ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਦੀ ਚੌਥੀ ਬਰਸੀ ਵਿੱਚ ਪਹੁੰਚ ਕੇ ਦਿੱਤੀ ਸ਼ਰਧਾਂਜਲੀ

ਗੁਰਦਾਸਪੁਰ

ਸ੍ਰੀ ਬੰਦੀ ਛੋੜ ਕਬੀਰ ਗੁਰੂ ਆਸ਼ਰਮ ਕਾਹਨੂੰਵਾਨ ਵਿਖੇ ਕਰਵਾਇਆ ਗਿਆ ਸਮਾਗਮ

ਕਾਹਨੂੰਵਾਨ/ਗੁਰਦਾਸਪੁਰ, 30 ਨਵੰਬਰ (ਸਰਬਜੀਤ ਸਿੰਘ)– ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਅੱਜ ਸ੍ਰੀ ਬੰਦੀ ਛੋੜ ਕਬੀਰ ਗੁਰੂ ਆਸ਼ਰਮ ਕਾਹਨੂੰਵਾਨ ਵਿਖੇ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਦੀ ਚੌਥੀ ਬਰਸੀ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਅਰਪਨ ਕੀਤੇ। ਇਸ ਮੌਕੇ ਮਹੰਤ ਜਗਦੀਸ਼ ਸਾਹਿਬ ਜੀ ਜਲੰਧਰ ਵਾਲੇ, ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਭਗਤ ਰਾਮ ਲਾਲ, ਸਰਪੰਚ ਸਤਨਾਮ ਸਿੰਘ, ਪ੍ਰਭਦਿਆਲ ਭਗਤ ਜਲੰਧਰ, ਗੁਰਇਕਬਾਲ ਸਿੰਘ ਮਾਹਲ, ਕੁਲਵੰਤ ਸਿੰਘ ਮੋਤੀ ਭਾਟੀਆ, ਸੁਖਦੇਵ ਰਾਜ ਭਗਤ, ਅਸ਼ੋਕ ਭਗਤ, ਰਜਿੰਦਰ ਭਗਤ, ਹੰਸ ਰਾਜ, ਵਿਜੈ ਕੁਮਾਰ ਅਤੇ ਮੰਗਲ ਸਿੰਘ ਆਦਿ ਮੌਜੂਦ ਸਨ।

ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਨੇ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਕਾਰਜ ਕੀਤਾ ਅਤੇ ਲੋੜਵੰਦ ਲੋਕਾਂ ਦੀ ਪਹਿਲ ਦੇ ਆਧਾਰ ‘ਤੇ ਮਦਦ ਕੀਤੀ। ਉਨ੍ਹਾਂ ਨੇ ਹਮੇਸ਼ਾ ਲੋਕਾਂ ਨੂੰ ਆਪਸੀ ਮੇਲ-ਜੋਲ ਵਾਲਾ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਅੱਗੇ ਕਿਹਾ ਕਿ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਨੇ ਸ਼੍ਰੋਮਣੀ ਭਗਤ ਕਬੀਰ ਜੀ ਦੇ ਆਦਰਸ਼ਾਂ ’ਤੇ ਚੱਲ ਕੇ ਮਾਨਵਤਾ ਨੂੰ ਏਕਤਾ, ਭਾਈਚਾਰਕ ਸਾਂਝ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ, ਜਿਸ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

ਇਸ ਮੌਕੇ ਹਲਕਾ ਇੰਚਾਰਜ ਕਾਦੀਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਅਤੇ ਵੱਖ-ਵੱਖ ਸਖਸੀਅਤਾਂ ਵਲੋਂ ਸੰਤ ਬਾਬਾ ਗੁਰਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ। ਇਸ ਮੌਕੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।

Leave a Reply

Your email address will not be published. Required fields are marked *