ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)–ਅੱਜ ਇੱਥੇ ਦਰਬਾਰ ਸਾਹਿਬ ਗੁਰਦੁਆਰਾ ਵਿਖੇ ਪੰਜਾਬ ਕਿਸਾਨ ਯੂਨੀਅਨ ਦਾ ਜਿਲਾ ਇਜਲਾਸ ਕੁਲਵੰਤ ਸਿੰਘ ਰਾਮਦੀਵਾਲੀ, ਜਰਨੈਲ ਸਿੰਘ ਸਪਰਾਕੋਠੀ ਅਤੇ ਬਲਬੀਰ ਸਿੰਘ ਉਚਾਧਕਾਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
ਇਜਲਾਸ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਐਮ ਐਸ ਪੀ ਨੂੰ ਲਾਗੂ ਕਰਨ ਦਾ ਵਾਇਦਾ ਕੀਤਾ ਸੀ ਜਿਸ ਵਾਇਦੇ ਤੋਂ ਸਰਕਾਰ ਪਿਛੇ ਹੱਟ ਰਹੀ ਹੈ। ਸਰਕਾਰ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨ ਦੀ ਬਜਾਏ ਕਿਸਾਨ ਮੋਰਚੇ ਨੂੰ ਵੰਡਣ ਦੇ ਯਤਨਾਂ ਵਿੱਚ ਲੱਗੀ ਪਈ ਹੈ। ਮਾਨਸਾ ਨੇ ਕਿਹਾ ਕਿ ਸਰਕਾਰ ਦੇਸ ਦੇ ਵੱਖ ਵੱਖ ਵਰਗਾਂ ਵੱਲੋਂ ਲਾਏ ਮੋਰਚਿਆਂ ਦੀਆਂ ਮੰਗਾਂ ਮੰਨਣ ਦੀ ਬਜਾਏ ਚੁਪ ਧਾਰੀ ਬੈਠੀ ਹੈ। ਉਨ੍ਹਾਂ ਪਹਿਲਵਾਨਾਂ ਅਤੇ ਸਾਬਕਾ ਫੌਜੀਆਂ ਦੇ ਦਿਲੀ ਵਿਚ ਚਲ ਰਹੇ ਮੋਰਚਿਆਂ ਦੀ ਹਮਾਇਤ ਕਰਦਿਆਂ ਕਿਹਾ ਕਿ ਆਖਰ ਸਰਕਾਰ ਨੂੰ ਝੁਕਣਾ ਹੀ ਪਵੇਗਾ। ਮਾਨਸਾ ਨੇ ਮਜ਼ਦੂਰ ਕਿਸਾਨ ਏਕਤਾ ਦੀ ਵਿਸ਼ਾਲ ਏਕਤਾ ਉਸਾਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅਣਖ਼ ਗੈਰਤ ਦੀ ਜ਼ਿੰਦਗੀ ਜਿਊਣ ਲਈ ਸੰਘਰਸ਼ ਹੀ ਇਕੋਂ ਇਕ ਰਸਤਾ ਬਚਿਆ ਹੈ। ਉਨ੍ਹਾਂ ਮਾਨ ਸਰਕਾਰ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਸਰਕਾਰ ਦੇ 14ਮਹੀਨੇ ਦੇ ਰਾਜ ਵਿੱਚ ਨਸ਼ਿਆਂ ਅਤੇ ਗੈਂਗਸਟਰ ਦੇ ਬੋਲਬਾਲੇ ਵਿੱਚ ਵਾਧਾ ਹੋਇਆ ਹੈ ਜ਼ੋ ਸਰਕਾਰ ਦੀ ਨਾਕਾਮੀ ਸਿਧ ਹੋਈ ਹੈ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣਕਲਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਆਮ ਜਨਤਾ ਦੀਆਂ ਸਮਸਿਆਵਾਂ ਦੇ ਹੱਲ ਲਈ ਸੋਚਣ ਦੀ ਬਜਾਏ ਦੇਸ ਵਿਚ ਲੋਕਾਂ ਨੂੰ ਵੰਡਣ, ਸੰਵਿਧਾਨ ਨੂੰ ਤੋੜਨ, ਕਨੂੰਨੀ ਤੌਰ ਉੱਪਰ ਅਜਾਦ ਸੰਸਥਾਵਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣ ਅਤੇ ਦੇਸ਼ ਵਿਚ ਹਿੰਦੂ ਰਾਸ਼ਟਰ ਦੇ ਏਜੰਡੇ ਤੇ ਕੰਮ ਕਰ ਰਹੀ ਹੈ। ਇਸ ਸਮੇਂ 17 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਇਜਲਾਸ ਵਿੱਚ ਮਜ਼ਦੂਰ ਮੁਕਤੀ ਮੋਰਚੇ ਦੇ ਪੰਜਾਬ ਦੇ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ, ਜਰਨੈਲ ਸਿੰਘ ਸਪਰਾਕੋਠੀ, ਲਖਵਿੰਦਰ ਸਿੰਘ ਰੋਸੇ, ਜੋਗਿੰਦਰ ਪਾਲ ਵੇਹਲ, ਸੁਰਜੀਤ ਸਿੰਘ ਬਾਜਵਾ, ਬਲਜੀਤ ਸਿੰਘ ਖੰਨਾ ਚਮਾਰਾਂ, ਬੇਅੰਤ ਪਾਲ ਸਿੰਘ, ਦਲਬੀਰ ਭੋਲਾ, ਪਲਵਿੰਦਰ ਸਿੰਘ ਬਿਲਾ ਆਦਿ ਨੇ ਵਿਚਾਰ ਰੱਖੇ।