ਸੁਪਰ-30 ਬੈਚ ਜਰੀਏ ਨੌਜਵਾਨਾਂ ਨੂੰ ਫੌਜ, ਬੀ.ਐੱਸ.ਐੱਫ, ਸੀ.ਆਰ.ਪੀ.ਐੱਫ. ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੀ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਵੇਗੀ
ਅਬਾਦ ਹੁਨਰ ਹੱਟ ਦੇ ਸਮਾਨ ਨੂੰ ਆਨ-ਲਾਈਨ ਵਿਕਰੀ ਰਾਹੀਂ ਗ੍ਰਾਹਕਾਂ ਤੱਕ ਉਪਲੱਬਧ ਕਰਵਾਉਣ ਦੀਆਂ ਹਦਾਇਤਾਂ ਜਾਰੀ
ਗੁਰਦਾਸਪੁਰ, 22 ਮਾਰਚ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਰੋਜ਼ਗਾਰ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹਾ ਸਦਰ ਮੁਕਾਮ ਗੁਰਦਾਸਪੁਰ ਵਿਖੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਵੱਖ-ਵੱਖ ਨੌਂਕਰੀਆਂ ਦੇ ਲਿਖਤੀ ਟੈਸਟਾਂ ਅਤੇ ਇੰਟਰਵਿਊ ਦੀ ਤਿਆਰੀ ਲਈ ਵਿਸ਼ੇਸ਼ ਕੋਚਿੰਗ ਕਲਾਸਾਂ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਜੋ ਇਨ੍ਹਾਂ ਪਰਿਵਾਰਾਂ ਦੇ ਬੱਚੇ ਟੈਸਟ ਪਾਸ ਕਰਕੇ ਨੌਂਕਰੀਆਂ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਕੋਚਿੰਗ ਬਿਲਕੁਲ ਮੁਫ਼ਤ ਹੋਵੇਗੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਮਿਸ਼ਨ ‘ਅਬਾਦ’ ਤਹਿਤ ਚਲਾਏ ਜਾ ਰਹੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਦੀ ਰੀਵਿਊ ਮੀਟਿੰਗ ਕਰਦਿਆਂ ਕਿਹਾ ਕਿ ਮੁਫ਼ਤ ਕੋਚਿੰਗ ਕਲਾਸਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਦੇ ਸੈਨਿਕ ਭਲਾਈ ਦਫ਼ਤਰ ਵਿਖੇ ਸੁਪਰ-30 ਬੈਚ ਚਲਾਇਆ ਜਾਵੇਗਾ ਜਿਸ ਵਿੱਚ ਭਾਰਤੀ ਫੌਜ, ਬੀ.ਐੱਸ.ਐੱਫ, ਸੀ.ਆਰ.ਪੀ.ਐੱਫ. ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਸੀ-ਪਾਈਟ ਸੈਂਟਰ ਵਿਖੇ ਵੀ 100 ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਦੀ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਰੁਜ਼ਗਾਰ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਇਸ ਮਿਸ਼ਨ ਉੱਪਰ ਪੂਰੀ ਸੁਹਿਰਦਤਾ ਨਾਲ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮਿਲ ਸਕਣ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਵੈ ਸਹਾਇਤਾਂ ਸਮੂਹਾਂ ਵੱਲੋਂ ਬਣਾਏ ਸਮਾਨ ਨੂੰ ਵੇਚਣ ਲਈ ਬਣਾਏ ਗਏ ਅਬਾਦ ਹੁਨਰ ਹੱਟ ਦੀ ਪ੍ਰਗਤੀ ਦਾ ਜਾਇਜਾ ਵੀ ਲਿਆ। ਉਨ੍ਹਾਂ ਅਬਾਦ ਹੁਨਰ ਹੱਟ ਦੇ ਸੰਚਾਲਕਾਂ ਨੂੰ ਹਦਾਇਤ ਕੀਤੀ ਕਿ ਇਸ ਵਿੱਚ ਉਤਪਾਦਾਂ ਦੀ ਗਿਣਤੀ ਵਧਾਉਣ ਦੇ ਨਾਲ ਸਮਾਨ ਨੂੰ ਆਨ-ਲਾਈਨ ਪ੍ਰੀਕ੍ਰਿਆ ਰਾਹੀਂ ਵੀ ਵੇਚਿਆ ਜਾਵੇ ਤਾਂ ਜੋ ਗ੍ਰਾਂਹਕਾਂ ਦਾ ਘੇਰਾ ਹੋਰ ਵਿਸ਼ਾਲ ਹੋ ਸਕੇ। ਉਨ੍ਹਾਂ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਉਤਪਾਦਾਂ ਦੀ ਪੈਕਿੰਗ ਅਤੇ ਬਰਾਂਡਿੰਗ ਕਰਨ ਲਈ ਪੇਸ਼ੇਵਰ ਪਹੁੰਚ ਅਪਣਾਈ ਜਾਵੇ। ਉਨ੍ਹਾਂ ਕਿਹਾ ਕਿ ਅਬਾਦ ਹੁਨਰ ਹੱਟ ਨੂੰ ਇੱਕ ਪ੍ਰਮੁੱਖ ਸੇਲ ਸੈਂਟਰ ਵਜੋਂ ਵਿਕਸਤ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਘਰੇਲੂ ਵਰਤੋਂ ਦਾ ਸਮਾਨ ਅਬਾਦ ਹੁਨਰ ਹੱਟ ਤੋਂ ਖਰੀਦਣ ਨੂੰ ਪਹਿਲ ਦੇਣ।
ਡਿਪਟੀ ਕਮਿਸ਼ਨਰ ਨੇ ਉਦਯੋਗ ਵਿਭਾਗ ਨੂੰ ਹਦਾਇਤ ਕੀਤੀ ਕਿ ਸਨਅਤਕਾਰਾਂ ਦੀ ਮੰਗ ’ਤੇ ਬਟਾਲਾ ਵਿਖੇ ਮੋਲਡਰ ਦਾ ਕੋਰਸ ਸ਼ੁਰੂ ਕਰਨ ਤਕਨੀਕੀ ਸਿੱਖਿਆ ਵਿਭਾਗ ਨੂੰ ਲਿਖਿਆ ਜਾਵੇ ਤਾਂ ਜੋ ਬਟਾਲਾ ਦੀ ਸਨਅਤ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਸਿੱਖਿਅਤ ਕਾਮੇ ਮੁਹੱਈਆ ਕਰਵਾਏ ਜਾ ਸਕਣ। ਇਸਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਪੇਸ਼ਿਆਂ ਨਾਲ ਸਬੰਧਤ ਵਿਅਕਤੀਆਂ ਦੀ ਯੈਲੋ ਪੇਜ ਡਾਇਰੈਕਟਰੀ ਤਿਆਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਨਮੋਹਨ ਸਿੰਘ, ਸਹਾਇਕ ਕਮਿਸ਼ਨਰ (ਜ) ਸਚਿਨ ਪਾਠਕ, ਉੱਪ ਅਰਥ ਅੰਕੜਾ ਅਫ਼ਸਰ ਸ੍ਰੀ ਅਸ਼ੋਕ ਕੁਮਾਰ, ਡੀ.ਡੀ.ਪੀ.ਓ. ਸ੍ਰੀਸਤੀਸ਼ ਕੁਮਾਰ, ਡਿਪਟੀ ਡੀ.ਈ.ਓ. ਲਖਵਿੰਦਰ ਸਿੰਘ, ਪਸ਼ੂ ਪਾਲਣ ਵਿਭਾਗ ਦੇ ਡਾ. ਸ਼ਾਮ ਸਿੰਘ, ਡਾ. ਹਰਪ੍ਰੀਤ ਸਿੰਘ ਢਿੱਲੋਂ, ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿੱਲੋਂ, ਸਕੱਤਰ ਰਾਜੀਵ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।