ਕਮਿਊਨਿਸਟ ਮੈਨੀਫੈਸਟੋ ਦੇ 175 ਸਾਲਾਂ ਦੇ ਸਫਰ ਨੂੰ ਸਮਰਪਿਤ ਹੋਵੇਗਾ ਜੋੜ ਮੇਲੇ ਦਾ ਦੂਜਾ ਦਿਨ, ਤਿੰਨ ਚਿੰਤਨੀ ਬੈਠਕਾਂ-ਸੁਖਦਰਸ਼ਨ ਸਿੰਘ ਨੱਤ

ਬਠਿੰਡਾ-ਮਾਨਸਾ

ਪੰਜਵਾਂ ਪੂਰਨਮਾਸ਼ੀ ਪੰਜਾਬੀ ਜੋੜ ਮੇਲਾ ਢੁੱਡੀਕੇ


ਮਾਨਸਾ, ਗੁਰਦਾਸਪੁਰ, 19 ਨਵੰਬਰ (ਸਰਬਜੀਤ ਸਿੰਘ)–ਕੇਂਦਰੀ ਕਮੇਟੀ ਦੇ ਮੈਂਬਰ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਬੀਤੇ ਦਿਨ੍ਹੀ ਪੱਛਮੀ ਯੂਰਪ ਦੇ ਬੁਰਜੂਆ ਮੱਧ ਵਰਗ ਨੇ ਕਿਰਤੀਆਂ ਕਿਸਾਨਾਂ ਦੇ ਸਹਿਯੋਗ ਨਾਲ ਰਜਵਾੜਾਸ਼ਾਹੀ ਖ਼ਿਲਾਫ਼ ਵਿਦਰੋਹ ਵਿੱਢ ਦਿੱਤੇ। ਪੁਰਾਣੇ ਢਾਂਚੇ ਦੀਆਂ ਨੀਹਾਂ ਹਿੱਲ ਗਈਆਂ ਤਾਂ ਬੁਰਜੂਆ ਜਮਾਤ ਨੇ ਕਿਰਤੀਆਂ ਨੂੰ ਬੇਦਾਵਾ ਦੇ ਕੇ ਰਜਵਾੜੇ ਰਾਠਾਂ ਨਾਲ ਯਾਰੀ ਗੰਢ ਲਈ। ਇਸ ਰਾਜਸੀ-ਵਿਚਾਰਧਾਰਕ ਧ੍ਰੋਹ ਦੀ ਪਿੱਠ ਭੂਮੀ ਕਿਰਤੀਆਂ ਦੇ ਨਜ਼ਰੀਏ ਤੋਂ ਖ਼ੁਦਮੁਖ਼ਤਾਰ ਰਾਜਨੀਤਕ ਰਣਨੀਤੀ ਘੜ੍ਹਣ ਹਿਤ ਕਾਰਲ ਮਾਰਕਸ ਅਤੇ ਫ਼੍ਰੈਡਰਿਖ ਐਂਗਲਜ਼ ਨੇ ਬੇਜੋੜ ਦਸਤਾਵੇਜ਼ ‘ਕਮਿਊਨਿਸਟ ਮੈਨੀਫੈਸਟੋ’ ਲਿਖਿਆ। ਕੁੱਲ ਜਗਤ ਨੂੰ ਅਸਰ ਅੰਦਾਜ਼ ਕਰਨ ਵਾਲੀ ਇਸ ਛੋਟੀ ਕਿਤਾਬੜੀ ਨੇ ਪੰਜਾਬ ਵਿਚ ਆਪਣਾ ਭਰਪੂਰ ਦਖਲ ਬਣਾ ਕੇ ਰੱਖਿਆ ਹੈ। ਜਸਵੰਤ ਸਿੰਘ ਕੰਵਲ ਦੀ ਸਮੁੱਚੀ ਰਚਨਾਕਾਰੀ ਨੂੰ ਇਸ ਮੈਨੀਫੈਸਟੋ ਦੀ ਪੰਜਾਬੀ ਪੜ੍ਹਤ ਵਜੋਂ ਵੀ ਵੇਖਿਆ ਜਾ ਸਕਦਾ ਹੈ, ਜਿੱਥੇ ਪੰਜਾਬੀ ਜੁਝਾਰੂ ਪਰੰਪਰਾ ਆਪਣੇ ਜੁੱਸੇ ਵਿਚ ਮਾਰਕਸਵਾਦ ਨੂੰ ਜਜ਼ਬ ਕਰਦਿਆਂ ਅਗਾਂਹ ਤੁਰਦੀ ਹੈ। ਗ਼ਦਰੀਆਂ ਤੋਂ ਲੈ ਕੇ ਕਿਸਾਨ ਅੰਦੋਲਨ ਤੱਕ ਪੰਜਾਬ ਦੀ ਖੱਬੀ ਲਹਿਰ, ਜਥੇਬੰਦੀਆਂ ਅਤੇ ਰਣਨੀਤੀ ਦੀ ਸਿਧਾਂਤਕਾਰੀ; ਉਤਰਾਅ-ਚੜ੍ਹਾਅ; ਭਵਿੱਖ ਦੀ ਨੁਹਾਰ ਘੜ੍ਹਣ ਦੇ ਹਵਾਲੇ ਨਾਲ ਅਸੀਂ ਕਮਿਊਨਿਸਟ ਮੈਨੀਫੈਸਟੋ ਦੀ ਸਾਰਥਕਤਾ, ਬਣਤਰ ਅਤੇ ਵਿਚਾਰਕ ਇਤਿਹਾਸ ਦੀ ਸੰਜੀਦਾ ਪੜ੍ਹਤ ਕਰ ਸਕਦੇ ਹਾਂ। ਯੂਨੀਵਰਸਿਟੀ ਇੰਗਲੈਂਡ ਦੇ ਸੋਸ਼ਇਆਲੋਜੀ ਵਿਭਾਗ ਦੇ ਪ੍ਰੋ. ਵਰਿੰਦਰ ਸਿੰਘ ਕਮਿਊਨਿਸਟ ਮੈਨੀਫੈਸਟੋ ਦੀ ਵਿਚਾਰਕ ਬਣਤਰ ਦੀਆਂ ਤੈਹਾਂ-ਪਰਤਾਂ ਦੀ ਸਮੀਖਿਆ ਕਰਨਗੇ। ਦੁਪਹਿਰ 12:30 ਵਜੇ ਕਾ. ਸੁਖਦਰਸ਼ਨ ਨੱਤ ਅਤੇ ਚਰਨ ਗਿੱਲ ਪੰਜਾਬ ਦੇ ਸਦੀ ਪੁਰਾਣੇ ਖੱਬੇ-ਪੱਖੀ ਅੰਦੋਲਨ ਦੀ ਸਿਧਾਂਤਕਾਰੀ ਬਾਰੇ ਤਜ਼ਕਰਾ ਕੀਤਾ। ਨੌਜਵਾਨ ਅਰਥ ਸ਼ਾਸਤਰੀ ਬਲਦੇਵ ਸਿੰਘ ਸ਼ੇਰਗਿੱਲ ਇਸ ਬੈਠਕ ਦੇ ਸੂਤਰਧਾਰ ਹੋਏ। ਦੁਪਿਹਰ 3:00 ਵਜੇ ਡਾ. ਜਗਜੀਤ ਚੀਮਾ ਅਤੇ ਇਤਿਹਾਸਕਾਰ ਪ੍ਰੋ. ਸੁਖਦੇਵ ਸਿੰਘ ਸੋਹਲ ਪੰਜਾਬ ਦੇ ਖੱਬੇ-ਪੱਖੀ ਅੰਦੋਲਨ ਦੇ ਇਤਿਹਾਸਕ ਸਫਰ ਦੇ ਸੰਕਲਪੀ ਚੌਖਟੇ ਬਾਰੇ ਵਾਰਤਾ ਕੀਤੀ।

Leave a Reply

Your email address will not be published. Required fields are marked *