ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਭਾਜਪਾ ਭਜਾਓ ਇੰਡੀਆ ਗਠਜੋੜ ਲਿਆਓ, ਸੰਵਿਧਾਨ ਬਚਾਓ
ਬਟਾਲਾ, ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)– ਫੈਜਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਪੰਜਾਬ ਸੂਬਾ ਕਮੇਟੀ ਦੀ ਦੋ ਦਿਨਾਂ ਮੀਟਿੰਗ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਹੇਠ ਸੰਪੰਨ ਹੋਣ ਤੋਂ ਬਾਅਦ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੀਟਿੰਗ ਵਿੱਚ ਪ੍ਰਾਂਤਕ ਅਤੇ ਕੌਮੀ ਸਥਿਤੀ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸੂਬਾ ਕਮੇਟੀ ਵਿੱਚ ਪਾਸ ਕੀਤਾ ਗਿਆ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਦੀ ਫਾਸਿਸਟ ਸਰਕਾਰ ਨੂੰ ਹਰਾਉਣ ਲਈ ਪਾਰਟੀ ਸਰਗਰਮੀ ਨਾਲ ਇੰਡੀਆ ਗਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਕਰੇਗੀ ਕਿਉਂਕਿ ਲਿਬਰੇਸ਼ਨ ਇਡੀਆ ਗਠਜੋੜ ਦਾ ਹਿੱਸਾ ਹੈ। ਹਮਾਇਤ ਕਰਨ ਸਮੇਂ ਇਹ ਧਿਆਨ ਵਿੱਚ ਰੱਖਿਆ ਜਾਵੇਗਾ ਕਿ ਕਿਸ ਕਿਸ ਸੀਟ ਤੇ ਭਾਜਪਾ ਦੇ ਉਮੀਦਵਾਰ ਨੂੰ ਕਿਹੜੀ ਪਾਰਟੀ ਦਾ ਉਮੀਦਵਾਰ ਹਰਾਉਣ ਦੀ ਸਥਿਤੀ ਵਿਚ ਹੈ ਕਿਉਂਕਿ ਇੰਡੀਆ ਗਠਜੋੜ ਵਿਚ ਪੰਜਾਬ ਦੀਆਂ ਦੋ ਮੁੱਖ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਦਾ ਹਿੱਸਾ ਹਨ ਅਤੇ ਇਹ ਦੋਵੇਂ ਵੱਖ ਵੱਖ ਉਮੀਦਵਾਰ ਖੜ੍ਹੇ ਕਰ ਰਹੀਆਂ ਹਨ। ਲਿਬਰੇਸ਼ਨ ਨੇ ਪਾਸ ਕੀਤਾ ਕਿ ਪਾਰਟੀ ਆਪਣੀ ਅਜ਼ਾਦ ਹੈਸੀਅਤ ਬਰਕਰਾਰ ਰੱਖਦਿਆਂ ਇੰਡੀਆ ਗਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਕਰੇਗੀ। ਪਾਰਟੀ ਦਾ ਮੰਨਣਾ ਹੈ ਕਿ ਭਾਵੇਂ ਪਹਿਲਾਂ ਪਾਰਟੀ ਨੇ ਤਿੰਨ ਸੀਟਾਂ ਤੇ ਆਪਣੇ ਉਮੀਦਵਾਰ ਉਤਾਰਨ ਦਾ ਫ਼ੈਸਲਾ ਕੀਤਾ ਸੀ ਪਰ ਦੇਸ ਦੇ ਵਡੇਰੇ ਹਿੱਤਾਂ ਲਈ ਦੇਸ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦ ਤੋਂ ਬਚਾਉਣ ਲਈ ਫੈਸਲਾ ਬਦਲ ਲਿਆ ਗਿਆ ਹੈ। ਲਿਬਰੇਸ਼ਨ ਨੇ ਮੀਟਿੰਗ ਵਿੱਚ ਭਾਜਪਾ,ਆਮ ਆਦਮੀ ਪਾਰਟੀ ਸਮੇਤ ਹੋਰ ਪਾਰਟੀਆਂ ਦੁਆਰਾ ਵੱਖ ਵੱਖ ਪੱਧਰਾਂ ਤੇ ਕਰਵਾਈ ਜਾ ਰਹੀ ਦਲਬਦਲੀ ਨੂੰ ਬੇਸ਼ਰਮੀ ਭਰੀ ਰਾਜਨੀਤੀ ਦਸਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਹਰ ਪੱਧਰ ਦੇ ਅਸੂਲਾਂ ਅਤੇ ਸਿਧਾਂਤਾਂ ਨੂੰ ਸਿੱਕੇ ਢੰਗ ਦਿੱਤਾ ਹੈ ਅਤੇ ਇਨ੍ਹਾਂ ਮੌਕਾਪ੍ਰਸਤ ਪਾਰਟੀਆਂ ਖ਼ਾਸਕਰ ਭਾਜਪਾ ਤੋਂ ਖਹਿੜਾ ਛੁਡਾਉਣ ਅਤੇ ਭਾਜਪਾ ਅਤੇ ਆਰ ਐਸ ਐਸ ਦੇ ਫਾਸ਼ੀਵਾਦ ਤੋਂ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਭਾਰਤ ਦੀ ਜਨਤਾ ਨੂੰ ਇੰਡੀਆ ਗਠਜੋੜ ਦੇ ਹੱਕ ਵਿੱਚ ਭੁਗਤਣ ਦੀ ਜ਼ਰੂਰਤ ਹੈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੰਜਾਬ ਇਨਚਾਰਜ ਪਰਸ਼ੋਤਮ ਸ਼ਰਮਾ ਤੋਂ ਇਲਾਵਾ ਰੁਲਦੂ ਸਿੰਘ ਮਾਨਸਾ, ਸੁਦਰਸ਼ਨ ਸਿੰਘ ਨੱਤ, ਸੁਰਿੰਦਰ ਸ਼ਰਮਾਂ,ਰਾਜਵਿੰਦਰ ਸਿੰਘ ਰਾਣਾ, ਗੁਰਪ੍ਰੀਤ ਸਿੰਘ ਰੂੜੇਕੇ, ਜਸਬੀਰ ਕੌਰ ਨੱਤ , ਗੋਬਿੰਦ ਛਾਜਲੀ, ਬਲਬੀਰ ਮੂਧਲ, ਹਰਭਗਵਾਨ ਭਿਖੀ, ਗੁਰਨਾਮ ਸਿੰਘ ਭੀਖੀ, ਗੁਲਜ਼ਾਰ ਸਿੰਘ ਭੁੰਬਲੀ ਅਤੇ ਵਿਜੇ ਸੋਹਲ ਸ਼ਾਮਲ ਸਨ ।
ਇਸ ਸਬੰਧੀ ਪਿੰਡਾਂ ਤੋਂ ਸਰਵੇ ਅਨੁਸਾਰ ਕਿਸਾਨਾਂ ਨੇ ਵੀ ਇਹ ਐਲਾਨ ਕੀਤਾ ਹੈ ਕਿ ਕਿਸੇ ਵੀ ਪਿੰਡ ਵਿੱਚ ਭਾਜਪਾ ਦਾ ਬੂਥ ਨਹੀਂ ਲੱਗਣ ਦਿੱਤਾ ਜਾਵੇਗਾ।