ਗੁਰਦਾਸਪੁਰ, 14 ਮਈ (ਸਰਬਜੀਤ ਸਿੰਘ)—- ਸੀ ਪੀ ਆਈ ਐਮ ਐਲ ਲਿਬਰੇਸ਼ਨ 15 ਮਈ ਨੂੰ ਹਲਕਾ ਗੁਰਦਾਸਪੁਰ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿੱਚ ਗੁਰਦਾਸਪੁਰ ਦੇ ਪੁਰਾਣੇ ਬੱਸ ਅੱਡੇ ਵਿਚ ਅਤੇ ਲੋਕ ਸਭਾ ਹਲਕਾ ਅਮ੍ਰਿਤਸਰ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ 18 ਮਈ ਨੂੰ ਬੱਬੂ ਪੈਲਿਸ ਅਜਨਾਲਾ ਵਿਖੇ ਹਮਾਇਤ ਰੈਲੀਆਂ ਕਰੇਗੀ।
ਇਸ ਬਾਬਤ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਸਾਡੀ ਪਾਰਟੀ ਸਮਝਦੀ ਹੈ ਕਿ ਪੰਜਾਬ ਵਿੱਚ ਫਾਸਿਸਟ ਭਾਜਪਾ ਅਤੇ ਉਸ ਦੇ ਪੁਰਾਣੇ ਸਹਾਇਕ ਅਕਾਲੀ ਦਲ ਨੂੰ ਹਰਾਉਣ ਲਈ ਇੰਡੀਆ ਗਠਜੋੜ ਦੀ ਮਜ਼ਬੂਤ ਧਿਰ ਕਾਂਗਰਸ ਦੀ ਹਮਾਇਤ ਕਰਨੀ ਅਤਿ ਜ਼ਰੂਰੀ ਕਾਰਜ ਹੈ ਜਦੋਂ ਕਿ ਇੰਡੀਆ ਗਠਜੋੜ ਦੀ ਦੂਸਰੀ ਧਿਰ ਆਮ ਆਦਮੀ ਪਾਰਟੀ ਸੰਵਿਧਾਨ ਅਤੇ ਲੋਕਤੰਤਰ ਵਿਰੋਧੀ ਭਾਜਪਾ ਨੂੰ ਹਰਾਉਣ ਦੀ ਹੈਸੀਅਤ ਵਿੱਚ ਨਹੀਂ ਹੈ। ਬੱਖਤਪੁਰਾ ਨੇ ਕਿਹਾ ਕਿ ਬੇਸ਼ੱਕ ਸਾਡੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੀ ਸਰਮਾਏਦਾਰੀ ਅਤੇ ਕਾਰਪੋਰੇਟ ਪੱਖੀ ਪਾਰਟੀਆਂ ਸਮਝਦੀ ਹੈ ਪਰ 2024ਦੀਆਂ ਚੋਣਾਂ ਵਿੱਚ ਇਨ੍ਹਾਂ ਸਾਰੀਆਂ ਹਾਕਮ ਧਿਰਾਂ ਨੂੰ ਕਦਾਚਿੱਤ ਬਰਾਬਰ ਨਹੀਂ ਰਖਿਆ ਜਾ ਸਕਦਾ ਬਲਕਿ ਇਹ ਚੋਣਾਂ ਲੋਕ ਤੰਤਰ ਬਨਾਮ ਫਾਸਿਸਜ ਵਿਚਕਾਰ ਚੋਣ ਦੰਗਲ ਹੈ।


