ਸਿਹਤ ਵਿਭਾਗ ਦੀ ਟੀਮ ਨੇ ਸਰਕਾਰੀ ਦਫ਼ਤਰਾਂ ਵਿੱਚ ਡੇਂਗੂ ਲਾਰਵੇ ਦੀ ਕੀਤੀ ਚੈਕਿੰਗ

ਗੁਰਦਾਸਪੁਰ

ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ) – ਡੇਂਗੂ ਦੇ ਚਲ ਰਹੇ ਟ੍ਰਾਂਸਮੀਸ਼ਨ ਸੀਜਨ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਦੀ ਅਗੁਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਸਰਕਾਰੀ ਵਿਭਾਗਾਂ ਦੇ ਦਫਤਰਾਂ ਜਿਨ੍ਹਾਂ ਵਿੱਚ ਵਣ ਵਿਭਾਗ, ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ, ਪਾਵਰਕਾਮ, ਬੀ.ਐਸ.ਐਫ. ਰੈਜੀਡੈਂਸ਼ੀਅਲ ਏਰੀਆ ਵਿਖੇ ਡੇਂਗੂ ਦੀ ਬ੍ਰੀਡਿੰਗ ਚੈਕ ਕੀਤੀ ਗਈ।

ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ ਵਣ ਵਿਭਾਗ, ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ, ਬਿਜਲੀ ਬੋਰਡ, ਬੀ.ਐਸ.ਐਫ. ਰੈਜੀਡੈਂਸ਼ੀਅਲ ਏਰੀਆ ਵਿਖੇ ਡਿਸਪੋਸੇਬਲ ਸਮਾਨ, ਟਾਇਰਾਂ, ਕੂਲਰਾਂ ਆਦਿ ਵਿਚੋਂ ਡੇਂਗੂ ਮੱਛਰ ਦਾ ਲਾਰਵਾ ਮਿਲਿਆ ਹੈ। ਇਸ ਸਬੰਧੀ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਨੇ ਮੁੱਖੀਆਂ ਨੂੰ ਕਿਹਾ ਹੈ ਕਿ ਆਪਣੇ ਦਫਤਰ ਵਿਖੇ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਵੇਸਟ ਪਏ ਭਾਂਡਿਆਂ, ਟਾਇਰਾਂ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਕੂਲਰਾਂ ਆਦਿ ਨੂੰ ਖਾਲੀ ਕਰਕੇ ਸੁਕਾਇਆ ਜਾਵੇ। ਇਸ ਤੋਂ ਇਲਾਵਾ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇਅ ਮਨਾਇਆ ਜਾਵੇ, ਜਿਸ ਤਹਿਤ ਕੂਲਰਾਂ, ਫਰਿੱਜਾਂ ਅਤੇ ਵੇਸਟ ਪਾਣੀ ਦੀਆਂ ਟ੍ਰੇਆਂ, ਗਮਲਿਆਂ, ਟੁੱਟੇ-ਫੁੱਟੇ ਬਰਤਨਾਂ, ਬੇਕਾਰ ਪਏ ਟਾਈਰਾਂ ਅਤੇ ਹੋਰ ਪਾਣੀ ਨਾਲ ਸਬੰਧਤ ਕੰਨਟੇਨਰਾਂ ਨੂੰ ਖਾਲੀ ਕਰਕੇ ਸੁਕਾਉਣਾ ਯਕੀਨੀ ਬਣਾਇਆ ਜਾਵੇ।

ਬ੍ਰੀਡਿੰਗ ਚੈਕ ਕਰਨ ਵਾਲੀ ਸਿਹਤ ਵਿਭਾਗ ਦੀ ਟੀਮ ਵੱਲੋਂ ਮੱਛਰ ਦੀ ਬ੍ਰੀਡਿੰਗ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ ਗਈ। ਦਫਤਰਾਂ ਦੇ ਮੁਖੀਆਂ ਨੂੰ ਇਸ ਸਬੰਧੀ ਅਗਾਹ ਕੀਤਾ ਗਿਆ ਕਿ ਜੇਕਰ ਭਵਿੱਖ ਵਿੱਚ ਚੈਕਿੰਗ ਦੌਰਾਨ ਸਬੰਧਤ ਦਫਤਰਾਂ ਵਿਖੇ ਡੇਂਗੂ ਮੱਛਰ ਦੀ ਬ੍ਰੀਡਿੰਗ ਮਿਲਦੀ ਹੈ ਤਾਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਜਾਰੀ ਡੀ.ਓ. ਅਨੁਸਾਰ ਐਮ.ਸੀ. ਐਕਟ 1911 ਦੀ ਧਾਰਾ 211, 219 ਅਤੇ ਪੰਜਾਬ ਮਿਉਂਸੀਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 302, 323 ਅਤੇ ਸਬ ਸੈਕਸ਼ਨ (1) ਆਫ 323 ਦੇ ਤਹਿਤ ਚਲਾਨ ਕੀਤਾ ਜਾਵੇਗਾ।

ਇਸੇ ਦੌਰਾਨ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੁੰਦਾ ਹੈ। ਡੇਂਗੂ ਬਿਮਾਰੀ ਦੇ ਆਮ ਲੱਛਣ ਜਿਵੇਂ ਕਿ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਮਾਸ ਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਜੀਅ ਕੱਚਾ ਹੋਣਾ, ਉਲਟੀਆਂ ਦਾ ਆਉਣਾ, ਹਾਲਤ ਖਰਾਬ ਹੋਣ ਤੇ ਨੱਕ, ਮੁੰਹ ਅਤੇ ਮਸੂੜਿਆਂ ਵਿਚ ਖੂਨ ਵਗਣਾ ਆਦਿ ਹਨ। ਜੇਕਰ ਕਿਸੇ ਵਿਅਕਤੀ ਨੂੰ ਬੁਖਾਰ ਦੌਰਾਨ ਉਪਰੋਕਤ ਦਰਸਾਏ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਸੰਪਰਕ ਕਰੋ। ਡੇਂਗੂ ਬੁਖਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *