ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਨਿਗਰਾਨ ਟੀਮਾਂ ਨੂੰ ਛਾਪੇਮਾਰੀ ਮੁਹਿੰਮ ਹੋਰ ਤੇਜ਼ ਕਰਨ ਦੀਆਂ ਹਦਾਇਤਾਂ

ਗੁਰਦਾਸਪੁਰ

ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 7 ਜਨਵਰੀ (ਸਰਬਜੀਤ ਸਿੰਘ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਗਠਿਤ ਕੀਤੀਆਂ ਨਿਗਰਾਨ ਟੀਮਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਿਲ੍ਹੇ ਵਿੱਚ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਛਾਪੇਮਾਰੀ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ। ਉਨ੍ਹਾਂ ਕਿਹਾ ਕਿ ਲੋਹੜੀ ਵਿੱਚ ਸਿਰਫ ਇੱਕ ਹਫਤਾ ਬਾਕੀ ਰਹਿ ਗਿਆ ਹੈ ਅਤੇ ਇਸ ਹਫ਼ਤੇ ਦੌਰਾਨ ਬੱਚਿਆਂ ਤੇ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਪਤੰਗਾਂ ਉਡਾਈਆਂ ਜਾਣਗੀਆਂ। ਇਸ ਲਈ ਚਾਈਨਾ ਡੋਰ ਦੀ ਵਰਤੋਂ ਤੇ ਵਿਕਰੀ ਨੂੰ ਰੋਕਣ ਲਈ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਹੋਰ ਜਿਆਦਾ ਚੌਕਸੀ ਤੇ ਸਖਤੀ ਵਰਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਚੈਕਿੰਗ ਅਭਿਆਨ ਤੋਂ ਬਾਅਦ ਹੋ ਸਕਦਾ ਹੈ ਕਿ ਕੁਝ ਦੁਕਾਨਦਾਰ ਚੋਰੀ ਛਿਪੇ ਆਪਣੇ ਘਰਾਂ ਜਾਂ ਹੋਰ ਗੁਪਤ ਠਿਕਾਣਿਆਂ ਤੋਂ ਚਾਈਨਾ/ਪਲਾਸਟਿਕ ਡੋਰ ਵੇਚ ਰਹੇ ਹੋਣ, ਇਸ ਲਈ ਚੈਕਿੰਗ ਟੀਮਾਂ ਵੱਲੋਂ ਅਜਿਹੇ ਦੁਕਾਨਦਾਰਾਂ ਦਾ ਪਤਾ ਵੀ ਲਗਾ ਕੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਬਜ਼ਾਰਾਂ ਵਿੱਚ ਵਾਹਨਾਂ ਦੀ ਤਲਾਸ਼ੀ ਕੀਤੀ ਜਾਵੇ ਅਤੇ ਨਾਲ ਹੀ ਬੱਚਿਆਂ ਕੋਲੋਂ ਚਾਈਨਾ ਡੋਰ ਦੀ ਉਪਲੱਬਤਾ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਪਾਇਆ ਗਿਆ ਜਾਂ ਉਸ ਕੋਲੋਂ ਇਸ ਪਾਬੰਦੀਸ਼ੁਦਾ ਡੋਰ ਦੇ ਗੱਟੂ ਬਰਾਮਦ ਹੋਏ ਤਾਂ ਉਸ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਮੂਹ ਐੱਸ.ਡੀ.ਐੱਮਜ਼ ਅਤੇ ਡੀ.ਐੱਸ.ਪੀਜ਼ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਵੀ ਆਪਣੇ ਅਧਿਕਾਰ ਖੇਤਰਾਂ ਵਿੱਚ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਪੂਰੀ ਚੌਕਸੀ ਤੇ ਸਖਤੀ ਵਰਤਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਖਤ ਐਕਸ਼ਨ ਲੈਣ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਮੋਹਤਬਰ ਵਿਅਕਤੀਆਂ ਦਾ ਸਾਥ ਲੈ ਕੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਵੀ ਪ੍ਰੇਰਿਤ ਕਰਨ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੱਚੇ ਕੋਲ ਪਿਛਲੇ ਸਾਲ ਦਾ ਚਾਈਨਾ ਡੋਰ ਦਾ ਗੱਟੂ ਪਿਆ ਹੈ ਤਾਂ ਉਹ ਗੁਰਦਾਸਪੁਰ ਸ਼ਹਿਰ ਦੇ ਬਾਲ ਭਵਨ ਅਤੇ ਨਗਰ ਨਿਗਮ ਬਟਾਲਾ ਦੇ ਦਫ਼ਤਰ ਤੋਂ ਚਾਈਨਾ ਡੋਰ ਨੂੰ ਵਟਾ ਕੇ ਸੂਤੀ ਡੋਰ ਤੇ ਪਤੰਗਾਂ ਮੁਫ਼ਤ ਵਿੱਚ ਲਿਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸਦੇ ਨਾਲ ਹੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਵਿੱਚ ਪ੍ਰਸ਼ਾਸਨ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਪਲਾਸਟਿਕ/ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਜਾਂ ਇਸਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਸੂਚਨਾ ਦੇਣ ਲਈ ਜ਼ਿਲ੍ਹਾ ਪੱਧਰੀ ਹੈਲਪ ਲਾਈਨ ਗੁਰਦਾਸਪੁਰ ਵਿਖੇ 01874-222710 ਅਤੇ ਬਟਾਲਾ ਸ਼ਹਿਰ ਵਿਖੇ 01871-299330 ਹੈਲਪ ਲਾਈਨ ਨੰਬਰ `ਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਤੇ ਪਤਾ ਪੂਰੀ ਤਰਾਂ ਗੁਪਤ ਰੱਖਿਆ ਜਾਵੇਗਾ।  

Leave a Reply

Your email address will not be published. Required fields are marked *