੇ ਕਈ ਰੰਗ ਪੇਸ਼ ਕੀਤੇ। ਛਿੰਝ ਮੇਲੇ ਦੀ ਸ਼ੁਰੂਆਤ ਵਿੱਚ ਭਲਵਾਨ ਕਾਲੀ ਬਟਾਲਾ ਅਤੇ ਸੂਰਜ ਡੇਰਾ ਬਾਬਾ ਨਾਨਕ ਦੀ ਕੁਸ਼ਤੀ ਤੋਂ ਹੋਈ ਜਿਸ ਵਿੱਚ ਕਾਲੀ ਬਟਾਲਾ ਨੇ ਬਾਜੀ ਮਾਰੀ।
ਇਸ ਮੌਕੇ ਮੇਲਾ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ, ਮਨਜੀਤ ਸਿੰਘ, ਪ੍ਰਤਾਪ ਸਿੰਘ, ਹਰਪਾਲ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਬਾਊ, ਸਵਿੰਦਰ ਸਿੰਘ ਸਮੇਤ ਹੋਰ ਵੀ ਮੋਹਤਬਰ ਹਾਜ਼ਰ ਸਨ।