ਗੁਰਦਾਸਪੁਰ, 4 ਜੂਨ (ਸਰਬਜੀਤ ਸਿੰਘ)– ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਵੱਲੋਂ ਵਿਕਸਤ ਖੇਤੀਬਾੜੀ ਸੰਕਲਪ ਅਭਿਆਨ ਤਹਿਤ ਵੱਖ-ਵੱਖ ਪਿੰਡਾਂ ਬਿਧੀਪੁਰ, ਕੈਲੇਕਲਾਂ, ਜਫਰਵਾਲ, ਬਰਿਆਰ, ਕਾਲੇਨੰਗਲ, ਆਦੀ, ਭੋਲੇਕੇ, ਪੰਨਵਾਂ ਝੰਗੀ, ਭਗਥਾਨਾ, ਬੋਹਰਵਾਲਾ ਵਿਖੇ ਕਿਸਾਨ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਹ ਪ੍ਰੋਗਰਾਮ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਸਰਬਜੀਤ ਸਿੰਘ ਔਲਖ ਦੀ ਅਗਵਾਈ ਹੇਠ ਨੇਪਰੇ ਚਾੜੇ ਗਏ। ਇਸ ਮੌਕੇ ਡਾ. ਸਤਵਿੰਦਰਜੀਤ ਕੌਰ, ਸਹਿਯੋਗੀ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਮਿੱਟੀ ਦੀ ਪਰਖ ਅਤੇ ਖਾਦ ਪ੍ਰਬੰਧ ਬਾਰੇ, ਡਾ. ਅਨਿਲ ਕੁਮਾਰ ਖੋਖਰ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਝੋਨੇ ਦੀਆਂ ਉਤਮ ਕਿਸਮਾਂ, ਪਨੀਰੀ ਦੀ ਦੇਖਭਾਲ ਸਬੰਧੀ, ਡਾ. ਯਾਮਿਨੀ ਸ਼ਰਮਾਂ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਸਬਜੀਆਂ ਅਤੇ ਫਲਾਂ ਦੀ ਕਾਸ਼ਤ ਸਬੰਧੀ, ਡਾ. ਰਾਜਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਝੋਨੇ ਅਤੇ ਬਾਸਮਤੀ ਵਿੱਚ ਬੀਜ ਦੀ ਸੋਧ ਅਤੇ ਸਾਉਣੀ ਦੀਆਂ ਫਸਲਾਂ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਅਤੇ ਡਾ ਅੰਕੁਸ ਪਰੋਚ, ਸਹਾਇਕ ਪ੍ਰੋਫੈਸਰ (ਪਸੂ ਵਿਗਿਆਨ) ਨੇ ਪਸੂਆਂ ਦੀ ਗਰਮੀ ਵਿੱਚ ਸਾਂਭ ਸੰਭਾਲ ਅਤੇ ਹੋਰ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨਾਂ ਨੂੰ ਖੇਤੀਬਾੜੀ ਸਾਹਿਤ ਵੀ ਵੰਡਿਆ ਗਿਆ। ਇਹਨਾਂ ਕੈਂਪਾਂ ਵਿੱਚ ਖੇਤੀਬਾੜੀ ਨਾਲ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ ਅਤੇ ਕਿਸਾਨ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ।


