ਮਾਨਸਾ, ਗੁਰਦਾਸਪੁਰ, 13 ਜੂਨ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਅੱਜ ਬਰੇਟਾ ਵਿਖੇ ਇਕ ਦੁਕਾਨਦਾਰ ਦੀ ਬੈਂਕ ਵਲੋਂ ਕਰਵਾਈ ਜਾ ਰਹੀ ਕੁਰਕੀ ਰੋਕਣ ਪਹੁੰਚੇ ਪੰਜਾਬ ਕਿਸਾਨ ਯੂਨੀਅਨ ਦੇ ਵਰਕਰਾਂ ਉਤੇ ਪੁਲਸ ਵਲੋਂ ਕੀਤੇ ਲਾਠੀਚਾਰਜ ਅਤੇ ਜਥੇਬੰਦੀ ਦੇ ਸੂਬਾਈ ਆਗੂ ਕਾਮਰੇਡ ਗੁਰਜੰਟ ਸਿੰਘ ਅਤੇ ਜ਼ਿਲਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਸਮੇਤ ਤਿੰਨ ਦਰਜਨ ਦੇ ਕਰੀਬ ਵਰਕਰਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ ਕੀਤੀ ਹੈ।
ਪਾਰਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕੱਲ ਮੁੱਖ ਮੰਤਰੀ ਵਲੋਂ ਮਾਨਸਾ ਵਿਖੇ ਜਨਤਕ ਜਥੇਬੰਦੀਆਂ ਨੂੰ ਬੁਲਾ ਕੇ ਬਿਨਾਂ ਮਿਲੇ ਖਿਸਕ ਜਾਣਾ ਅਤੇ ਅੱਜ ਕੁਰਕੀ ਰੋਕਣ ਗਏ ਕਿਸਾਨ ਜਥੇਬੰਦੀ ਦੇ ਵਰਕਰਾਂ ਉਤੇ ਸੂਬੇ ਵਿਚ ਪਹਿਲੀ ਵਾਰ ਹੋਇਆ ਇਹ ਲਾਠੀਚਾਰਜ ਮਾਨ ਸਰਕਾਰ ਵਲੋਂ ਅਖਤਿਆਰ ਕੀਤੀ ਸਪਸ਼ਟ ਲੋਕ ਵਿਰੋਧੀ ਨੀਤੀ ਦਾ ਸਬੂਤ ਹੈ, ਜਿਸ ਦਾ ਜਨਤਕ ਪੱਧਰ ‘ਤੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।