ਐਸ.ਐਸ.ਪੀ ਗੁਰਦਾਸਪੁਰ ਨੇ ਲਿਆ ਦ੍ਰਿੜ ਸੰਕਲਪ ਕਿ ਪਿੰਡ ਜੌੜਾ ਛੱਤਰਾਂ ਅਤੇ ਡੀਡਾ ਸੈਣੀਆ ਵਿਖੇ ਚੱਲ ਰਹੇ ਨਜਾਇਜ ਸ਼ਰਾਬ ਦੇ ਧੰਦੇ ਨੂੰ ਬੰਦ ਕਰਨ ਲਈ ਪੁਲਸ ਨੂੰ ਲਾਮਬੰਦ ਕੀਤਾ ਜਾਵੇਗਾ
ਗੁਰਦਾਸਪੁਰ, 22 ਫਰਵਰੀ (ਸਰਬਜੀਤ ਸਿੰਘ)–ਏਡੀਜੀਪੀ ਨਰੇਸ਼ ਅਰੋੜਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਕਾਮਯਾਬੀ ਹੱਥ ਲੱਗੀ ਹੈ। ਜਿਕਰਯੋਗ ਹੈ ਕਿ ਅੱਜ ਏਡੀਜੀਪੀ ਅਤੇ ਐੱਸਐੱਸਪੀ ਗੁਰਦਾਸਪੁਰ ਤੋਂ ਇਲਾਵਾ ਦੋ ਐੱਸਪੀ, ਇੱਕ ਏਐੱਸਪੀ, ਪੰਜ ਡੀਐੱਸਪੀ, 12 ਐਸਐਚ.ਓਜ਼, 310 ਐਨ.ਜੀ.ਓਜ਼, 50 ਮਹਿਲਾ ਕਰਮਚਾਰੀ, ਕੁੱਲ ਵੱਖ-ਵੱਖ ਟੀਮਾਂ ਵੱਲੋਂ 400 ਪੁਲਿਸ ਮੁਲਾਜ਼ਮਾਂ ਦੇ ਵੱਲੋਂ ਸਰਹੱਦੀ ਕਸਬਾ ਜੋੜਾ ਛੱਤਰਾ ਵਿਖੇ ਤਲਾਸ਼ੀ ਮੁਹਿੰਮ ਚਲਾਈ ਗਈ। ਵਰਣਯੋਗ ਹੈ ਕਿ ਗੁਰਦਾਸਪੁਰ ਦੇ ਐਸ.ਐਸ.ਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦ੍ਰਿੜ ਸੰਕਲਪ ਲਿਆ ਹੈ ਕਿ ਪਿੰਡ ਜੌੜਾ ਛੱਤਰਾਂ ਅਤੇ ਡੀਡਾ ਸੈਣੀਆ ਵਿਖੇ ਚੱਲ ਰਹੇ ਨਜਾਇਜ ਸ਼ਰਾਬ ਦੇ ਧੰਦੇ ਨੂੰ ਬੰਦ ਕਰਨ ਲਈ ਪੁਲਸ ਨੂੰ ਲਾਮਬੰਦ ਕੀਤਾ ਜਾਵੇਗਾ ਤਾਂ ਜੋ ਨਸ਼ੇ ਦੀ ਲਾਹਨਤ ਨੂੰ ਗੁਰਦਾਸਪੁਰ ਵਿੱਚੋਂ ਖਤਮ ਕੀਤਾ ਜਾ ਸਕੇ।

ਇਸ ਦੌਰਾਨ ਥਾਣਾ ਧਾਰੀਵਾਲ ਵਿਖੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 10 ਗ੍ਰਾਮ 119 ਮਿਲੀਗ੍ਰਾਮ ਹੈਰੋਇਨ, 2 ਮੋਬਾਈਲ ਫ਼ੋਨ ਅਤੇ 900 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ | ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 80 ਗ੍ਰਾਮ ਹੈਰੋਇਨ, ਤਿੰਨ ਮੋਬਾਇਲ ਫੋਨ ਅਤੇ ਇਕ ਲੈਪਟਾਪ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕਾਹਨੂੰਵਾਨ ਦੀ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 3 ਕਿਲੋ ਚੂਰਾ-ਪੋਸਤ, ਇਕ ਟਰੱਕ ਅਤੇ ਇਕ ਮੋਬਾਇਲ ਫੋਨ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕਲਾਨੌਰ ਦੀ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 10 ਗ੍ਰਾਮ ਹੈਰੋਇਨ, 2 ਕਿਲੋ ਚੂਰਾ-ਪੋਸਤ, ਇਕ ਮੋਟਰਸਾਈਕਲ, ਇਕ ਮੋਬਾਇਲ ਫੋਨ ਅਤੇ 21 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਥਾਣਾ ਦੀਨਾਨਗਰ ਨੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 420 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ |



