ਮਾਨਸਾ ਵਿੱਚ ਲੋਕਾਂ ਨੇ ਨਸ਼ੇ ਖਿਲਾਫ ਨਸ਼ਾ ਤਸੱਕਰਾਂ ਨੂੰ ਠੱਲ ਪਾਉਣ ਲਈ ਕੀਤੀ ਪਹਿਲਕਦਮੀ
ਨਸ਼ਾ ਵਿਰੋਧੀ ਅੰਦੋਲਨ ਨੂੰ ਸੂਬਾ ਪੱਧਰ ‘ਤੇ ਜਥੇਬੰਦ ਕਰਨ ਬਾਰੇ ਹੋਇਆ ਵਿਚਾਰ ਵਟਾਂਦਰਾ
ਮਾਨਸਾ, ਗੁਰਦਾਸਪੁਰ 15 ਸਤੰਬਰ (ਸਰਬਜੀਤ ਸਿੰਘ)– ਇਥੇ ਨਸ਼ਾ ਵਿਰੋਧੀ ਅੰਦੋਲਨ ਨੂੰ ਸਮਰਥਨ ਦੇਣ ਲਈ, ਨਸ਼ਿਆਂ ਦੇ ਕਾਲੇ ਕਾਰੋਬਾਰ ਸਬੰਧੀ ਅਦਾਲਤਾਂ ਦੇ ਰੁੱਖ ਦੀ ਖੁੱਲੀ ਆਲੋਚਨਾ ਕਰਨ ਦੇ ਦੋਸ਼ ਵਿਚ 6 ਮਹੀਨੇ ਦੀ ਸਜ਼ਾ ਭੁਗਤਣ ਵਾਲੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਤੇ ਉਨਾਂ ਦੀ ਟੀਮ ਅੱਜ ਮਾਨਸਾ ਪਹੁੰਚੀ। ਇਸ ਟੀਮ ਨੇ ਨਸ਼ਾ ਵਿਰੋਧੀ ਮੁਹਿੰਮ ਅਤੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂਆਂ ਨਾਲ ਮਿਲ ਕੇ ਨਸ਼ਾ ਵਿਰੋਧੀ ਅੰਦੋਲਨ ਨੂੰ ਸੂਬਾ ਪੱਧਰ ‘ਤੇ ਜਥੇਬੰਦ ਕਰਨ ਲਈ ਮੁੱਢਲਾ ਵਿਚਾਰ ਵਟਾਂਦਰਾ ਕੀਤਾ।
ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ ਇਸ ਮੀਟਿੰਗ ਵਿਚ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਅਤੇ ਪਰਵਿੰਦਰ ਸਿੰਘ ਝੋਟੇ ਨੇ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਬੰਦ ਕਰਵਾਉਣ ਦੇ ਜਾਰੀ ਸੰਘਰਸ ਨੂੰ ਸਮਰਥਨ ਦੇਣ ਬਦਲੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਤੇ ਉਨਾਂ ਦੇ ਸਾਥੀਆਂ ਨੂੰ ਜੀ ਆਇਆਂ ਕਿਹਾ। ਬਲਵਿੰਦਰ ਸਿੰਘ ਸੇਖੋਂ ਨੇ ਪਰਵਿੰਦਰ ਸਿੰਘ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਲਈ ਲੜੇ ਸੁਚੱਜੇ ਢੰਗ ਨਾਲ ਲੰਬਾ ਤੇ ਸ਼ਾਂਤ ਮਈ ਸਾਂਝਾ ਅੰਦੋਲਨ ਚਲਾਉਣ ਬਦਲੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਇਸ ਮੁੱਦੇ ਉਤੇ ਅੰਦੋਲਨ ਨੂੰ ਅੱਗੇ ਵਧਾਉਣ ਲਈ ਜਨਤਕ ਜਥੇਬੰਦੀਆਂ ਦਾ ਸਰਗਰਮ ਸਮਰਥਨ ਅਤੇ ਵਿਸ਼ਾਲ ਲੋਕ ਲਾਮਬੰਦੀ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ, ਕਿਉਂਕਿ ਅਥਾਹ ਕਾਲੀ ਕਮਾਈ ਵਾਲਾ ਇਹ ਧੰਦਾ ਤਸਕਰਾਂ, ਪੁਲਸ ਅਫਸਰਾਂ, ਸਿਆਸਤਦਾਨਾਂ ਤੇ ਕਾਰਪੋਰੇਟਰਾਂ ਦੀ ਮਿਲੀਭੁਗਤ ਨਾਲ ਹੀ ਚੱਲ ਰਿਹਾ ਹੈ। ਉਨਾਂ ਮਾਨਸਾ ਦੀ ਨਸ਼ਾ ਵਿਰੋਧੀ ਕਮੇਟੀ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਆਪਸੀ ਤਾਲਮੇਲ ਨੂੰ ਅੱਗੇ ਵਧਾਉਣ ਲਈ ਉਹ 16 ਸਤੰਬਰ ਨੂੰ ਲੁਧਿਆਣਾ ਵਿਖੇ ਬੁਲਾਈ ‘ਮੈਂ ਪੰਜਾਬੀ ਮੰਚ’ ਦੀ ਮੀਟਿੰਗ ਵਿਚ ਵੀ ਜ਼ਰੂਰ ਪਹੁੰਚਣ। ਵਿਚਾਰ ਵਟਾਂਦਰੇ ਦੌਰਾਨ ਇਸ ਗੱਲ ਉਤੇ ਵੀ ਸਹਿਮਤੀ ਬਣੀ ਕਿ ਜਿਥੇ ਰਹਿੰਦੀਆਂ ਮੰਗਾਂ ਨੂੰ ਮੰਨਵਾਉਣ ਤੇ ਨਸ਼ਿਆਂ ਖ਼ਿਲਾਫ਼ ਲੋਕ ਲਾਮਬੰਦੀ ਨੂੰ ਤੇਜ਼ ਕਰਨ ਲਈ ਪਿੰਡਾਂ ਕਸਬਿਆਂ ਵਿਚ ਮੀਟਿੰਗਾਂ ਰੈਲੀਆਂ ਤੇ ਕਮੇਟੀਆਂ ਬਣਾਉਣ ਦਾ ਸਿਲਸਿਲਾ ਜਾਰੀ ਰਹੇ, ਉਥੇ ਇਸ ਸੁਆਲ ਸੂਬੇ ਵਿਚ ਸਰਗਰਮ ਸਮੂਹ ਜਥੇਬੰਦੀਆਂ ਤੇ ਵਿਅਕਤੀਆਂ ਨੂੰ ਇਕ ਸਾਂਝੇ ਮੰਚ ‘ਤੇ ਲਿਆਉਣ ਲਈ ਵੀ ਯਤਨ ਅਰੰਭੇ ਜਾਣ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾਕਟਰ ਹਰਜਿੰਦਰ ਸਿੰਘ ਜ਼ੀਰਾ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ, ਗੁਰਸੇਵਕ ਸਿੰਘ ਜਵਾਹਰਕੇ, ਸੁਖਦਰਸ਼ਨ ਸਿੰਘ ਨੱਤ, ਨਛੱਤਰ ਸਿੰਘ ਖੀਵਾ, ਅਮਨ ਪਟਵਾਰੀ, ਸੁਰਿੰਦਰ ਪਾਲ ਸ਼ਰਮਾ, ਸਤਿੰਦਰ ਸੈਣੀ, ਗੁਰਚਰਨ ਸਿੰਘ ਪੱਖੋ ਕਲਾਂ, ਸੁਰਿੰਦਰ ਕੁਮਾਰ, ਇੰਦਰਜੀਤ ਸਿੰਘ ਮੁਨਸ਼ੀ ਸਮੇਤ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ।


