ਬਲਾਕ ਰਾਮਪੁਰਾ ਦੇ ਵੱਖ- ਵੱਖ ਪਿੰਡਾਂ ਤੋਂ ਆਏ ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਵਿਖੇ ਧਰਨਾ ਲਾਕੇ ਘਿਰਾਓ ਕੀਤਾ
ਰਾਮਪੁਰਾ -ਚਾਉਕੇ, ਗੁਰਦਾਸਪੁਰ, 21 ਸਤੰਬਰ (ਸਰਬਜੀਤ ਸਿੰਘ)– ਇੱਥੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਬਲਾਕ ਰਾਮਪੁਰਾ ਦੇ ਵੱਖ- ਵੱਖ ਪਿੰਡਾਂ ਤੋਂ ਆਏ ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਵਿਖੇ ਧਰਨਾ ਲਾਕੇ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮਕੇ ਨਾਹਰੇਬਾਜੀ ਕੀਤੀ ਗਈ। ਧਰਨੇ ਦੀ ਸ਼ੁਰੂਆਤ ਕੇਵਲ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ।
ਜਥੇਬੰਦੀ ਦੇ ਸੂਬਾਈ ਆਗੂਆਂ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਸੰਬੋਧਨ ਕਰਦਿਆਂ ਮਨਰੇਗਾ ਨਾਲ ਸਬੰਧਤ ਬਲਾਕ ਅਫ਼ਸਰ ਤੇ ਦੋਸ਼ ਲਾਇਆ ਅਤੇ ਕਿਹਾ ਕਿ ਰਾਮਪੁਰਾ ਬਲਾਕ ਦੇ ਇੱਕ ਦਰਜ਼ਨ ਤੋਂ ਵੱਧ ਪਿੰਡਾਂ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਛੇ ਮਹੀਨਿਆਂ ਅੰਦਰ ਮਸਾਂ ਦੋ ਹਫ਼ਤਿਆਂ ਦਾ ਕੰਮ ਮਿਲ਼ਿਆ ਹੈ। ਮਨਰੇਗਾ ਕਰਮਚਾਰੀਆਂ ਵੱਲੋਂ ਤਰ੍ਹਾਂ – ਤਰ੍ਹਾਂ ਦੇ ਬਹਾਨੇ ਲਾਕੇ ਮਜ਼ਦੂਰਾਂ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਕਈ ਪਿੰਡਾਂ ਵਿੱਚ ਮੁੱਠੀ ਭਰ ਲੋਕਾਂ ਨੂੰ ਬਾਰ ਬਾਰ ਕੰਮ ਦੇ ਕੇ ਲਿਹਾਜ਼ ਪੁਗਾਈ ਜਾ ਰਹੀ ਹੈ। ਜਦੋਂ ਕਿ ਵੱਡੀ ਗਿਣਤੀ ਵਿੱਚ ਮਜ਼ਦੂਰ ਵਿਹਲੇ ਬੈਠੇ ਹਨ, ਜਿਨ੍ਹਾਂ ਨੂੰ ਆਪਣਾ ਚੁੱਲ੍ਹਾ ਤਪਾਉਣਾ ਔਖਾ ਹੋ ਗਿਆ ਹੈ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਹਰ ਖੇਤਰ ਵਿੱਚ ਸਾਰੇ ਕੰਮ ਮਸ਼ੀਨਾਂ ਨੇ ਸਾਂਭ ਲਏ ਹਨ, ਦੂਜੇ ਪਾਸੇ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਮਨਰੇਗਾ ਦੇ ਕੰਮ ਵਿੱਚ ਸਿਆਸੀ ਦਖ਼ਲਅੰਦਾਜ਼ੀ ਕਰਕੇ ਆਪਣੇ ਚਹੇਤਿਆਂ ਨੂੰ ਕੰਮ ਦਿਵਾਉਣ ਲਈ ਆਮ ਜਨਤਾ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਏਥੋਂ ਤੱਕ ਕਿ ਸਿਆਸੀ ਲੋਕਾਂ ਵੱਲੋਂ ਅਧਿਕਾਰੀਆਂ ਉੱਪਰ ਦਵਾ ਪਾਇਆ ਜਾ ਰਿਹਾ ਹੈ। ਆਗੂਆਂ ਨੇ ਭਗਵੰਤ ਮਾਨ ਸਰਕਾਰ ਦੀ ਤਿੱਖੀ ਅਲੋਚਨਾਂ ਕਰਦਿਆਂ ਕਿਹਾ ਕਿ ਇਹ ਸਰਕਾਰ ਸਾਰੀਆਂ ਸਰਕਾਰਾਂ ਨਾਲੋਂ ਸਭ ਤੋਂ ਵੱਧ ਨਿਕੰਮੀ ਸਾਬਤ ਹੋਈ ਹੈ। ਸੁਨਾਮ ਦੇ ਨੇੜੇ ਕੰਮ ਕਰਦੇ ਚਾਰ ਮਨਰੇਗਾ ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲ ਕੇ ਮਜ਼ਦੂਰਾਂ ਦੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ ਪਰ ਭਗਵੰਤ ਮਾਨ ਨੇ ਅਜੇ ਤੱਕ ਮੂੰਹ ਨਹੀਂ ਖੋਲ੍ਹਿਆ। ਆਗੂਆਂ ਨੇ ਕਿਹਾ ਕਿ ਚੋਣਾਂ ਸਮੇਂ ਜੋ ਵਾਅਦੇ ਕੀਤੇ ਸਨ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਆਪ ਪਾਰਟੀ ਨੂੰ ਸਬਕ ਸਿਖਾਇਆ ਜਾਵੇ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ, ਸਾਰਾ ਸਾਲ ਕੰਮ ਅਤੇ ਪ੍ਰੀਵਾਰ ਦੇ ਦੋ ਜੀਆਂ ਨੂੰ ਕੰਮ ਦੀ ਗਰੰਟੀ ਕੀਤੀ ਜਾਵੇ। ਗ਼ਰੀਬ ਲੋਕਾਂ ਨੂੰ 500 ਰੁਪਏ ਵਿੱਚ ਰਸੋਈ ਗੈਸ ਸਿਲੰਡਰ ਦਿੱਤਾ ਜਾਵੇ। ਹਰ ਗ਼ਰੀਬ ਪ੍ਰੀਵਾਰ ਨੂੰ ਦੋ ਰੁਪਏ ਕਿਲੋ ਵਾਲੀ ਕਣਕ ਬਕਾਏ ਸਮੇਤ ਦਿੱਤੀ ਜਾਵੇ। ਔਰਤਾਂ ਦੇ ਖਾਤੇ ਵਿੱਚ ਇੱਕ ਹਜ਼ਾਰ ਰੁਪਏ ਪਾਉਣੇਂ ਸ਼ੁਰੂ ਕੀਤੇ ਜਾਣ। ਧਰਨਾਕਾਰੀਆਂ ਨੇ ਇਹ ਵੀ ਮੰਗ ਕੀਤੀ ਕਿ ਮਨਰੇਗਾ ਦਾ ਕੰਮ ਕਰਦੇ ਸਮੇਂ ਜਿਨ੍ਹਾਂ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ, ਉਹਨਾਂ ਦੇ ਵਾਰਸਾਂ ਨੂੰ ਦਸ ਲੱਖ ਰੁਪਏ ਮੁਆਵਜ਼ਾ ਅਤੇ ਪ੍ਰੀਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਜਥੇਬੰਦੀ ਦੇ ਆਗੂਆਂ ਵੱਲੋਂ ਸੁਪਰਡੈਂਟ ਸਾਹਿਬ ਨੂੰ ਸੌਂਪਿਆ ਗਿਆ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕਾਮਰੇਡ ਅਜਾਇਬ ਸਿੰਘ ਖੋਖਰ, ਰੂਪ ਸਿੰਘ ਬੁਰਜ , ਦਰਸ਼ਨ ਸਿੰਘ ਬੁੱਗਰ , ਮਨਜੀਤ ਕੌਰ ਅਤੇ ਹਰਪ੍ਰੀਤ ਕੌਰ ਪੱਖੋਕਲਾਂ ਅਤੇ ਬੇਅੰਤ ਕੌਰ ਬੱਲ੍ਹੋ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।