ਮਜ਼ਦੂਰਾਂ ਨੂੰ ਦਿੱਤਾ ਸੱਦਾ
ਰਾਮਪੁਰਾ – ਚਾਉਕੇ, ਗੁਰਦਾਸਪੁਰ, 14 ਮਈ (ਸਰਬਜੀਤ ਸਿੰਘ)- ਸੀ ਪੀ ਆਈ (ਐਮ ਐਲ) ਰੈੱਡ ਸਟਾਰ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਰਾਮਪੁਰਾ ਬਲਾਕ ਦੇ ਪਿੰਡ ਬੁੱਗਰਾਂ ਅਤੇ ਗਿੱਲ ਕਲਾਂ ਵਿਖੇ ਮਜ਼ਦੂਰਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਨੂੰ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਝੱਤਰ ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਵਧ ਰਹੀ ਗ਼ਰੀਬੀ, ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਕਾਰਨ ਮਜ਼ਦੂਰ ਜਮਾਤ ਦੀ ਹਾਲਤ ਲਗਾਤਾਰ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।
ਹਰ ਖੇਤਰ ਵਿੱਚ ਮਸ਼ੀਨ ਤੇ ਤਕਨੀਕ ਦੀ ਬੇਲੋੜੀ ਵਰਤੋਂ ਦੇ ਕਾਰਣ ਮਜ਼ਦੂਰਾਂ ਨੂੰ ਕਿਧਰੇ ਕੰਮ ਨਹੀਂ ਮਿਲ ਰਿਹਾ ਅਤੇ ਉਹ ਸਾਰਾ ਸਾਲ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਸਰਮਾਏਦਾਰ ਪਾਰਟੀਆਂ ਹਰ ਪੰਜ ਸਾਲ ਬਾਅਦ ਗ਼ਰੀਬਾਂ ਤੋਂ ਝੂਠੇ ਲਾਰੇ ਅਤੇ ਝੂਠੇ ਜੁਮਲੇ ਦਿਖਾਕੇ ਵੋਟਾਂ ਹਾਸਲ ਕਰਦੀਆਂ ਰਹੀਆਂ ਹਨ ਪਰ ਮਜ਼ਦੂਰਾਂ ਦੇ ਰੁਜ਼ਗਾਰ ਦੀ ਕਦੇ ਗੱਲ ਨਹੀਂ ਕੀਤੀ, ਨਾਂ ਹੀ ਮਜ਼ਦੂਰਾਂ ਦੀ ਜ਼ਿੰਦਗੀ ਬਦਲਣ ਲਈ ਕੁੱਝ ਕੀਤਾ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਸਰਕਾਰੀ ਬੈਂਕਾਂ ਤੋਂ ਕੋਈ ਸਹਾਇਤਾ ਨਹੀਂ ਮਿਲਦੀ। ਜਿਸ ਕਰਕੇ ਮਜ਼ਦੂਰ ਔਰਤਾਂ ਨੂੰ ਪ੍ਰਾਈਵੇਟ ਮਾਇਕਰੋ ਫਾਈਨਾਂਸ ਕੰਪਨੀਆਂ ਤੋਂ ਮਹਿੰਗੇ ਵਿਆਜ਼ ਵਿੱਚ ਕਰਜ਼ਾ ਲੈਣਾ ਪੈ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਮਜ਼ਦੂਰ ਔਰਤਾਂ ਨੂੰ ਕਰਜ਼ੇ ਮੋੜਨ ਬਦਲੇ ਆਪਣੇ ਘਰਾਂ ਦਾ ਸਮਾਨ ਵੇਚਣਾ ਪੈ ਰਿਹਾ ਹੈ ਪਰ ਅੱਜ ਤੱਕ ਕਿਸੇ ਵੀ ਸੱਤਾ ਧਾਰੀ ਸਿਆਸੀ ਪਾਰਟੀ ਨੇ ਮਜ਼ਦੂਰਾਂ ਦੀ ਸਾਰ ਨਹੀਂ ਲਈ। ਆਗੂਆਂ ਨੇ ਮਜ਼ਦੂਰ ਜਮਾਤ ਨੂੰ ਸੱਦਾ ਦਿੱਤਾ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕੇਂਦਰ ਦੀ ਫਾਸ਼ੀਵਾਦੀ ਅਤੇ ਮਹਾਂ ਭ੍ਰਿਸ਼ਟ ਭਾਜਪਾ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ, ਜੋ ਭਾਰਤ ਦੇ ਸੰਘੀ ਢਾਂਚੇ ਨੂੰ ਅਤੇ ਭਾਰਤੀ ਸੰਵਿਧਾਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਆਗੂਆਂ ਨੇ ਇਹ ਵੀ ਅਪੀਲ ਕੀਤੀ ਕਿ ਪੰਜਾਬ ਦੀ ਆਪ ਪਾਰਟੀ ਨੂੰ ਵੀ ਵੋਟ ਨਾ ਪਾਈ ਜਾਵੇ, ਜਿਸਨੇ ਅੱਜ ਤੱਕ ਮਜ਼ਦੂਰਾਂ ਦੀ ਸਾਰ ਨਹੀਂ ਲਈ ਅਤੇ ਝੂਠੇ ਵਾਅਦੇ ਕਰਕੇ ਮੁੱਕਰ ਗਈ ਹੈ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਅਤੇ ਰਾਜਨੀਤਕ ਜਾਗਰਤੀ ਪੈਦਾ ਕਰਕੇ, ਮਜ਼ਦੂਰ ਜਮਾਤ ਨਾਲ ਹੋ ਰਹੀਆਂ ਵਧੀਕੀਆਂ ਦੇ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅੱਜ ਦੀਆਂ ਵੱਖ ਵੱਖ ਮੀਟਿੰਗਾਂ ਨੂੰ ਕਾਮਰੇਡ ਜਗਦੀਪ ਸਿੰਘ ਰਾਮਗੜ੍ਹ, ਗੁਰਮੇਲ ਸਿੰਘ ਪੱਖੋਕਲਾਂ, ਦਰਸ਼ਨ ਸਿੰਘ ਮੈਂਬਰ ਬੁੱਗਰ, ਕਰਮਜੀਤ ਕੌਰ ਗਿੱਲ ਕਲਾਂ ਨੇ ਵੀ ਸੰਬੋਧਨ ਕੀਤਾ।