ਗੁਰਦਾਸਪੁਰ ਜ਼ਿਲ੍ਹੇ ‘ਚ ਆਯੂਸ਼ਮਾਨ ਭਵ ਪ੍ਰੋਗਰਾਮ ਤਹਿਤ ਮਨਾਇਆ ਜਾਵੇਗਾ ਸੇਵਾ ਪੱਖਵਾੜਾ- ਡਿਪਟੀ ਕਮਿਸ਼ਨਰ  

ਗੁਰਦਾਸਪੁਰ

2 ਅਕਤੂਬਰ ਤੱਕ ਹਰ ਸ਼ਨੀਵਾਰ ਲਗਾਏ ਜਾਣਗੇ ਸਿਹਤ ਮੇਲੇ

ਪ੍ਰੋਗਰਾਮ ਤਹਿਤ ਨਵੇਂ ਆਯੂਸ਼ਮਾਨ ਕਾਰਡ ਅਤੇ ਆਭਾ ਆਈ.ਡੀ. ਬਣਾਉਣ ਤੋਂ ਇਲਾਵਾ ਸਵੱਛਤਾ ਅਭਿਆਨ, ਖੂਨ ਦਾਨ ਕੈਂਪ ਅਤੇ ਅੰਗਦਾਨ ਲਈ ਵੀ ਸਹੁੰ ਚੁਕਾਈ ਜਾਵੇਗੀ

ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ)– ਸਿਹਤ ਸਕੀਮਾਂ ਦਾ ਲਾਭ ਘਰ-ਘਰ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਦੀ ਯੋਗ ਅਗਵਾਈ ਹੇਠ 13 ਸਤੰਬਰ ਨੂੰ ਆਯੂਸ਼ਮਾਨ ਭਵ ਪ੍ਰੋਗਰਾਮ ਦੀ ਲਾਂਚਿੰਗ ਕੀਤੀ ਗਈ ਸੀ, ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਦੇਖ-ਰੇਖ ਵਿਚ ਸਮੂਹ ਸਿਹਤ ਸੰਸਥਾਵਾਂ ਨੇ ਵੱਧ-ਚੜ ਕੇ ਹਿੱਸਾ ਲਿਆ ਸੀ|

ਅੱਜ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਇਸ ਸੰਬੰਧੀ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਲੋਕਾਂ ਵਿਚ ਸਿਹਤ ਜਾਗਰੂਕਤਾ ਲਿਆਉਣ ਲਈ ਇਸ ਮੁਹਿੰਮ ਤਹਿਤ 02 ਅਕਤੂਬਰ ਤੱਕ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਆਯੂਸ਼ਮਾਨ ਭਵ ਸਕੀਮ ਤਹਿਤ ਸਮੂਹ ਪੀ.ਐਚ.ਸੀ, ਸੀ.ਐਚ.ਸੀ, ਹੈਲਥ ਐਂਡ ਵੈੱਲਨੈੱਸ ਸੈਂਟਰਾਂ, ਐਸ.ਡੀ. ਤੇ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ 16, 23 ਅਤੇ 30 ਸਤੰਬਰ ਨੂੰ ਸਿਹਤ ਮੇਲੇ ਦਾ ਆਯੋਜਨ ਕੀਤਾ ਜਾਵੇਗਾ।

ਪ੍ਰੋਗਰਾਮ ਬਾਰੇ ਹੋਰ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪਹਿਲੇ ਹਫਤੇ ਗੈਰ ਸੰਚਾਰੀ ਰੋਗ (ਬੀ.ਪੀ., ਸ਼ੁਗਰ ਆਦਿ) ਦੂਸਰੇ ਹਫ਼ਤੇ ਸੰਚਾਰੀ ਰੋਗ (ਟੀ.ਬੀ, ਲੇਪਰੋਸੀ, ਹੈਪੇਟਾਈਟਸ) ਅਤੇ ਤੀਸਰੇ ਹਫ਼ਤੇ ਜੱਚਾ-ਬੱਚਾ ਸਿਹਤ ਸੰਭਾਲ ਅਤੇ ਖੁਰਾਕ ਬਾਰੇ ਜਾਗਰੂਕਤਾ ਪ੍ਰੋਗਰਾਮ ਹੋਣਗੇ।

ਇਸ ਤੋਂ ਇਲਾਵਾ ਸਿਹਤ ਸੰਸਥਾਵਾਂ ਵਿਚ ਸਵੱਛਤਾ ਅਭਿਆਨ, ਖੂਨ ਦਾਨ ਕੈਂਪ ਅਤੇ ਨਾਲ ਹੀ ਅੰਗਦਾਨ ਨੂੰ ਉਤਸਾਹਿਤ ਕਰਨ ਸਬੰਧੀ ਸਹੁੰ ਚੁੱਕ ਸਮਾਗਮ ਵੀ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਫ ਸਫਾਈ ਦੇ ਮਹੱਤਵ ਨੂੰ ਹੁਲਾਰਾ ਦੇਣ ਲਈ ਸਵੱਛਤਾ ਅਭਿਆਨ ਵੀ ਸਿਹਤ ਸੰਸਥਾਵਾਂ ਵਿਖੇ ਚਲਾਏ ਜਾਣਗੇ ਅਤੇ ਇਹ  ਪ੍ਰੋਗਰਾਮ 2 ਅਕਤੂਬਰ ਨੂੰ ਮੁਕੰਮਲ ਹੋਵੇਗਾ।

ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਲੋਕਾਂ ਨੂੰ 14 ਪ੍ਰਕਾਰ ਦੀਆਂ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ ਜਿਵੇ ਕਿ ਆਭਾ ਹੈਲਥ ਆਈ ਡੀ, ਆਯੂਸ਼ਮਾਨ ਭਾਰਤ ਕਾਰਡ, ਅਨ ਸੀ ਡੀ ਸਕ੍ਰੀਨਿੰਗ, ਮੈਂਟਲ ਹੈਲਥ, ਵੈੱਲਨੈੱਸ ਸਰਵਿਸਜ਼, ਅਰੋਗਯਾ ਸਭਾਵਾਂ ਆਦਿ।

ਇਸ ਪ੍ਰੋਗਰਾਮ ਦਾ ਉਦੇਸ਼ ਆਯੂਸ਼ਮਾਨ ਗ੍ਰਾਮ ਪੰਚਾਇਤ ਅਤੇ ਆਯੂਸ਼ਮਾਨ ਅਰਬਨ ਵਾਰਡ ਦਾ ਵਿਕਾਸ ਕਰਨਾ ਹੈ ਜਿਸ ਵਿਚ ਸਿਹਤ ਵਿਭਾਗ, ਆਂਗਣਵਾੜੀ ਸੈਂਟਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿੱਖਿਆ ਵਿਭਾਗ, ਆਯੂਸ਼ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਸਮਾਜਿਕ ਭਲਾਈ ਵਿਭਾਗ ਦੇ ਅਧਿਕਾਰੀ/ ਕਰਮਚਾਰੀ ਅਤੇ ਅਨ ਜੀ ਓ, ਲੋਕਲ ਮੀਡਿਆ ਆਦਿ ਮਿਲ ਕੇ ਜਾਗਰੂਕਤਾ ਫੈਲਾਉਣ ਲਈ ਲਗਾਤਾਰ ਪ੍ਰੋਗਰਾਮ ਕਰਨਗੇ।     

Leave a Reply

Your email address will not be published. Required fields are marked *