ਫਿਰਕੂ-ਫਾਸ਼ੀ, ਵੱਖਵਾਦੀ ਏਜੰਡੇ ਅਤੇ ਲੋਕ ਮਾਰੂ-ਦੇਸ਼ ਵਿਰੋਧੀ ਨੀਤੀਆਂ ਤੋਂ ਮੁਕਤੀ ਦਾ ਘੋਲ ਪ੍ਰਚੰਡ ਕਰੋ – ਸੇਖੋਂ
ਸੰਗਰੂਰ, ਗੁਰਦਾਸਪੁਰ 11 ਮਾਰਚ (ਸਰਬਜੀਤ ਸਿੰਘ)– “ਵੰਨ ਸੁਵੰਨੇ ਦਲ-ਬਦਲੂਆਂ ਤੇ ਹੌਲੇ ਕਿਰਦਾਰ ਦੇ ਮਾਲਕ ਭ੍ਰਿਸ਼ਟ ਲੀਡਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਜਾਂ ਸੀ.ਬੀ.ਆਈ., ਈ.ਡੀ., ਇਨਕਮ ਟੈਕਸ ਵਿਭਾਗ ਆਦਿ ਰਾਹੀਂ ਡਰਾ ਕੇ ਧੜਾਧੜ ਭਾਜਪਾ ’ਚ ਸ਼ਾਮਲ ਕਰਵਾਉਣ ਅਤੇ ਹਰ ਤਰ੍ਹਾਂ ਦੇ ਅਨੈਤਿਕ ਹੱਥਕੰਡੇ ਵਰਤਣ ਦੇ ਬਾਵਜੂਦ ਦੇਸ਼ ਵਾਸੀ 2024 ਦੀਆਂ ਲੋਕ ਸਭਾ ਚੋਣਾਂ ’ਚ ਲੋਕਾਂ ਦਾ ਜੀਵਨ ਨਰਕ ਤੋਂ ਵੀ ਭੈੜਾ ਬਣਾਉਣ ਵਾਲੀ ਮੋਦੀ-ਸ਼ਾਹ ਸਰਕਾਰ ਨੂੰ ਕੇਂਦਰੀ ਸੱਤਾ ਤੋਂ ਲਾਂਭੇ ਕਰਨ ਦਾ ਪੱਕਾ ਮਨ ਬਣਾ ਚੁੱਕੇ ਹਨ। ਪ੍ਰਧਾਨ ਮੰਤਰੀ ਦੀ ਬੁਖਲਾਹਟ ਅਤੇ ਉਨ੍ਹਾਂ ਵਲੋਂ ਵਰਤੀ ਜਾ ਰਹੀ ਅਭੱਦਰ ਭਾਸ਼ਾ ਭਾਜਪਾ ਦੀ ਭਵਿੱਖੀ ਹਾਰ ਦੇ ਸਪਸ਼ਟ ਸੰਕੇਤ ਹਨ।’’
ਇਹ ਸ਼ਬਦ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ-ਯੂਨਾਇਟਿਡ (ਐਮ.ਸੀ.ਪੀ.ਆਈ.-ਯੂ.) ’ਤੇ ਆਧਾਰਿਤ ‘ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ’ (ਸੀ.ਸੀ.ਸੀ.) ਵਲੋਂ ਇੱਥੋਂ ਦੀ ਦਾਣਾ ਮੰਡੀ ਵਿਖੇ ਸੱਦੀ ਗਈ “ਭਾਜਪਾ ਹਰਾਓ, ਕਾਰਪੋਰੇਟ ਭਜਾਓ, ਦੇਸ਼ ਬਚਾਉ’’ ਰੈਲੀ ਵਿਚ ਸ਼ਾਮਲ ਭਾਰੀ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੇ।
ਸਾਥੀ ਪਾਸਲਾ ਨੇ ਕਿਹਾ ਕਿ ਆਪਣੀ ਹਾਰ ਨੂੰ ਪ੍ਰਤੱਖ ਦੇਖਦਿਆਂ ਆਰ.ਐਸ.ਐਸ. ਤੇ ਇਸ ਦਾ ਰਾਜਸੀ ਵਿੰਗ ਭਾਜਪਾ, ਫਿਰਕੂ ਵੰਡ ਤਿੱਖੀ ਕਰਨ ਅਤੇ ਦੰਗੇ ਭੜਕਾਉਣ ਦੇ ਦੇਸ਼ ਦੇ ਅਮਨ-ਚੈਨ ਅਤੇ ਸਾਂਝੀਵਾਲਤਾ ਲਈ ਸਿਰੇ ਦੇ ਘਾਤਕ ਮਨਸੂਬੇ ਘੜੀ ਬੈਠੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ-ਅਖੰਡਤਾ ਨੂੰ ਗੰਭੀਰ ਖਤਰਾ ਪੁਚਾਉਣ ਵਾਲੀਆਂ ਸੰਘ-ਭਾਜਪਾ ਦੀਆਂ ਇਨ੍ਹਾਂ ਵੰਡਵਾਦੀ ਕੁਚਾਲਾਂ ਨੂੰ ਫੇਲ੍ਹ ਕਰਨਾ ਦੇਸ਼ ਦਾ ਭਲਾ ਸੋਚਣ ਵਾਲਿਆਂ ਦਾ ਅਜੋਕਾ ਪਰਮ ਪਵਿੱਤਰ ਫਰਜ਼ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਇਹ ਇਕ ਪਲ ਲਈ ਵੀ ਭੁਲਾਉਣਾ ਨਹੀਂ ਚਾਹੀਦਾ ਕਿ ਆਰ.ਐਸ.ਐਸ. ਦਾ ਅਸਲ ਨਿਸ਼ਾਨਾ ਭਾਰਤ ਅੰਦਰ ਕਾਰਪੋਰੇਟੀ ਲੁੱਟ-ਖਸੁੱਟ ਨੂੰ ਮਜ਼ਬੂਤ ਕਰਨਾ ਤੇ ਸੰਘਾਤਮਕ, ਧਰਮ ਨਿਰਪੱਖ ਤੇ ਲੋਕਰਾਜੀ ਢਾਂਚੇ ਨੂੰ ਤਬਾਹ ਕਰਕੇ ਦੇਸ਼ ਅੰਦਰ ਧਰਮ ਅਧਾਰਤ, ਫਾਸ਼ੀ ਤਰਜ਼ ਦਾ, ਗੈਰ ਲੋਕਰਾਜੀ ਢਾਂਚਾ ਸਥਾਪਤ ਕਰਨਾ ਹੈ। ਘੱਟ ਗਿਣਤੀਆਂ ਦਾ ਘਾਣ ਕਰਨ ਵਾਲਾ ਇਹ ‘ਮਨੂੰਵਾਦੀ’ ਸਮਾਜਿਕ ਢਾਂਚਾ ਜਾਤੀ-ਪਾਤੀ ਅੱਤਿਆਚਾਰਾਂ ਅਤੇ ਔਰਤਾਂ ਦੇ ਕਠੋਰ ਉਤਪੀੜਨ ਨੂੰ ਸੰਸਥਾਗਤ ਰੂਪ ਪ੍ਰਦਾਨ ਕਰਨ ਦਾ ਸਾਧਨ ਬਣੇਗਾ। ਦੇਸ਼ ਭਰ ਵਿਚ ਦਲਿਤਾਂ, ਔਰਤਾਂ, ਆਦਿਵਾਸੀਆਂ ਅਤੇ ਮੁਸਲਮਾਨਾਂ ਤੇ ਈਸਾਈਆਂ ’ਤੇ ਫਿਰਕੂ ਸ਼ਕਤੀਆਂ ਦੇ ਨਿੱਤ ਵੱਧ ਰਹੇ ਹਿੰਸਕ ਹਮਲੇ ਆਰ.ਐਸ.ਐਸ. ਦੇ ਇਸ ‘ਧਰਮੀ’ ਰਾਸ਼ਟਰ ਦਾ ਅਜੋਕਾ ਭੱਦਾ ਨਮੂਨਾ ਹਨ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸੰਘ ਵਲੋਂ ਚਿਤਵਿਆ ਉਕਤ ‘ਧਰਮ ਅਧਾਰਤ’ ਫਿਰਕੂ ਢਾਂਚਾ ਮੁੱਠੀ ਭਰ ਲੁਟੇਰੇ ਹਾਕਮਾਂ ਲਈ ਵਰਦਾਨ ਅਤੇ ਵੱਖੋ-ਵੱਖ ਧਰਮਾਂ ਨੂੰ ਮੰਨਣ ਵਾਲੇ ਦੇਸ਼ ਦੇ ਸਾਰੇ ਗਰੀਬਾਂ ਤੇ ਲੁੱਟੇ-ਲਤਾੜੇ ਤਬਕਿਆਂ ਅਤੇ ਇਸਤਰੀਆਂ ਲਈ ਕੁੰਭੀ ਨਰਕ ਸਿੱਧ ਹੋਵੇਗਾ।
ਉਨ੍ਹਾਂ ਤੰਜ਼ ਨਾਲ ਕਿਹਾ ਕਿ ਮੋਦੀ ਸਰਕਾਰ ਵੱਲੋਂ ਤਤਪਰਤਾ ਨਾਲ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਘਰਾਣਿਆਂ ਪੱਖੀ ਦੇਸ਼ ਧ੍ਰੋਹੀ ਆਰਥਿਕ ਨੀਤੀਆਂ, ਜਿਨ੍ਹਾਂ ਦੇ ਨਤੀਜੇ ਵਜੋਂ ਸਰਕਾਰੀ ਅਦਾਰੇ ਅਤੇ ਕੁਦਰਤੀ ਵਸੀਲੇ ਕਾਰਪੋਰੇਟ ਘਰਾਣਿਆਂ ਕੋਲ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ, ਬੇਰੁਜ਼ਗਾਰੀ-ਮਹਿੰਗਾਈ ’ਚ ਲੱਕ ਤੋੜਵਾਂ ਵਾਧਾ ਹੋਇਆ ਹੈ ਤੇ ਅਮੀਰ-ਗਰੀਬ ਵਿਚਕਾਰ ਆਰਥਿਕ ਪਾੜਾ ਖਤਰਨਾਕ ਹੱਦਾਂ ਪਾਰ ਕਰ ਗਿਆ ਹੈ, ਅਖੋਤੀ ਹਿੰਦੂ ਰਾਸ਼ਟਰ ਦਾ ‘ਅਤਿ ਉੱਤਮ’ ਟ੍ਰੇਲਰ ਹਨ।
ਇਸ ਮੌਕੇ ਬੋਲਦਿਆਂ ਐਮ.ਸੀ.ਪੀ.ਆਈ.-ਯੂ. ਦੀ ਪੋਲਿਟ ਬਿਊਰੋ ਦੇ ਮੈਂਬਰ ਕਾਮਰੇਡ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਭਾਜਪਾ ਦੀਆਂ ਇਨ੍ਹਾਂ ਹੀ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੇ ਨਤੀਜੇ ਵਜੋਂ ਦੇਸ਼ ਦਾ ਆਰਥਿਕ ਢਾਂਚਾ ਭਾਰੀ ਮੰਦੀ ਦਾ ਸ਼ਿਕਾਰ ਹੈ ਅਤੇ ਵਿਦਿਆ, ਸਿਹਤ ਸੇਵਾਵਾਂ, ਸਮਾਜਿਕ ਸੁਰੱਖਿਆ ਦੀ ਅਣਹੋਂਦ ਕਾਰਨ ਆਮ ਲੋਕ ਚੌਤਰਫ਼ਾ ਮੁਸੀਬਤਾਂ ’ਚ ਘਿਰ ਗਏ ਹਨ। ਸਨਅਤੀ ਤੇ ਖੇਤੀ ਸੰਕਟ ਕਾਰਨ ਮਜ਼ਦੂਰ-ਕਿਸਾਨ ਤੇ ਛੋਟੇ ਕਾਰੋਬਾਰੀ ਕਰਜ਼ੇ ਦੇ ਭਾਰ ਹੇਠਾਂ ਦੱਬੇ ਗਏ ਹਨ ਅਤੇ ਖੁਦਕੁਸ਼ੀਆਂ ’ਚ ਭਾਰੀ ਵਾਧਾ ਹੋਇਆ ਹੈ। ਦੂਸਰੇ ਪਾਸੇ ਕਾਰਪੋਰੇਟ ਘਰਾਣਿਆਂ ਤੇ ਵੱਡੇ ਧਨਵਾਨ ਲੋਕਾਂ ਦੇ 14 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਕੇ ਲੋਕਾਂ ਦੀ ਕਮਾਈ ’ਤੇ ਡਾਕਾ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਡਾਢੀ ਚਿੰਤਾ ਦਾ ਵਿਸ਼ਾ ਹੈ ਕਿ ਟੈਕਸਾਂ ਦੀ ਵੰਡ ’ਚ ਸੂਬਿਆਂ ਨਾਲ ਕੀਤੇ ਜਾ ਰਹੇ ਘੋਰ ਵਿਤਕਰੇ ਸਦਕਾ ਜੋਰ ਫੜ੍ਹ ਰਹੀ ਬੇਗਾਨਗੀ ਦੀ ਭਾਵਨਾ ਭਵਿੱਖ ਵਿਚ ਦੇਸ਼ ਦੀ ਏਕਤਾ-ਅਖੰਡਤਾ ਲਈ ਬਹੁਤ ਘਾਤਕ ਸਿੱਧ ਹੋਵੇਗੀ।
ਸੇਖੋਂ ਨੇ ਐਲਾਨ ਕੀਤਾ ਕਿ ਆਰ.ਐਮਪੀ.ਆਈ, ਅਤੇ ਐਮ.ਸੀ.ਪੀ.ਆਈ. (ਯੂ) ਸੰਘ ਦੇ ਫਿਰਕੂ-ਫਾਸ਼ੀ ਏਜੰਡੇ ਅਤੇ ਸਾਮਰਾਜੀਆਂ ਤੇ ਕਾਰਪੋਰੇਟਾਂ ਦੇ ਹਿਤਾਂ ਦੀ ਰਾਖੀ ਲਈ ਘੜੀਆਂ ਗਈਆਂ ਨਵ ਉਦਾਰਵਾਦੀ ਨੀਤੀਆਂ ਵਿਰੁੱਧ ਵਿਚਾਰਧਾਰਕ ਤੇ ਰਾਜਸੀ ਸੰਘਰਸ਼ ਨਿਰੰਤਰ ਤਿੱਖਾ ਕਰਨਗੀਆਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਅੰਦਰ ਭਾਜਪਾ ਤੇ ਇਸਦੇ ਇਤਿਹਾਦੀਆਂ ਨੂੰ ਹਰਾਉਣ ਲਈ ਗੈਰ ਭਾਜਪਾ ਤੇ ਖੱਬੇ ਪੱਖੀ ਰਾਜਨੀਤਕ ਦਲਾਂ ਦੀ ਪੂਰਨ ਹਮਾਇਤ ਕਰਨਗੀਆਂ।
ਸਾਥੀ ਪਾਸਲਾ ਤੇ ਸੇਖੋਂ ਨੇ ਇਲਜ਼ਾਮ ਲਗਾਇਆ ਕਿ ਸੰਘ ਸਮਰਥਤ ਮੋਦੀ ਸਰਕਾਰ ਨੇ ਦੇਸ਼ ਦੀਆਂ ਚੋਣ ਕਮਿਸ਼ਨ, ਕੌਮੀ ਸੁਰੱਖਿਆ ਸਲਾਹਕਾਰ ਆਦਿ ਜਿਹੀਆਂ ਖੁਦ ਮੁਖਤਿਆਰ ਸੰਵਿਧਾਨਕ ਸੰਸਥਾਵਾਂ ਨੂੰ ਰਾਜ ਕਰਦੀ ਧਿਰ ਦਾ ਅੰਗ ਬਣਾ ਛੱਡਿਆ ਹੈ। ਨਿਆਂ ਪ੍ਰਣਾਲੀ ਨੂੰ ਵੀ ਵਰਤਮਾਨ ਹੁਕਮਰਾਨਾਂ ਦੇ ਵਿਚਾਰਧਾਰਕ ਚੌਖਟੇ ’ਚ ਫਿਟ ਕਰਨ ਦੇ ਯਤਨ ਲਗਾਤਾਰ ਜਾਰੀ ਹਨ। ਇਹੋ ਨਹੀਂ, ਫੌਜ ਤੇ ਅਰਧ ਸੈਨਿਕ ਬਲਾਂ ਅਤੇ ਪੁਲਸ-ਪ੍ਰਸ਼ਾਸ਼ਨਿਕ ਮਸ਼ੀਨਰੀ ਦਾ ਫਿਰਕੂਕਰਨ ਕੀਤਾ ਜਾ ਰਿਹਾ ਹੈ। ਇਹ ਸਾਰੇ ਰੁਝਾਣ ਭਾਰਤ ਅੰਦਰ ਤਾਨਾਸ਼ਾਹ ਢਾਂਚੇ ਦੀ ਕਾਇਮੀ ਦੇ ਖਤਰਨਾਕ ਸੰਕੇਤ ਹਨ।
ਆਰ.ਐਮ.ਪੀ.ਆਈ. ਦੀ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ‘ਸੀਸੀਸੀ’, ਭਾਜਪਾ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਯਤਨਸ਼ੀਲ ਦੇਸ਼ ਦੀਆਂ ਜਮਹੂਰੀ, ਧਰਮ ਨਿਰਪੱਖ ਅਤੇ ਪ੍ਰਗਤੀਸ਼ੀਲ ਧਿਰਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਕਾਮਯਾਬੀ ਲਈ ਸਾਰੀਆਂ ਖੱਬੀਆਂ ਧਿਰਾਂ, ਸਿਵਲ ਸੁਸਾਇਟੀ ਅਤੇ ਬੁੱਧੀਜੀਵੀਆਂ ਨੂੰ ਇਕਜੁੱਟ ਕਰਨ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ, ਵਾਅਦਾ ਖਿਲਾਫੀਆਂ, ਪ੍ਰਸ਼ਾਸ਼ਨਿਕ ਨਾਕਾਮੀਆਂ ਅਤੇ ਸੰਘਰਸ਼ੀ ਧਿਰਾਂ ‘ਤੇ ਚਲਾਏ ਜਾ ਰਹੇ ਜਬਰ ਦੇ ਕੁਹਾੜੇ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਰਾਜ ਕਮੇਟੀ ਨਸ਼ਾ ਸਮਗਲਰਾਂ ਅਤੇ ਮਾਫੀਆ ਤੰਤਰ ਦੀ ਮਨਚਾਹੀ ਲੁੱਟ ਖਿਲਾਫ਼ ਸੂਬੇ ਦੇ ਲੋਕਾਂ ਨੂੰ ਨਾਲ ਲੈਕੇ ਤਿੱਖਾ ਜਨ ਸੰਗਰਾਮ ਆਰੰਭੇਗੀ। ਦੋਹਾਂ ਪਾਰਟੀਆਂ ਦੀਆਂ ਕੇਂਦਰੀ ਕਮੇਟੀਆਂ ਦੇ ਮੈਂਬਰਾਨ ਗੁਰਨਾਮ ਸਿੰਘ ਦਾਊਦ, ਪ੍ਰੋ. ਜੈਪਾਲ ਸਿੰਘ, ਮੰਗਤ ਰਾਮ ਲੋਗੌਂਵਾਲ, ਮਹੀਪਾਲ, ਸੱਜਣ ਸਿੰਘ ਅਤੇ ਸੀਨੀਅਰ ਸੂਬਾਈ ਆਗੂਆਂ ਸਾਥੀ ਦੇਵ ਰਾਜ ਵਰਮਾ ਤੇ ਪ੍ਰੋ ਸੁਰਿੰਦਰ ਕੌਰ ਜੈਪਾਲ ਨੇ ਵੀ ਵਿਚਾਰ ਰੱਖੇ। ਮੰਚ ਦੀ ਕਾਰਵਾਈ ਸਾਥੀ ਊਧਮ ਸਿੰਘ ਸੰਤੋਖਪੁਰਾ ਨੇ ਚਲਾਈ।
ਦੋਹਾਂ ਪਾਰਟੀਆਂ ਦੇ ਸੂਬਾਈ ਆਗੂਆਂ ਨਰੰਜਣ ਸਿੰਘ ਸਫੀਪੁਰ, ਸਰਬਜੀਤ ਸਿੰਘ ਵੜੈਚ, ਹਰਮੇਲ ਸਿੰਘ ਮਹਿਰੋਕ, ਮੱਖਣ ਸਿੰਘ ਜਖੇਪਲ, ਗੁਰਤੇਜ ਸਿੰਘ ਜਨਾਲ, ਮਲਕੀਤ ਸਿੰਘ ਵਜੀਦ ਕੇ, ਰਘਬੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਜਗਦੀਸ਼ ਚੰਦਰ, ਪੂਰਨ ਚੰਦ ਨਨਹੇੜਾ, ਲਾਲ ਚੰਦ ਸਰਦੂਲਗੜ੍ਹ, ਹਰਨੇਕ ਸਿੰਘ ਗੁੱਜਰਵਾਲ, ਪਰਮਜੀਤ ਸਿੰਘ, ਘਣਸ਼ਾਮ ਸਿੰਘ ਤੋਂ ਇਲਾਵਾ ਹਰੀ ਸਿੰਘ ਢੀਂਡਸਾ, ਅਮਰਜੀਤ ਸਿੰਘ ਕੁੱਕੂ, ਇੰਦਰਜੀਤ ਸਿੰਘ ਗਰੇਵਾਲ ਵੀ ਮੌਜੂਦ ਸਨ। ਰੈਲੀ ਤੋਂ ਪਿਛੋਂ ਅਨਾਜ ਮੰਡੀ ਤੋਂ ਲੈਕੇ ਜਿਲ੍ਹਾ ਕਚਹਿਰੀ ਤੱਕ ਸ਼ਾਨਦਾਰ ਮਾਰਚ ਵੀ ਕੀਤਾ ਗਿਆ