ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)– ਰਈਆ ਤੋਂ ਡੇਰਾ ਬਾਬਾ ਨਾਨਕ ਨੂੰ ਬਣਾਈ ਜਾ ਰਹੀ ਚਾਰ ਮਾਰਗੀ ਉੱਚੀ ਸੜਕ ਕਾਰਨ ਪਿੰਡ ਬਰਿਆਰ, ਰਣਸੀਕੇ ਤਲਾ, ਦੇਹੜ, ਗੁਆਰੇ, ਫਤੂਪੁਰ,ਨਬੀ ਨਗਰ, ਅਠਵਾਲ, ਭੁੱਲਰ, ਸ਼ਿਕਾਰ ਮਾਛੀਆਂ, ਰਾਮਪੁਰ, ਤਲਵੰਡੀ ਗੁਰਾਇਆ, ਤਪਾਲਾ, ਚਾਕਾਂਵਾਲੀ,ਰਹੀਮਾਬਾਦ,ਅਲੀ ਨੰਗਲ,ਜੀਵਨ ਨੰਗਲ,ਖਵਾਜ਼ਾ ਵਰਦਗ,ਸ਼ਕਰੀ,ਮਛਰਾਲਾ,ਸਮਰਾਏ, ਅਗਵਾਣ, ਕਾਦੀਆਂ,ਸ਼ਾਹਪੁਰ ਗੁਰਾਇਆ,ਦਬੁਰਜੀ,ਕਾਲਾਂਵਾਲੀ, ਹਰੂਵਾਲ,ਡੇਰਾ ਪਠਾਣਾਂ,ਆਦਿ ਦਰਜ਼ਨਾਂ ਪਿੰਡਾਂ ਦੀ ਬਰਸਾਤ ਦੇ ਪਾਣੀ ਦੀ ਡਾਕ ਲੱਗਣ ਕਾਰਨ ਹਜ਼ਾਰਾਂ ਏਕੜ ਫਸਲ ਖਰਾਬ ਹੋਵੇਗੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵਧਣਗੀਆਂ। ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਪਿੰਡ ਬਹਿਲੋਲਪੁਰ ਨੇੜੇ ਸੱਕੀ ਨਾਲੇ ਉੱਪਰ ਬਣਾਇਆ ਜਾ ਰਿਹਾ ਪੁੱਲ ਇਸ ਵੱਡੇ ਇਲਾਕੇ ਦੇ ਪਾਣੀ ਦੇ ਨਿਕਾਸ ਲਈ ਬਹੁਤ ਛੋਟਾ ਹੈ। ਇਸ ਸਬੰਧੀ ਅੱਜ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦਾ ਇਕ ਵਫਦ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਨੂੰ ਮਿਲਿਆ ਅਤੇ ਦਰਜ਼ਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਦਸਤਖਤਾਂ ਵਾਲਾ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਤੇ ਉਕਤ ਪੁਲ ਨੂੰ ਵੱਡਾ ਕੀਤਾ ਜਾਵੇ ਅਤੇ ਹੋਰ ਵੀ ਜਿੱਥੇ ਕਿਤੇ ਲੋੜ ਹੈ ਇਲਾਕੇ ਦੇ ਲੋਕਾਂ ਦੀ ਮੰਗ ਅਨੁਸਾਰ ਸੜਕ ਵਿੱਚ ਸਾਈਫਨ ਬਣਾਏ ਜਾਣ ਤਾਂ ਜੋ ਪਾਣੀ ਦਾ ਨਿਕਾਸ ਆਸਾਨੀ ਨਾਲ ਹੋ ਸਕੇ ਅਤੇ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।
ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋਡ ਉੱਤੇ ਪਿੰਡ ਚੈਨੇਵਾਲ ਕੋਲ ਲਗਾਏ ਜਾ ਰਹੇ ਟੋਲ ਪਲਾਜੇ ਦੀ ਤਜਵੀਜ ਨੂੰ ਤੁਰੰਤ ਰੱਦ ਕਰਵਾਇਆ ਜਾਵੇ। ਕਿਉਂਕਿ ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਅਤੇ ਬਾਬਾ ਸ਼੍ਰੀ ਚੰਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਇਥੇ ਹੀ ਪੂਰੀ ਦੁਨੀਆ ਦੀ ਸੰਗਤ ਕਰਤਾਰਪੁਰ ਸਾਹਿਬ(ਪਾਕਿਸਤਾਨ)ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਸੋ ਜੁਰਮਾਨਾਂ ਰੂਪੀ ਟੋਲ ਟੈਕਸ ਇਸ ਏਰੀਏ ਦੇ ਵਿੱਚ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਅਤੇ ਇਲਾਕੇ ਦੀ ਸੰਗਤ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ, ਜਿਲਾ ਮੀਤ ਪ੍ਰਧਾਨ ਰਜਿੰਦਰ ਸਿੰਘ ਭਗਠਾਣਾ, ਗੁਰਪ੍ਰੀਤ ਸਿੰਘ ਨਬੀਨਗਰ,ਜੋਧ ਸਿੰਘ ਬਰਿਆਰ, ਬਲਕਾਰ ਸਿੰਘ ਅਦਾਲਤ ਪੁਰ,ਜੋਗਿੰਦਰ ਸਿੰਘ,ਅਮਨਦੀਪ ਸਿੰਘ ਬਹਲੋਲਪੁਰ ਸ਼ਾਮਿਲ ਸਨ।