ਵੰਨ ਸੁਵੰਨੇ ਖੇਤੀ ਮਾਡਲ ਨਾਲ ਪੰਜਾਬ ਦੇ ਵਾਤਾਵਰਨ ਦੀ ਰਖਵਾਲੀ ਸੰਭਵ – ਲਾਲ ਚੰਦ ਕਟਾਰੂਚੱਕ
ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)— ਪੀ.ਏ.ਯੂ. ਦੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਸਿਵਲ ਸਪਲਾਈ ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਸਨ, ਜਦਕਿ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਕਿਸਾਨ ਮੇਲੇ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਰਮਨ ਬਹਿਲ, ਪੰਜਾਬ ਦੇ ਗੰਨਾ ਕਮਿਸ਼ਨਰ ਡਾ ਅਮਰੀਕ ਸਿੰਘ ਅਤੇ ਸ ਸ਼ਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਸਿਵਲ ਸਪਲਾਈ ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਪੰਜਾਬ, ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਮੇਲਾ ਖੇਤੀ ਗਿਆਨ ਪ੍ਰਸਾਰ ਦਾ ਮੌਕਾ ਹੈ। ਖੇਤੀ ਵਿਗਿਆਨੀਆਂ ਵੱਲੋਂ ਕੀਤੀਆਂ ਖੋਜਾਂ ਕਿਸਾਨਾਂ ਤਕ ਲਿਆ ਕੇ ਆਮ ਕਿਸਾਨ ਦੀਆਂ ਮੁਸ਼ਕਲਾਂ ਦੇ ਹੱਲ ਵੱਲ ਪਹਿਲਕਦਮੀ ਕਰਨੀ ਇਨ੍ਹਾਂ ਮੇਲਿਆਂ ਦਾ ਮੰਤਵ ਹੈ। ਕਟਾਰੂਚੱਕ ਨੇ ਯੂਨੀਵਰਸਿਟੀ ਮਾਹਿਰਾਂ ਦਾ ਧੰਨਵਾਦ ਕੀਤਾ ਜੋ ਆਪਣੇ ਗਿਆਨ ਨੂੰ ਖੇਤੀਕਾਰਾਂ ਨਾਲ ਸਾਂਝੇ ਕਰਦੇ ਹਨ। ਸ਼੍ਰੀ ਕਟਾਰੂਚੱਕ ਨੇ ਕਿਸਾਨ ਨੂੰ ਖੋਜ ਦਾ ਕੇਂਦਰੀ ਨੁਕਤਾ ਕਹਿੰਦਿਆਂ ਉਸਨੂੰ ਕੁਦਰਤ ਦਾ ਰਖਵਾਲਾ ਅਤੇ ਧਰਤੀ ਪੁੱਤਰ ਹੋਣ ਦਾ ਦਰਜਾ ਦਿੱਤਾ। ਅੱਜ ਦੀ ਖੇਤੀ ਨਿਰੀ ਬੀਜਣ ਵੱਢਣ ਦੀ ਕਿਰਿਆ ਨਹੀਂ ਬਲਕਿ ਇੱਕ ਪੂਰਾ ਵਿਗਿਆਨਕ ਅਮਲ ਹੈ। ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਅਜੋਕੇ ਕਿਸਾਨਾਂ ਨੂੰ ਵਿਗਿਆਨਕ ਤਕਨਾਲੋਜੀ ਅਪਣਾ ਕੇ ਖੇਤੀ ਨੂੰ ਕਾਰੋਬਾਰ ਵਿੱਚ ਵਟਾਉਣ ਵੱਲ ਵਧਣ ਦਾ ਹੋਕਾ ਦਿੱਤਾ ਤੇ ਕਿਹਾ ਕਿ ਵਰਤਮਾਨ ਮੁਕਾਬਲੇ ਦੇ ਦੌਰ ਵਿੱਚ ਇਹ ਰਸਤਾ ਵੱਧ ਮੁਨਾਫੇ ਵੱਲ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੁਦਰਤ ਨੂੰ ਅਪਣੇ ਮੂਲ ਸਰੋਤ ਵਜੋਂ ਬਰਕਰਾਰ ਰੱਖਣ ਲਈ ਹਵਾ, ਪਾਣੀ ਤੇ ਧਰਤੀ ਦੀ ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਭਿੰਨਤਾ ਨਾਲ ਹੀ ਪੰਜਾਬ ਦੀ ਖੇਤੀ, ਵਾਤਾਵਰਨ ਅਤੇ ਭਵਿੱਖ ਦੀ ਰੱਖਿਆ ਕੀਤੀ ਜਾ ਸਕਦੀ ਹੈ। ਨਾਲ ਹੀ ਉਨ੍ਹਾਂ ਨੇ ਖੇਤੀ ਖੋਜ ਦੇ ਵਿਕਾਸ ਅਤੇ ਭਰਪੂਰਤਾ ਲਈ ਸਰਕਾਰੀ ਵਚਨਬੱਧਤਾ ਨੂੰ ਦੁਹਰਾਇਆ। ਕੈਬਨਿਟ ਮੰਤਰੀ ਕਟਾਰੂਚੱਕ ਨੇ ਖੇਤੀ ਜੰਗਲਾਤ ਨੂੰ ਪ੍ਰਫੁੱਲਿਤ ਕਰਨ ਲਈ ‘ਜ਼ਾਇਕਾ’ ਨਾਂ ਦੀ ਯੋਜਨਾ ਕੰਢੀ ਖੇਤਰ ਵਿਚ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਆਉਂਦੀਆਂ ਪੀੜ੍ਹੀਆਂ ਨੂੰ ਖੇਤੀ ਦੇ ਕਾਰਜਾਂ ਅਤੇ ਵਿਗਿਆਨ ਨਾਲ ਸੰਬੰਧਿਤ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ।
ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਕਿਸਾਨਾਂ ਤੋਂ ਮਾਹਿਰਾਂ ਦੇ ਸਿੱਖਣ ਅਤੇ ਉਨ੍ਹਾਂ ਨੂੰ ਸਿਖਾਉਣ ਦਾ ਮੌਕਾ ਵੀ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੀ ਏ ਯੂ ਤੋਂ ਵੀ ਪੁਰਾਣਾ ਹੈ ਇਸ ਲਈ ਸਭ ਤੋਂ ਮਹੱਤਵਪੂਰਨ ਕੇਂਦਰ ਹੈ। ਇਸ ਕੇਂਦਰ ਦਾ ਮੌਸਮ ਲੁਧਿਆਣਾ ਤੋਂ ਭਿੰਨ ਹੋਣ ਕਰਕੇ ਖੋਜ ਪੱਖੋਂ ਬੜਾ ਅਹਿਮ ਹੈ। ਡਾ ਗੋਸਲ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ ‘ ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਣ ਬਚਾਓ’ ਰੱਖਿਆ ਗਿਆ ਹੈ। ਇਸ ਦਾ ਮੰਤਵ ਖੇਤੀ ਨੂੰ ਵੰਨ ਸੁਵੰਨੀ ਤੇ ਵਾਤਾਵਰਨ ਪੱਖੀ ਬਣਾਉਣ ਦੀ ਪਹਿਲਕਦਮੀ ਕਰਨਾ ਹੈ। ਵਾਈਸ ਚਾਂਸਲਰ ਨੇ ਪੀ ਏ ਯੂ ਦੀਆਂ ਝੋਨੇ ਦੀਆਂ ਕਿਸਮਾਂ ਨੂੰ ਅਪਣਾ ਕੇ ਪੰਜਾਬ ਦੇ ਵਾਤਾਵਰਨ ਦੀ ਸੰਭਾਲ ਉੱਪਰ ਪਹਿਰਾ ਦੇਣ ਲਈ ਕਿਸਾਨਾਂ ਨੂੰ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਇਸ ਖੇਤਰ ਨੂੰ ਗੰਨਾ ਕਾਸ਼ਤ ਦਾ ਗੜ੍ਹ ਕਹਿੰਦਿਆਂ ਪੀ ਏ ਯੂ ਦੀਆਂ ਗੰਨੇ ਦੀਆਂ ਕਿਸਮਾਂ ਬੀਜਣ ਲਈ ਕਿਹਾ। ਕਣਕ ਦੀ ਮੌਜੂਦਾ ਫ਼ਸਲ ਦੇ ਹਾਲਾਤ ਉੱਪਰ ਤਸੱਲੀ ਪ੍ਰਗਟਾਉਣ ਦੇ ਨਾਲ ਹੀ ਵਾਈਸ ਚਾਂਸਲਰ ਨੇ ਕਈ ਥਾਵਾਂ ਤੇ ਬੱਲੀਆਂ ਵਿਚ ਹਲਕੇ ਜਾਮਨੀ ਧੱਬਿਆਂ ਤੋਂ ਚਿੰਤਤ ਨਾ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਖਾਦਾਂ ਦੀ ਸੁਚੱਜੀ ਵਰਤੋਂ ਮੁਨਾਫ਼ੇਯੋਗ ਖੇਤੀ ਦਾ ਧੁਰਾ ਹੈ ਤੇ ਮਿੱਟੀ ਦੀ ਪਰਖ ਤੋਂ ਬਿਨਾਂ ਖਾਦਾਂ ਦੇ ਅੰਨ੍ਹੇਵਾਹ ਇਸਤਮਾਲ ਤੋਂ ਗ਼ੁਰੇਜ਼ ਦੀ ਲੋੜ ਹੈ।
ਡਾ. ਗੋਸਲ ਨੇ ਖੇਤੀ ਗਿਆਨ ਵਿਗਿਆਨ ਵੱਲ ਸੰਕੇਤ ਕਰਦਿਆਂ ਯੂਨੀਵਰਸਿਟੀ ਦੇ ਸੁਨੇਹੇ ਅਤੇ ਸਿਫਾਰਿਸ਼ਾਂ ਲਈ ਰਵਾਇਤੀ ਤਰੀਕਿਆਂ ਦੇ ਨਾਲ ਨਾਲ ਡਿਜੀਟਲ ਮਾਧਿਅਮ ਅਪਣਾਉਣ ਲਈ ਸੱਦਾ ਦਿੱਤਾ। ਉਪਰੰਤ ਵਾਈਸ ਚਾਂਸਲਰ ਨੇ ਖੇਤੀ ਨੂੰ ਡਿਜੀਟਲ ਬਣਾਉਣ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦਾ ਜ਼ਿਕਰ ਕਰਦਿਆਂ ਚਾਲਕ ਰਹਿਤ ਟਰੈਕਟਰ ਤਜਰਬਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਨੌਜਵਾਨ ਕਿਸਾਨਾਂ ਨੂੰ ਵਿਹਾਰਕ ਤੇ ਕਾਰੋਬਾਰੀ ਬਣਨ ਲਈ ਕਿਹਾ ਤੇ ਇਸ ਸੰਬੰਧ ਵਿਚ ਯੂਨੀਵਰਸਿਟੀ ਦੀਆਂ ਸਿਖਲਾਈ ਸਹੂਲਤਾਂ ਦਾ ਲਾਹਾ ਲੈਣ ਲਈ ਕਿਹਾ। ਵਾਈਸ ਚਾਂਸਲਰ ਨੇ ਕਿਹਾ ਕਿ ਕਿਸਾਨੀ ਪਰਿਵਾਰਾਂ ਨੂੰ ਬਾਕਾਇਦਾ ਖੇਤੀ ਸਿੱਖਿਆ ਦੀ ਲੋੜ ਲਾਜ਼ਮੀ ਹੈ ਤੇ ਯੂਨੀਵਰਸਿਟੀ ਵਲੋਂ ਕਿਸਾਨੀ ਪਰਿਵਾਰਾਂ ਦੇ ਬੱਚਿਆਂ ਲਈ ਉਚੇਰੀ ਖੇਤੀ ਪੜ੍ਹਾਈ ਵਾਸਤੇ ਦਸ ਫ਼ੀਸਦੀ ਰਾਖਵੀਆਂ ਸੀਟਾਂ ਮੁਕੱਰਰ ਕੀਤੀਆਂ ਗਈਆਂ ਹਨ। ਬੀਤੇ ਸਾਲ ਹੜ੍ਹਾਂ ਦੌਰਾਨ ਹੋਏ ਨੁਕਸਾਨ ਨੂੰ ਯਾਦ ਕਰਦਿਆਂ ਡਾ ਗੋਸਲ ਨੇ ਯੰਗ ਫ਼ਾਰਮਰਜ਼ ਗਰੁੱਪ ਵਲੋਂ ਕੀਤੇ ਕਾਰਜਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹੜ੍ਹਾਂ ਨਾਲ ਆਏ ਗੈਰ ਖੇਤਰੀ ਨਦੀਨਾਂ ਬਾਰੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਨੂੰ ਇਸ ਸੰਬੰਧੀ ਪੀ ਏ ਯੂ ਮਾਹਿਰਾਂ ਨਾਲ ਸੰਪਰਕ ਕਰਨ ਲਈ ਕਿਹਾ। ਨਾਲ ਹੀ ਉਨ੍ਹਾਂ ਆਉਂਦੀ ਫ਼ਸਲ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਵੱਧ ਉਤਪਾਦਨ ਦੇ ਨਾਲ ਗੁਣਵੱਤਾ ਦਾ ਦੌਰ ਸਾਮ੍ਹਣੇ ਆਇਆ ਹੈ। ਡਾ ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਸਹਿਯੋਗ ਨਾਲ ਦੇਸ਼ ਦੇ ਖੇਤੀ ਵਿਕਾਸ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਹੁਣ ਤਕ 991 ਤੋਂ ਵੱਧ ਕਿਸਮਾਂ ਵਿਕਸਿਤ ਕਰਕੇ ਕਾਸ਼ਤ ਲਈ ਜਾਰੀ ਕੀਤੀਆਂ ਹਨ। ਡਾ. ਅਜਮੇਰ ਸਿੰਘ ਢੱਟ ਨੇ ਪੀ.ਏ.ਯੂ. ਵੱਲੋਂ ਪਿਛਲੇ ਛੇ ਮਹੀਨਿਆਂ ਵਿਚ ਸਿਫ਼ਾਰਸ਼ ਲਈ ਵਿਕਸਿਤ ਕੀਤੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਹੋਰ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਨਵੀਆਂ ਕਿਸਮਾਂ ਵਿਚ ਉਹਨਾਂ ਝੋਨੇ ਦੀ ਕਿਸਮ ਪੀ ਆਰ 133 ਦਾ ਜ਼ਿਕਰ ਕੀਤਾ ਜੋ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ, ਮਿਆਰੀ ਚੌਲਾਂ ਵਾਲੀ ਅਤੇ ਵੱਖ-ਵੱਖ ਖੋਜ ਤਜਰਬਿਆਂ ਵਿੱਚੋਂ ਉੱਤਮ ਪਾਈ ਗਈ ਹੈ। ਇਸਦਾ ਝਾੜ ਕਰੀਬਨ 31 ਕੁਇੰਟਲ ਅਤੇ ਚੌਲਾਂ ਦਾ ਮਿਆਰ ਵੀ ਉੱਤਮ ਹੈ। ਡਾ. ਢੱਟ ਨੇ ਕਪਾਹ ਦੀ ਦੇਸੀ ਕਿਸਮ ਪੀ ਬੀ ਡੀ 88 ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਹ ਕਿਸਮ 28 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਵਾਲੀ ਅਤੇ ਰੂੰ ਦੇ ਵਧੇਰੇ ਕਸ ਵਾਲੀ ਕਿਸਮ ਹੈ। ਚਿੱਟੀ ਮੱਖੀ ਅਤੇ ਸੋਕੇ ਵਾਲੀਆਂ ਬਿਮਾਰੀਆਂ ਦਾ ਇਸ ਉੱਪਰ ਕੋਈ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਮੱਕੀ ਦੀ ਕਿਸਮ ਐੱਨ ਕੇ 7328 ਦਾ ਜ਼ਿਕਰ ਵੀ ਨਿਰਦੇਸ਼ਕ ਖੋਜ ਨੇ ਵਿਸ਼ੇਸ਼ ਰੂਪ ਵਿਚ ਕੀਤਾ। ਉਨ੍ਹਾਂ ਨੇ ਸਬਜ਼ੀਆਂ ਵਿੱਚ ਬੈਂਗਣ, ਘੀਆ , ਮਟਰਾਂ ਅਤੇ ਕਾਲੀ ਤੋਰੀ ਅਤੇ ਫਲਾਂ ਵਿੱਚ ਆੜੂ ਦੀਆਂ ਹੁਣੇ ਹੁਣੇ ਜਾਰੀ ਹੋਈਆਂ ਕਿਸਮਾਂ ਦਾ ਉਲੇਖ ਕੀਤਾ। ਨਾਲ ਹੀ ਸਹਾਇਕ ਕਿੱਤਿਆਂ ਵਜੋਂ ਖੁੰਬਾਂ ਦੀਆਂ ਨਵੀਆਂ ਕਿਸਮਾਂ ਦੀ ਸਿਫਾਰਿਸ਼ ਵੀ ਕੀਤੀ ਗਈ। ਉਤਪਾਦਨ ਤਕਨੀਕਾਂ ਵਿਚ ਬੈੱਡਾਂ ਉੱਪਰ ਪਨੀਰੀ ਦੀ ਲਵਾਈ ਦੀ ਤਕਨੀਕ ਸਿੱਧੀ ਬਿਜਾਈ ਵਾਲੇ ਝੋਨੇ ਵਿਚ ਕਣਕ ਦੇ ਨਾੜ ਦੀ ਮਲਚ ਵਜੋਂ ਵਰਤੋਂ ਮੱਕੀ/ਅਰਹਰ-ਕਣਕ ਦੀ ਬਿਜਾਈ ਦੀ ਤਕਨੀਕ ਪ੍ਰਮੁੱਖ ਸਨ। ਇਸ ਤੋਂ ਇਲਾਵਾ ਉਹਨਾਂ ਨੇ ਝੋਨੇ ਦੇ ਮਧਰੇਪਣ ਦੇ ਰੋਗ ਦੀ ਰੋਕਥਾਮ ਲਈ ਨਵੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ।


