ਲਿਬਰੇਸ਼ਨ ਵੱਲੋਂ ਡਾ. ਸੁਰਜੀਤ ਸਿੰਘ ਉਤੇ ਹਮਲੇ ਦੀ ਨਿੰਦਾ-ਸੁਖਦਰਸ਼ਨ ਨੱਤ

ਬਠਿੰਡਾ-ਮਾਨਸਾ

ਵਿਦਿਆਰਥਣ ਦੀ ਮੌਤ ਅਤੇ ਹਮਲੇ ਦੀ ਘਟਨਾ ਦੀ ਡੂੰਘਾਈ ‘ਚ ਜਾਂਚ ਦੀ ਮੰਗ, ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਤੇ ਸਮਸਿਆਵਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣੇ

ਮਾਨਸਾ, ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੰਜਾਬੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦੀ ਬੀਮਾਰੀ ਕਾਰਨ ਹੋਈ ਮੌਤ ਦੀ ਮੰਦਭਾਗੀ ਘਟਨਾ ਅਤੇ ਇਸ ਦੀ ਆੜ ਵਿਚ ਕੁਝ ਅਨਸਰਾਂ ਵਲੋਂ ਯੂਨੀ: ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾਕਟਰ ਸੁਰਜੀਤ ਸਿੰਘ ਨੂੰ ਅਪਮਾਨਤ ਤੇ ਜ਼ਖ਼ਮੀ ਕਰਨ ਦੀ੍ ਸਖ਼ਤ ਨਿੰਦਾ ਕੀਤੀ ਹੈ।
ਪਾਰਟੀ ਦੇ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਦਾ ਕਹਿਣਾ ਹੈ ਕਿ ਅਸੀਂ ਮ੍ਰਿਤਕ ਲੜਕੀ ਦੇ ਪਰਿਵਾਰ ਦੇ ਦੁੱਖ ਵਿਚ ਸ਼ਾਮਲ ਹਾਂ, ਪਰ ਕੁਝ ਅਨਸਰਾਂ ਵਲੋਂ ਸੋਸ਼ਲ ਮੀਡੀਆ ਉਤੇ ਜਿਵੇਂ ਇਸ ਦੁੱਖਦਾਈ ਮੌਤ ਨੂੰ ਖੁਦਕੁਸ਼ੀ ਵਜੋਂ ਪ੍ਰਚਾਰਿਆ ਗਿਆ ਅਤੇ ਇਸ ਕਥਿਤ ਖੁਦਕੁਸ਼ੀ ਲਈ ਇੰਚਾਰਜ ਪ੍ਰੋਫੈਸਰ ਨੂੰ ਜ਼ਿੰਮੇਵਾਰ ਠਹਿਰਾ ਕੇ ਵਿਦਿਆਰਥੀਆਂ ਨੂੰ ਭੜਕਾਇਆ ਗਿਆ, ਇਹ ਸਾਰਾ ਘਟਨਾਕ੍ਰਮ ਵਿਦਿਆਰਥੀਆਂ ਦੇ ਰੋਹ ਦੇ ਸੁਭਾਵਿਕ ਪ੍ਰਤੀਕਰਮ ਦੀ ਬਜਾਏ, ਡਾ. ਸੁਰਜੀਤ ਉਤੇ ਹਮਲੇ ਦੀ ਇਕ ਗਿਣੀ ਮਿਥੀ ਸਕੀਮ ਵੱਲ ਇਸ਼ਾਰਾ ਕਰਦਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮੁੱਦੇ ‘ਤੇ ਸੋਸ਼ਲ ਮੀਡੀਆ ਵਿਚ ਚੱਲ ਰਹੇ ਗਲਤ ਤੇ ਗੁੰਮਰਾਹਕੁੰਨ ਪਰਚਾਰ ਤੋਂ ਜ਼ਾਹਰ ਹੈ ਕਿ ਕੁਝ ਮੌਕਾਪ੍ਰਸਤ ਤੇ ਖੌਰੂ ਪਾਊ ਅਨਸਰ ਇਸ ਮਾਮਲੇ ਨੂੰ ਜਾਣ ਬੁੱਝ ਕੇ ਖੱਬੇ ਪੱਖੀ ਵਿਚਾਰਧਾਰਾ ਨੂੰ ਬਦਨਾਮ ਕਰਨ ਅਤੇ ਬੀਜੇਪੀ ਦੇ ਅਜੰਡੇ ਨੂੰ ਅੱਗੇ ਵਧਾਉਣ ਦਾ ਜ਼ਰੀਆ ਬਣਾ ਰਹੇ ਹਨ। ਅਜੋਕੇ ਸਮੇਂ ਦੀ ਜਰੂਰਤ ਹੈ ਕਿ ਵਾਇਸ ਚਾਂਸਲਰ ਵਿਦਿਆਰਥੀਆਂ – ਖਾਸ ਕਰ ਵਿਦਿਆਰਥਣਾਂ ਦੀਆਂ ਸ਼ਿਕਾਇਤਾਂ ਤੇ ਸਮਸਿਆਵਾਂ ਪ੍ਰਤੀ ਹੋਰ ਵਧੇਰੇ ਸੰਵੇਦਨਸ਼ੀਲ ਹੋਣ ਅਤੇ ਸ਼ਿਕਾਇਤਾਂ ਦੀ ਸੁਣਵਾਈ ਤੇ ਹੱਲ ਲਈ ਹਰ ਵਕਤ ਹੁੰਗਾਰਾ ਭਰਨ ਵਾਲੀ ਵਿਦਿਆਰਥੀ ਹੈਲਪ ਲਾਇਨ ਸ਼ੁਰੂ ਕੀਤੀ ਜਾਵੇ, ਤਾਂ ਜੋ ਇਹੋ ਜਹੇ ਸੰਵੇਦਨਸ਼ੀਲ ਮਸਲਿਆਂ ਦਾ ਤੁਰੰਤ ਯੋਗ ਨੋਟਿਸ ਲਿਆ ਜਾ ਸਕੇ। ਇਸੇ ਤਰ੍ਹਾਂ ਜੇਕਰ ਵਿਦਿਆਰਥੀਆਂ ਨੂੰ ਡਾ. ਸੁਰਜੀਤ ਸਿੰਘ ਦੇ ਵਰਤਾਓ ਤੇ ਬੋਲ ਬਾਣੀ ਬਾਰੇ ਕੋਈ ਠੋਸ ਸ਼ਿਕਾਇਤਾਂ ਹਨ, ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਉਨ੍ਹਾਂ ਸ਼ਿਕਾਇਤਾਂ ਬਾਰੇ ਵੀ ਜਾਂਚ ਪੜਤਾਲ ਕਰਕੇ ਯੋਗ ਕਾਰਵਾਈ ਕਰਨੀ ਚਾਹੀਦੀ ਹੈ।
ਬਿਆਨ ਵਿਚ ਐਸਐਸਪੀ ਪਟਿਆਲਾ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਚ ਵਾਪਰੀ ਇਸ ਘਟਨਾ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਤਾਂ ਜੋ ਇਸ ਮਾਮਲੇ ਵਿਚ ਡਾ. ਸੁਰਜੀਤ ਦੀ ਭੂਮਿਕਾ ਬਾਰੇ ਅਤੇ ਹਮਲਾਵਰਾਂ ਦੇ ਮੰਤਵ ਬਾਰੇ ਸਚਾਈ ਸਾਹਮਣੇ ਆ ਸਕੇ।

Leave a Reply

Your email address will not be published. Required fields are marked *