ਫਿਲੌਰ, ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਗੁਰੂਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਜਲੰਧਰ ਵਿਖੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ 450 ਸਾਲਾਂ ਨੂੰ ਸਮਰਪਿਤ 15 ਲੜੀਵਾਰ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਮਹਾਨ ਧਾਰਮਿਕ ਸਮਾਗਮ ਕਰਵਾਏ ਗਏ। ਜਿਸ ਵਿੱਚ ਪੰਥ ਦੇ ਨਾਮਵਰ ਰਾਗੀ ਢਾਡੀ ਕਥਾ ਵਾਚਕ ਕਵੀਸ਼ਰ ਪ੍ਰਚਾਰਕਾਂ ਤੋਂ ਇਲਾਵਾ ਕਈ ਸੰਤਾਂ ਮਹਾਪੁਰਸ਼ਾਂ ਨੇ ਹਾਜਰੀ ਲਵਾਈ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ। ਸਮੂਹ ਧਾਰਮਿਕ ਬੁਲਾਰਿਆਂ, ਸੰਤਾਂ ਮਹਾਪੁਰਸ਼ਾਂ ਤੇ ਹੋਰਾਂ ਦਾ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ, ਸੰਤ ਬਾਬਾ ਜਰਨੈਲ ਸਿੰਘ ਆਲੋਵਾਲ, ਡਾਕਟਰ ਅਮਰਜੋਤ ਸਿੰਘ ਸੰਧੂ, ਗਰੇਵਾਲ ਲੁਧਿਆਣਾ ਅਤੇ ਭਾਈ ਵਿਰਸਾ ਸਿੰਘ ਖਾਲਸਾ ਨੇ ਸਾਡੇ ਤੌਰ ਤੇ ਸਨਮਾਨਿਤ ਕੀਤਾ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜਰੀਆ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਭਾਈ ਖਾਲਸਾ ਨੇ ਦੱਸਿਆ ਕਿ ਗੁਰਮਤਿ ਸਮਾਗਮ ਦੇ ਸਬੰਧ ਵਿੱਚ ਪਰਸੋਂ ਦੇ ਰੋਜ ਤੋਂ ਗੁਰਦੁਆਰਾ ਸਾਹਿਬ ਵਿਖੇ ਲੜੀਵਾਰ 12 ਆਦਿ ਗੁਰੂ ਗ੍ਰੰਥ ਸਾਹਿਬ, ਦੋ ਸੰਕਟ ਤੇ ਇੱਕ ਜਪੁਜੀ ਸਾਹਿਬ ਸਮੇਤ ਕੁੱਲ 15 ਲੜੀਵਾਰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਜਿਨ੍ਹਾਂ ਦੇ ਅੱਜ ਸੰਪੂਰਣ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮਨਾਮੇ ਦੀ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਵੱਲੋਂ ਸਬਦ ਗੁਰਬਾਣੀ ਕਥਾ ਵਿਚਾਰ ਅਤੇ ਹਜੂਰੀ ਰਾਗੀ ਭਾਈ ਹਰਜੀਤ ਸਿੰਘ ਦੇ ਕੀਰਤਨੀ ਜਥੇ ਵੱਲੋਂ ਅੰਮ੍ਰਿਤਮਈ ਕੀਰਤਨ ਸਰਵਣ ਕਰਵਾਉਣ ਤੋਂ ਉਪਰੰਤ ਗੁਰਮਤਿ ਸਮਾਗਮ ਦੀ ਆਰੰਭਤਾ ਹੋਈ।
ਬੁਲਾਰਿਆਂ ਨੇ ਗੁਰਮਤਿ ਸਮਾਗਮ ਦੀਆ ਹਾਜਰੀ ਲਵਾਈ ਅਤੇ ਸੰਗਤਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਇਤਹਾਸ ਤੋਂ ਜਾਣੂ ਕਰਵਾਇਆ, ਮੁਖ ਪਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਨੇ ਕਥਾ ਵਿਚਾਰ ਰਾਹੀਂ ਦੱਸਿਆ ਗੁਰੂ ਅਮਰਦਾਸ ਮਹਾਰਾਜ ਜੀ ਸਮੂਹ ਗੁਰੂ ਸਾਹਿਬਾਨਾਂ ਤੋਂ ਛੋਟੀ ਉਮਰ ਦੇ ਸਨ ਜਿਹੜੇ ਘਾਲ ਸੇਵਾ ਤੇ ਭਗਤੀ ਸਿਮਰਨ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਤੀਜੇ ਵਾਰਸ ਬਣੇ, ਉਨ੍ਹਾਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਨਾਮ ਸਿਮਰਨ ਤੇ ਗੁਰ ਸੇਵਾ ਨਾਲ ਮਨ ਜੋੜਨ ਦੀ ਲੋੜ ਤੇ ਜੋਰ ਦੇਣ, ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਇਸ ਵਕਤ ਹੋਰਨਾਂ ਤੋਂ ਇਲਾਵਾ ਬਾਬਾ ਦਾਰਾ ਸਿੰਘ ਭਾਈ ਹਰਜੀਤ ਸਿੰਘ ਜੀ, ਭਾਈ ਰਿੰਕੂ, ਭਾਈ ਗੁਰਮੇਲ ਸਿੰਘ ਤੋਂ ਇਲਾਵਾ ਸੈਕੜੇ ਭਾਰਤੀਆਂ ਕਿਸਾਨ ਮਜਦੂਰ ਯੂਨੀਅਨ ਦੇ ਆਗੂ ਅਤੇ ਵਰਕਰ ਮਜੂਦ ਸਨ ਭਾਈ ਖਾਲਸਾ ਨੇ ਦੱਸਿਆ ਸਮੂਹ ਸੰਗਤਾਂ ਨੂੰ ਲੰਗਰ ਦੀ ਪੰਗਤ ਵਿੱਚ ਪ੍ਰਸਾਦਾ ਛਕਾਇਆ ਗਿਆ।