ਅਮਰ ਜੀਤ ਐਡਵੋਕੇਟ ਲਿਖਦੇ ਹਨ ਆਪਣੇ ਵਿਚਾਰ ਗੋਸ਼ਟੀ

ਗੁਰਦਾਸਪੁਰ

ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)– ਪ੍ਰਵਾਸੀ ਮਜ਼ਦੂਰਾਂ ਦੀ ਬਜਾਏ ਪ੍ਰਵਾਸੀ ਧਾੜਵੀਆਂ ਤੇ ਚੋਟ ਕਰੋ। ਪੰਜਾਬ ਵਿਚ ਰਹਿੰਦੇ ਪਰਵਾਸੀਆਂ ਖਿਲਾਫ ਜਹਿਰ ਗਲੱਛਣ ਵਾਲੇ “ਚਿੰਤਕ” ਅਸਲ ਵਿਚ ਪ੍ਰਵਾਸੀ ਧਾੜਵੀ ਬਿਰਤਾਂਤ ਦੀ ਹਿੱਸੇਦਾਰੀ ਨਿਭਾਉਂਦੇ ਨਜ਼ਰ ਆ ਰਹੇ ਹਨ।

ਇਹਨਾਂ ਮਿੱਤਰਾਂ ਨੂੰ ਪੰਜਾਬ ਵਿਚ ਰਹਿੰਦੇ ਅਤੇ ਛੋਟੇ ਦਰਮਿਆਨੇ ਕਾਰੋਬਾਰ ਕਰਦੇ ਪ੍ਰਵਾਸੀ ਹੀ ਪੰਜਾਬ ਤੇ ਪੰਜਾਬੀਅਤ ਦੇ ਦੁਸ਼ਮਣ ਲੱਗ ਰਹੇ ਹਨ। ਅਸਲ ਵਿਚ ਇਹ ਸੱਜਣ ਸੰਕੀਰਨ ਦਾਇਰੇ ਵਿਚ ਸੋਚਣ ਲਈ ਸਰਾਪੇ ਗਏ ਲੱਗਦੇ ਹਨ। ਜਿਵੇਂ ਭਾਰਤ ਵਿਚਲੀਆਂ ਬ੍ਰਹਾਮਣਵਾਦੀ ਤਾਕਤਾਂ ਨੂੰ ਇਥੋਂ ਦੇ ਘੱਟ ਗਿਣਤੀ ਭਾਈਚਾਰੇ, ਦਲਿਤ, ਆਦਿਵਾਸੀਆਂ ਸਮੇਤ ਵੱਖਰੀ ਵਿਚਾਰਧਾਰਾ ਰੱਖਣ ਵਾਲੇ ਸਾਰੇ ਲੋਕ ਦੁਸ਼ਮਣ ਲੱਗਦੇ ਹਨ। ਇਹਨਾਂ ਦੇ ਬ੍ਰਾਹਮਣਵਾਦੀ ਮਨਸੂਬਿਆਂ ਦਾ ਵਿਰੋਧ ਕਰਨ ਵਾਲੇ ਸਾਰੇ ਲੋਕ ਇਹਨਾਂ ਨੂੰ ਦੇਸ਼ ਧ੍ਰੋਹੀ ਲੱਗਦੇ ਹਨ। ਇਸ ਤਰਾ ਇਹਨਾਂ ਅਖੌਤੀ ਪੰਜਾਬੀ ਚਿੰਤਕਾਂ ਦੇ ਸਿਰਜੇ ਕੁਤਰਕ ਦਾ ਵਿਰੋਧ ਕਰਨ ਵਾਲੇ ਇਹਨਾਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਦੋਖੀ ਲੱਗਦੇ ਹਨ। ਅਸਲ ਵਿਚ ਇਹ ਪੰਜਾਬ ਦੀ ਸਾਂਝੀਵਾਲਤਾ ਦੇ ਸਿੰਧਾਤ ਦਾ ਨਿਖੇਧ ਕਰਨ ਵਿਚ ਮਸ਼ਰੂਫ ਹਨ। ਅਸਲ ਵਿਚ ਇਹ ਮਾਨਸ ਕੀ ਜਾਤ ਨੂੰ ਇਕ ਬਰਾਬਰ ਸਮਝਣ ਦੇ ਵਿਰੋਧੀ ਹਨ।

ਪੰਜਾਬ ਵੱਲ ਹੋਏ ਪਰਵਾਸ ਅਤੇ ਪੰਜਾਬੀਆਂ ਵੱਲੋਂ ਕੀਤੇ ਪ੍ਰਵਾਸ ਬਾਰੇ ਘਚੋਲੇ ਪੈਦਾ ਕਰਨ ਦਾ ਕੰਮ ਕਰ ਰਹੇ ਹਨ। ਇਹ ਹੀ ਕਾਰਣ ਹੈ ਪੰਜਾਬ ਵਿਚ ਆਏ ਪ੍ਰਵਾਸੀ ਇਹਨਾਂ ਨੂੰ “ਬਈਆਵਾਦ” ਜਾਪਣ ਲੱਗਾ ਹੈ। ਇਹਨਾਂ ਪ੍ਰਵਾਸੀ ਹੀ ਪੰਜਾਬ ਦੇ ਰੁਜਗਾਰ ਖੋਹਣ ਵਾਲੇ ਲੱਗਦੇ ਹਨ। ਜਿਵੇਂ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇਹ ਲੱਗਣ ਲੱਗਾ ਹੈ ਕਿ ਪੰਜਾਬ ਦੀ ਨਸਲ ਗੰਧਲੀ ਕਰਨ ਵਿਚ ਪ੍ਰਵਾਸੀਆਂ ਦਾ ਹੱਥ ਹੈ। ਜਿਸ ਵਿਚ ਉਹ ਔਰਤ ਨੂੰ ਧੁੱਰਾ ਦੱਸ ਕੇ ਪੰਜਾਬ ਦੀ ਅਣਖ ਨਾਲ ਜੋੜਣ ਤੱਕ ਜਾ ਪਹੁੰਚੇ ਹਨ। ਦੂਜੇ ਪਾਸੇ ਪੰਜਾਬ ਵਿਚੋਂ ਹੋ ਰਹੇ ਪ੍ਰਵਾਸ ਅਤੇ ਪ੍ਰਵਾਸ ਦੇ ਕਾਰਣਾ ਉੱਤੇ ਇਹ ਚਿੰਤਕ ਗੱਲ ਕਰਨ ਨੂੰ ਰਾਜੀ ਨਹੀਂ ਹਨ।

ਮੁੱਢ ਕਦੀਮ ਤੋਂ ਹੀ ਪ੍ਰਵਾਸ ਦਾ ਮਨੁੱਖੀ ਵਿਕਾਸ ਵਿਚ ਅਹਿਮ ਯੋਗਦਾਨ ਹੈ। ਵੱਖ ਵੱਖ ਇਤਿਹਾਸਕ ਪੜਾਵਾਂ ਵਿਚੋਂ ਪ੍ਰਵਾਸ ਨੂੰ ਵੱਖ ਵੱਖ ਢੰਗਾ ਨਾਲ ਵੇਖਿਆ ਸਮਝਿਆ ਜਾ ਸਕਦਾ ਹੈ। ਜ਼ਿਵੇਂ

ਆਦਿ ਮਨੁੱਖ ਤੋਂ ਸਭਿਅਕ ਸਮਾਜ, ਜਗੀਰਦਾਰੀ ਤੋਂ ਪੂੰਜੀਵਾਦ ਅਤੇ ਬਸਤੀਵਾਦ ਤੇ ਸਾਮਰਾਜਵਾਦ ਦੇ ਦੌਰ ਤੱਕ ਸਫਰ ਵਿਚ ਮਨੁੱਖ ਕਈ ਖੂਨੀ ਪ੍ਰਵਾਸ ਸਫਰਾਂ ਵਿਚੋਂ ਗੁਜਰਿਆਂ ਹੈ। ਜੰਗਲ ਵਿਚ ਵੱਖ ਵੱਖ ਕਬੀਲਿਆਂ ਲਈ ਖਾਣ ਦੀ ਕਮੀਂ, ਮੌਸਮ ਵਿਚ ਤਬਦੀਲੀ, ਕੁਦਰਤੀ ਆਫਤ ਅਤੇ ਕਬੀਲਿਆਂ ਦੇ ਆਪਸੀ ਯੁੱਧ ਪ੍ਰਵਾਸ ਨੂੰ ਜਨਮ ਦਿੰਦੇ ਰਹੇ ਹਨ। ਗੁਲਾਮਦਾਰੀ ਦੇ ਸਮੇਂ ਵੱਖ ਵੱਖ ਕਬੀਲਿਆਂ ਨੂੰ ਗੁਲਾਮ ਬਨਾਉਣ, ਵੇਚਣ ਵਜੋਂ ਪ੍ਰਵਾਸ ਦੀਆਂ ਵੱਡੀਆਂ ਇਤਿਹਾਸਕ ਮਿਸਾਲਾਂ ਮਿਲਦੀਆਂ ਹਨ। ਇਹ ਪ੍ਰਵਾਸ ਦੀ ਕਿਸਮ ਪ੍ਰਵਾਸ ਨੂੰ ਧਾੜਵੀ ਪ੍ਰਵਾਸੀਆਂ ਅਤੇ ਗੁਲਾਮ ਪ੍ਰਵਾਸੀਆਂ ਵਿਚ ਵੰਡ ਦਿੰਦੀ ਹੈ। ਇਕ ਤੀਜੀ ਜਮਾਤ ਵੀ ਇਸ ਵਿਚ ਪੈਦਾ ਹੋਈ ਜਿਸ ਨੇ ਵਪਾਰੀ ਦਾ ਰੂਪ ਧਾਰਿਆ। ਇਹ ਅਗਾਹਵਧੂ ਪੂੰਜੀਵਾਦੀ ਜਮਾਤ ਦਾ ਭਰੂਣ ਹੀ ਸੀ। ਮਨੁੱਖ ਦਾ ਵਿਕਾਸ ਪੂਰੀ ਦੁਨੀਆਂ ਵਿਚ ਸਾਵਾਂ ਨਹੀਂ ਰਿਹਾ। ਇਹ ਅਗਾਹਵਧੂ ਵਪਾਰੀ ਜਮਾਤ ਨੇ ਹੀ ਅੱਗੇ ਜਾਕੇ ਨੇਸ਼ਨ-ਸਟੇਟ ਦੀ ਸਿਰਜਨਾ ਦਾ ਮੁੱਢ ਬੱਨਿਆ ਅਤੇ ਬਸਤੀਵਾਦ ਦੇ ਰੂਪ ਵਿਚ ਦੂਜੇ ਮੁਲਕਾਂ ਵਿਚ ਧਾੜਵੀ ਪ੍ਰਵਾਸੀ ਬਣਕੇ ਗਏ। ਬਰਤਾਨਵੀ ਸਾਮਰਾਜ ਇਸ ਦੀ ਮੁੱਖ ਉਦਾਹਰਨ ਹੈ। ਜਿਸ ਨੇ ਅਫਰੀਕਾ ਦੇ ਕਈ ਕਬੀਲੇ ਗੁਲਾਮਾਂ ਦੇ ਰੂਪ ਵਿਚ ਖਤਮ ਕਰ ਦਿੱਤੇ ਸਨ। ਬਸਤੀ ਬਣਾਏ ਮੁਲਕਾਂ ਦੇ ਸਾਧਨਾਂ ਦੀ ਲੁੱਟ ਅਤੇ ਲੋਕਾਂ ਨੂੰ ਗੁਲਾਮ ਕਿਰਤ ਸ਼ਕਤੀ ਵਜੋਂ ਵਰਤਿਆ। ਧਾੜਵੀ ਪ੍ਰਵਾਸੀ ਕੋਲ ਆਪਣੀ ਪੂੰਜੀ, ਤਕਨੀਕ, ਫੌਜ, ਪ੍ਰਸ਼ਾਸਨਿਕ ਮਾਹਰ ਆਦਿ ਸਾਰਾ ਤਾਮ ਝਾਮ ਹੁੰਦਾ ਹੈ। ਪਰ ਪੰਜਾਬ ਵਿਚ ਆਏ ਪ੍ਰਵਾਸੀ ਅਤੇ ਪੰਜਾਬ ਤੋਂ ਬਾਹਰ ਗਏ ਪੰਜਾਬੀ ਪ੍ਰਵਾਸੀਆਂ ਕੋਲ ਅਜਿਹਾ ਕੁੱਝ ਨਹੀਂ ਸੀ/ਹੈ।
ਪੱਛਮੀ ਪੰਜਾਬ ਦਾ ਵੱਡਾ ਭਾਗ ਬਰਤਾਨਵੀ ਸਾਮਰਾਜ ਦਾ ਹਿੱਸਾ 1848 ਤੋਂ ਬਾਅਦ ਬਣਾਇਆ ਗਿਆ। ਪੰਜਾਬ ਵਿਚੋਂ ਸਮੂਹਿਕ ਪ੍ਰਵਾਸ ਦੀ ਪ੍ਰਵਿਰਤੀ ਇਸ ਤੋਂ ਬਾਅਦ ਵੇਖਣ ਨੂੰ ਮਿਲਦੀ ਹੈ। ਵੱਡੀ ਗਿਣਤੀ ਵਿਚ ਪੰਜਾਬੀ ਬਰਤਾਨਵੀ ਫੌਜ ਦਾ ਹਿੱਸਾ ਬਣੇ। ਪੰਜਾਬੀ ਫੌਜੀਆਂ ਨੂੰ ਬਰਤਾਨਵੀ ਸਾਮਰਾਜ ਨੇ ਬਰਮਾ, ਮਲੇਸ਼ੀਆ ਅਤੇ ਅਫਰੀਕਾ ਵਿਚ ਭੇਜਿਆ। ਪਹਿਲੇ ਪ੍ਰਵਾਸੀ ਪੰਜਾਬੀ ਫੌਜ ਵਿਚੋਂ ਸੇਵਾਮੁਕਤ ਹੋਕੇ ਵਿਦੇਸ਼ ਗਏ ਸਨ। ਦੂਜਾ ਹਿੱਸਾ ਆਰੀਆ ਸਮਾਜ ਅਤੇ ਸਿੱਖ ਸੰਸਥਾਵਾਂ ਵਿਚੋਂ ਕੁੱਝ ਪੜੇ ਲਿਖੇ ਹੁਨਰਮੰਦ ਨੌਜਵਾਨ ਸਨ, ਤੀਜਾ ਤੇ ਵੱਡਾ ਹਿੱਸਾ ਪੰਜਾਬ ਦੀ ਕਿਸਾਨੀ ਦਾ ਸੀ। 1900 ਤੋਂ 1910 ਤੱਕ ਪੰਜਾਬੀ ਬਹੁਤ ਵੱਡੀ ਗਿਣਤੀ ਵਿਚ ਬਾਹਰ ਗਏ ਸਨ। ਪੰਜਾਬੀ ਪ੍ਰਵਾਸ ਦੀ ਮੁੱਖ ਕਿਸਮ ਕਿਰਤ ਸ਼ਕਤੀ ਵਜੋਂ ਕੀਤਾ ਪ੍ਰਵਾਸ ਸੀ/ਹੈ। ਜਿਹਨਾਂ ਵਿਚੋਂ ਇਕ ਛੋਟਾ ਹਿੱਸਾ ਅੱਜ ਵੱਡੇ ਰਾਜਨੀਤਿਕ ਅਹੁਦੇ, ਕਾਰੋਬਾਰ, ਪ੍ਰਸ਼ਾਸਨਿਕ ਅਹੁਦੇ, ਫੌਜ ਆਦਿ ਮੁਕਾਮ ਹਾਸਿਲ ਕਰ ਚੁੱਕਿਆ ਹੈ। ਕਨੇਡਾ, ਅਮਰੀਕਾ, ਇੱਗਲੈਂਡ ਅਤੇ ਹੋਰ ਯੂਰਪੀ ਦੇਸ਼ਾਂ ਵਿਚ ਵਿਰਲੇ ਵਿਰਲੇ ਪੰਜਾਬੀ ਹਰ ਖੇਤਰ ਵਿਚ ਚੰਗੇ ਮੁਕਾਮ ਹਾਸਿਲ ਕਰ ਚੁੱਕੇ ਹਨ। ਪਰ ਬਹੁਗਿਣਤੀ ਆਮ ਮਨੁੱਖਾਂ ਵਰਗਾ ਗੁਜਰ ਬਸਰ ਹੀ ਕਰ ਰਹੇ ਹਨ। ਜਿੰਦਗੀ ਭਰ ਘਰ ਦੀ ਛੱਤ ਤੋਂ ਸੱਖਣੇ ਹਨ ਜਾਂ ਘਰ ਲੈਕੇ ਆਪਣੇ ਆਪ ਨੂੰ ਗਹਿਣੇ ਰੱਖਣ ਲਈ ਮਜਬੂਰ ਹਨ।

ਪਰ ਪੰਜਾਬ ਵਿਚ ਚੰਗਾ ਜੀਵਣ ਜਿਉਣ ਤੇ ਕਿਰਤ ਸ਼ਕਤੀ ਦੇ ਬਲਬੂਤੇ ਗੁਜਰ ਬਸਰ ਕਰਨ ਆਏ ਪ੍ਰਵਾਸੀ ਸਾਨੂੰ ਪੁੱਜਦੇ ਕਿਉੰ ਨਹੀਂ? ਵੱਡੀ ਗਿਣਤੀ ਪ੍ਰਵਾਸੀ ਸ਼ਹਿਰਾ ਅੰਦਰ ਝੁੱਗੀਆਂ ਝੋਪੜੀਆਂ ਵਿਚ ਰਹਿੰਦੇ ਹਨ, ਫੈਕਟਰੀ ਵਿਚ ਕੰਮ ਕਰਦੇ ਹਨ, ਉਸਾਰੀ, ਸੜਕ ਨਿਰਮਾਣ, ਕੂੜਾ ਚੁੱਕਣ, ਸੀਵਰੇਜ ਸਾਫ ਕਰਨ, ਖੇਤ ਮਜ਼ਦੂਰ, ਝੋਨਾ ਲਾਉਣ, ਧਾਣਕੇ, ਰੇੜੀ, ਫੜ੍ਹੀ, ਦੁਕਾਨ, ਢਾਬੇ ਆਦਿ ਕੰਮ ਕਰਦੇ ਹਨ। ਇਹਨਾਂ ਵਿਚੋਂ ਵੀ ਇਕ ਛੋਟੀ ਗਿਣਤੀ ਪੜ੍ਹ ਲਿਖ ਕੇ ਨੌਕਰੀ, ਛੋਟੀ ਵਪਾਰੀ ਜਮਾਤ, ਦੁਕਾਨਦਾਰ ਵਜੋਂ ਉਭਰੀ ਹੈ। ਜਿਹਨਾਂ ਨੂੰ ਅਧਾਰ ਬਨਾਅ ਕੇ ਪ੍ਰਵਾਸੀਆਂ ਨੂੰ ਭਈਆਵਾਦ ਦੱਸਣ ਅਤੇ ਜਹਿਰ ਗਲੱਛਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਨੀਚਤਾ ਇਸ ਹੱਦ ਤੱਕ ਦੀ ਹੈ ਕਿ ਜਹਿਰ ਗਲੱਛਣ ਲਈ ਸਿੱਖ ਰੇੜੀ ਫੜੀ ਵਾਲਿਆਂ ਨੂੰ ਢਾਲ ਵਜੋਂ ਵਰਤਿਆ ਜਾ ਰਿਹਾ ਹੈ। ਇਸ ਬਿਰਤਾਂਤ ਦੇ ਘਾੜਿਆਂ ਦਾ ਬਿਰਤਾਂਤ ਇਨਾ ਖੋਖਲਾ ਹੈ ਕਿ ਕਿਰਤੀ ਸਿੱਖਾਂ ਦੇ ਰੁਜਗਾਰ ਦਾ ਹਵਾਲਾ ਦੇਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਵਾਸੀਆਂ ਵਿਰੁਧ ਭੜਕਾਉਣ ਦਾ ਕੋਝਾ ਯਤਨ ਹੈ। ਪਿਛਲੇ ਦਿਨੀਂ ਇਸ ਜਹਿਰ ਸਦਕਾ ਬਠਿੰਡੇ ਦੇ ਪਿੰਡ ਮਹਿਰਾਜ ਵਿਚ ਕਿਰਤੀ ਪ੍ਰਵਾਸੀਆਂ ਦੀਆਂ ਝੁੱਗੀਆਂ ਨੂੰ ਅੱਗ ਤੱਕ ਲਾ ਦਿੱਤੀ ਗਈ ਸੀ।

ਇਹ ਚਿੰਤਕ ਦੋਗਲੇ ਕਿਰਦਾਰ ਦੇ ਮਾਲਕ ਹਨ। ਬਾਹਰ ਜਾਕੇ ਪੰਜਾਬੀਆਂ ਵੱਲੋਂ ਕਮਾਈ ਸ਼ੌਹਰਤ ਤੇ ਮਾਣ ਕਰਨਾ, ਵਿਦੇਸ਼ ਵਿਚ ਜਾਕੇ ਉਹਨਾਂ ਦੇ ਸਭਿਆਚਾਰ ਨੂੰ ਅਪਨਾਉਣ, ਉਹਨਾਂ ਨਾਲ ਵਿਆਹ ਸ਼ਾਦੀਆਂ ਕਰਨਾ ਪ੍ਰਵਾਸੀ ਪੰਜਾਬੀਆਂ ਦੀ ਜਿੰਦਗੀ ਦਾ ਹਿੱਸਾ ਹੈ, ਦੂਜੇ ਦੇਸ਼ਾ ਵਿਚ ਪੰਜਾਬੀਆਂ ਨਾਲ ਕੀਤੇ ਜਾਂਦੇ ਵਿਤਕਰੇ ਨੂੰ ਗਲਤ ਦੱਸਣਾ, ਵਿਤਕਰੇ ਦਾ ਵਿਰੋਧ ਕਰਨਾ, ਭੇਦਭਾਵ ਖਿਲਾਫ ਪੰਜਾਬੀਆਂ ਦਾ ਇੱਕਜੁੱਟ ਹੋਣਾ। ਇਸ ਦੇ ਉਲਟ ਪੰਜਾਬ ਵਿਚ ਆਏ ਪ੍ਰਵਾਸੀਆਂ ਦੁਆਰਾ ਕਮਾਈ ਸ਼ੋਹਰਤ ਤੇ ਰੁਤਬੇ ਨੂੰ ਪੰਜਾਬੀਆਂ ਦੇ ਹੱਕਾਂ ਉੱਤੇ ਡਾਕਾ ਦੱਸਣਾ, ਪ੍ਰਵਾਸੀਆਂ ਨਾਲ ਧੱਕੇ ਕਰਨ ਨੂੰ ਉਤਸ਼ਾਹਿਤ ਕਰਨਾ। ਪ੍ਰਵਾਸੀਆਂ ਦੁਆਰਾ ਰਿਸ਼ਤੇ ਬਨਾਉਣ, ਵਿਆਹ ਕਰਵਾਉਣ ਨੂੰ ਪੰਜਾਬੀ ਸਭਿਆਚਾਰ ਨੂੰ ਪੁਲੀਤ ਕਰਨ ਦਾ ਬਿਰਤਾਂਤ ਸਿਰਜਣਾ, ਪ੍ਰਵਾਸੀਆਂ ਦੁਆਰਾ ਕਿਸੇ ਧੱਕੇ ਵਿਤਕਰੇ ਖਿਲਾਫ ਜੱਥੇਬੰਦ ਹੋਣ ਨੂੰ ਪੰਜਾਬੀਆਂ ਲਈ ਖਤਰਾ ਗਰਦਾਨ ਦੇਣਾ। ਅਸਲ ਵਿਚ ਜੋ ਹੱਕ ਪ੍ਰਵਾਸੀ ਪੰਜਾਬੀਆਂ ਨੂੰ ਹਾਸਿਲ ਹੋਣ ਜਾਂ ਨਾਂ ਹੋਣ ਦੀ ਸੂਰਤ ਵਿਚ ਹੱਕ ਹਾਸਿਲ ਕਰਨ ਦੀ ਹਮਾਇਤ ਕਰਨ ਵਾਲੇ ਇਹ ਚਿੰਤਕ ਪ੍ਰਵਾਸੀਆਂ ਨੂੰ ਇਹ ਸਾਰੇ ਹੱਕ ਦੇਣ ਦੇ ਵਿਰੋਧੀ ਹਨ। ਉਹਨਾਂ ਖਿਲਾਫ ਕੀਤੇ ਧੱਕਿਆਂ ਨੂੰ ਜਾਇਜ ਦੱਸਣਾ, ਧੱਕੇ ਕਰਨ ਨੂੰ ਉਤਸ਼ਾਹਿਤ ਕਰਨਾ।

ਇਹ ਲੋਕ ਜਿਹੜਾ ਬਿਰਤਾਂਤ ਬਈਆਵਾਦ ਕਹਿਕੇ ਪ੍ਰਚਾਰ ਰਹੇ ਹਨ ਇਸ ਦਾ ਬਾਕੀ ਭਾਰਤ ਵਿਚ ਵੱਸਦੇ ਪੰਜਾਬੀਆਂ ਅਤੇ ਸਿੱਖਾ ਉੱਤੇ ਕੀ ਪ੍ਰਭਾਵ ਪੈਣਾ ਹੈ ਸ਼ਾਇਦ ਇਹ ਲੋਕ ਨਹੀਂ ਜਾਣਦੇ। ਜਾ ਜਾਣ ਬੁੱਝ ਕੇ ਬਾਹਰ ਵੱਸਦੇ ਪੰਜਾਬੀ ਅਤੇ ਸਿੱਖਾਂ ਦੇ ਦੋਖੀ ਬਣ ਰਹੇ ਹਨ। ਜੇ ਪੰਜਾਬ ਵਿਚ ਪੰਜਾਬੀ ਬਨਾਮ ਬਈਆ ਦੇ ਅਧਾਰ ਤੇ ਧੱਕਾ ਹੋਵੇਗਾ ਤਾਂ ਲਾਜਮੀ ਹੈ ਬ੍ਰਾਹਮਣਵਾਦੀ ਲਾਣਾ ਇਸ ਨੂੰ ਹਿੰਦੂ ਬਨਾਮ ਸਿੱਖ ਵਜੋਂ ਵਰਤੇਗਾ। ਜੇ ਗੱਲ ਹੱਕ ਦੀ ਹੋਵੇ ਫਿਰ ਇਹਨਾਂ ਚਾਲਾਂ ਤੋਂ ਡਰਨ ਦੀ ਲੋੜ ਨਹੀਂ। ਪਰ ਜਦੋਂ ਗੱਲ ਨਿਹੱਕੀ ਤੇ ਸਮੂਹ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਅੱਗ ਵਿਚ ਝੋਕਣ ਵਾਲੀ ਹੋਵੇ ਬਰਦਾਸ਼ਤ ਕਰਨੀ ਔਖੀ ਹੈ। ਇਹਨਾਂ ਸੱਜਣਾ ਨੂੰ ਪੰਜਾਬ ਤੋਂ ਬਾਹਰ ਦੇਸ਼ਾ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਬਾਰੇ ਖਾਸ ਧਿਆਨ ਦੇਣ ਦੀ ਲੋੜ ਹੈ। ਦੂਜੀ ਗੱਲ ਬਾਹਰ ਵੱਸਦੇ ਪੰਜਾਬੀਆਂ ਨੂੰ ਇਹਨਾਂ ਜਾਹਲੀ ਚਿੰਤਕਾਂ ਦੇ ਜਹਿਰੀ ਪ੍ਰਚਾਰ ਤੋਂ ਬਚਣ ਦੀ ਲੋੜ ਹੈ। ਕਿਉਕੀ ਇਹ ਆਪਣੀ ਸੌੜੀ ਮਾਨਸਿਕਤਾ ਦੀ ਬਿਮਾਰੀ ਨਾਲ ਸ਼ਰਾਪੇ ਹੋਏ ਹਨ। ਇਸ ਲਈ ਆਮ ਪੰਜਾਬੀ ਜਨ ਮਾਨਸ ਨੂੰ ਇਹਨਾਂ ਦੇ ਜਹਿਰੀ ਪ੍ਰਚਾਰ ਦਾ ਵਿਰੋਧ ਕਰਨਾ ਬਣਦਾ ਹੈ।

ਇਹਨਾਂ ਸੱਜਣਾ ਨੂੰ ਪ੍ਰਵਾਸੀ ਕਿਰਤੀਆਂ ਦੀ ਬਜਾਏ ਪ੍ਰਵਾਸੀ ਧਾੜਵੀਆਂ ਦੀ ਪਹਿਚਾਣ ਕਰਨੀ ਚਾਹੀਦੀ ਹੈ। ਵਾਲਮਾਰਟ ਤੋਂ ਲੈਕੇ ਪੰਜਾਬ ਵਿਚ ਅੰਬਾਨੀ ਅਡਾਨੀ ਦੇ ਖੁੱਲ ਰਹੇ ਸੈਲੋ, ਵੱਡੇ ਮਾਲ, ਪੈਟਰੌਲ ਪੰਪ, ਸੀਐਨਜੀ ਪੰਪ, ਬਿਜਲੀ ਚਾਰਜ ਪੰਪ, ਸੜਕਾ ਤੇ ਟੋਲ, ਸਿਖਿਆ, ਸਿਹਤ ਅਤੇ ਰੁਜਗਾਰ ਇਹਨਾਂ ਧਾੜਵੀਆਂ ਹੱਥ ਦੇਣ, ਨਸ਼ਿਆਂ ਦੇ ਸਮੁੰਦਰ, ਨੈਸਲੇ ਅਮੂਲ ਦਾ ਦੁੱਧ ਕਾਰੋਬਾਰ ਤੇ ਕਬਜਾ, ਪੰਜਾਬ ਦੇ ਪਾਣੀ, ਵਾਤਾਵਰਨ ਦੀ ਤਬਾਹੀ ਵਰਗੇ ਅਸਲ ਮੁੱਦੇ ਪ੍ਰਵਾਸੀ ਧਾੜਵੀਆਂ ਨੇ ਸਿਰਜੇ ਹਨ ਪ੍ਰਵਾਸੀ ਕਿਰਤੀਆਂ ਨੇ ਨਹੀਂ।

ਆਏ ਦਿਨ ਜਹਾਜ ਭਰ ਭਰ ਬਾਹਰ ਜਾਣ ਪਿਛੇ ਪਰਵਾਸੀ ਕਿਰਤੀ ਨਹੀਂ, ਧਾੜਵੀਆਂ ਦੁਆਰਾ ਪੈਦਾ ਕੀਤੀਆਂ ਉੱਪਰ ਲਿਖੀਆਂ ਹਾਲਤਾ ਜਿੰਮੇਵਾਰ ਹਨ। ਧਾੜਵੀਆਂ ਦੀਆਂ ਮੌਜਾ ਹਨ ਇਕ ਪਾਸੇ ਪੰਜਾਬ ਦੇ ਨੌਜਵਾਨ ਬਾਹਰ ਜਾਣ, ਦੂਜਾ ਫੀਸ ਤੇ ਵੀਜਾ ਰਾਹੀ ਹਜਾਰਾਂ ਕਰੋੜ ਲੁੱਟਦੇ ਨੇ, ਫਿਰ ਬਾਹਰ ਗਏ ਪੰਜਾਬੀਆਂ ਦੀ ਸਸਤੀ ਕਿਰਤ ਲੁੱਟ, ਤੀਜਾ ਪੰਜਾਬ ਵਿਚ ਉਹਨਾਂ ਦੀਆਂ ਜਮੀਨਾਂ, ਫਸਲਾਂ, ਕੁਦਰਤੀ ਸਰੋਤ ਸਭ ਕੁੱਝ ਲੁੱਟ ਲੈਣ ਦਾ ਕੰਮ ਚੱਲ ਰਿਹਾ ਹੈ। ਪਰ ਇਹ ਅਖੌਤੀ ਚਿੰਤਕ ਪ੍ਰਵਾਸੀ ਮਜ਼ਦੂਰਾਂ ਨੂੰ ਹੀ ਧਾੜਵੀ ਬਨਾਅ ਕੇ ਪੇਸ਼ ਕਰ ਰਹੇ ਹਨ। ਜਦੋਕਿ ਇਸ ਦੇ ਉਲਟ ਜਿਸ ਤਰਾ ਪੰਜਾਬੀ ਬਾਹਰ ਜਾਕੇ ਸਸਤੀ ਕਿਰਤ ਲੁਟਾਉਣ ਦਾ ਕੰਮ ਕਰਦੇ ਹਨ ਉਸੇ ਤਰਾਂ ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਦੁਆਰਾ ਕੀਤਾ ਜਾ ਰਿਹਾ ਹੈ। ਜਿਥੇ ਕਿਰਤ ਸ਼ਕਤੀ ਦੀ ਲੋੜ ਨਹੀਂ ਉਸ ਥਾਂ ਕਿਰਤ ਦਾ ਪ੍ਰਵਾਹ ਹੋਣਾ ਮੁਸ਼ਕਿਲ ਹੁੰਦਾ ਹੈ। ਪੰਜਾਬ ਵਿਚੋਂ ਨੌਜਵਾਨਾਂ ਦੇ ਬਾਹਰ ਜਾਣ ਨਾਲ ਕਿਰਤ ਦੀ ਜਿੰਨੀ ਮੰਗ ਹੈ ਪ੍ਰਵਾਸੀ ਉਸ ਮੰਗ ਨੂੰ ਪੂਰਾ ਕਰ ਰਹੇ ਹਨ। ਦੂਜਾ ਧਾੜਵੀ ਉਦਯੋਗਪਤੀਆਂ ਦੀ ਨਵੀਂ ਨੀਤੀ ਵੀ ਪ੍ਰਵਾਸ ਪੱਖੀ ਹੈ। ਉਹ ਲੋਕਲ ਲੋਕਾਂ ਨੂੰ ਫੈਕਟਰੀ ਵਿਚ ਰੁਜਗਾਰ ਨਹੀਂ ਦਿੰਦੇ। ਕਿਉਕਿ ਲੋਕਲ ਲੋਕਾਂ ਨੂੰ ਦਬਾਉਣਾ ਔਖਾ ਕੰਮ ਹੈ। ਉਹ ਜਲਦ ਜੱਥੇਬੰਦ ਹੋ ਜਾਂਦੇ ਹਨ। ਪਰ ਪ੍ਰਵਾਸੀਆਂ ਨੂੰ ਘੱਟ ਤਨਖਾਹ, ਤਨਖਾਹ ਸਮੇਂ ਸਿਰ ਦਿੱਤੇ ਬਿਨਾਂ, ਵਾਧੂ ਕੰਮ ਕਰਵਾਉਣ ਤੇ ਗੁਲਾਮਾਂ ਵਾਂਗ ਦਬਾਉਣਾ ਸੌਖਾ ਹੈ। ਝੋਨੇ ਦੇ ਸਮੇਂ ਪੰਜਾਬ ਦੇ ਵੱਡੇ ਜੀਮੀਦਾਰ ਬਿਹਾਰ ਤੱਕ ਬੱਸਾਂ ਲੈਕੇ ਪਹੁੰਚ ਜਾਂਦੇ ਹਨ। ਜਦੋਂ ਝੋਨੇ ਦੇ ਰੇਟ ਨੂੰ ਲੈਕੇ ਜੀਮੀਦਾਰ ਸਮਾਜਿਕ ਬਾਈਕਾਟ ਕਰਦੇ ਹਨ ਤਾਂ ਪੰਜਾਬੀ ਮਜ਼ਦੂਰ ਭਾਈਚਾਰੇ ਦੇ ਅਖੌਤੀ ਹਮਾਇਤੀ ਕਿਤੇ ਦਿਖਦੇ ਤੱਕ ਨਹੀਂ? ਜਦੋਂ ਪੰਜਾਬ ਦੇ ਮਜ਼ਦੂਰ ਪੰਚਾਇਤੀ ਜਮੀਨ ਵਿਚੋਂ ਤੀਜਾ ਹਿੱਸਾ ਮੰਗਦੇ ਹਨ ਇਹ ਮੌਨ ਧਾਰ ਜਾਂਦੇ ਹਨ। ਕਿਉਕੀ ਜੱਟਵਾਦੀ ਮਾਨਸਿਕਤਾ ਇਹਨਾਂ ਨੂੰ ਆਪਣੇ ਧੱਕਾ ਕਰਦੇ ਜੱਟ ਜੀਮੀਦਾਰਾ ਨਾਲ ਖੜਾ ਕਰ ਦਿੰਦੀ ਹੈ। ਇਹਨਾਂ ਉਦਾਹਰਨਾਂ ਤੋਂ ਸਪੱਸ਼ਟ ਹੈ ਕਿ ਪੰਜਾਬੀ ਮਜ਼ਦੂਰਾਂ ਨਾਲ ਇਹਨਾਂ ਦਾ ਕਿਨਾ ਕ ਦਰੇਗ ਹੈ।

ਇਸ ਲਈ ਸਮੂਹ ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀ ਪ੍ਰਵਾਸੀਆਂ ਨੂੰ ਇਸ ਜਹਿਰੀ ਪ੍ਰਚਾਰ ਦਾ ਵਿਰੋਧ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਪੰਜਾਬ ਸਮੇਤ ਦੇਸ਼ ਵਿਦੇਸ਼ ਵਿਚ ਕਿਰਤੀ ਪ੍ਰਵਾਸੀਆਂ ਨਾਲ ਸਾਂਝ ਪਾਕੇ ਦੇਸੀ ਵਿਦੇਸ਼ੀ ਧਾੜਵੀਆਂ ਖਿਲਾਫ਼ ਜੱਥੇਬੰਦ ਹੋਣ ਦੀ ਲੋੜ ਹੈ।

Leave a Reply

Your email address will not be published. Required fields are marked *