ਭਾਜਪਾ ਸਰਕਾਰ ਦੇ ਇਸ ਹੁਕਮ ਨਾਲ ਬਾਸਮਤੀ ਬਰਾਮਦਕਾਰਾਂ ਅਤੇ ਪੰਜਾਬ ਦੇ ਬਾਸਮਤੀ ਕਿਸਾਨਾਂ ‘ਤੇ ਮਾੜਾ ਅਸਰ ਪਵੇਗਾ: ਵਿਰੋਧੀ ਧਿਰ ਦੇ ਆਗੂ
ਚੰਡੀਗੜ੍ਹ, ਗੁਰਦਾਸਪੁਰ, 31 ਅਗਸਤ (ਸਰਬਜੀਤ ਸਿੰਘ)–ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਾਸਮਤੀ ਚਾਵਲ ਦੀ ਬਰਾਮਦ ‘ਤੇ ਰੋਕ ਲਗਾਉਣ ਦੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਵਿਦੇਸ਼ਾਂ ਵਿੱਚ 1200 ਡਾਲਰ ਪ੍ਰਤੀ ਟਨ ਤੋਂ ਘੱਟ ਕੀਮਤ ‘ਤੇ ਵੇਚੇ ਜਾ ਰਹੇ ਬਾਸਮਤੀ ਚਾਵਲ ਦੀ ਕਿਸੇ ਵੀ ਖੇਪ ਦੀ ਬਰਾਮਦ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਜਦੋਂ ਕਿ ਨਿਰਯਾਤਕਾਂ ਨੇ ਦਾਅਵਾ ਕੀਤਾ ਕਿ ਜੇ ਘੱਟੋ ਘੱਟ ਨਿਰਯਾਤ ਮੁੱਲ 850 ਡਾਲਰ ਪ੍ਰਤੀ ਟਨ ਤੋਂ ਵੱਧ ਹੁੰਦਾ ਹੈ ਤਾਂ ਉਹ ਕਾਰੋਬਾਰ ਗੁਆ ਦੇਣਗੇ।
ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਸਖ਼ਤ ਆਦੇਸ਼ ਨਾਲ ਨਾ ਸਿਰਫ਼ ਬਾਸਮਤੀ ਚਾਵਲ ਉਤਪਾਦਕਾਂ ਨੂੰ ਝਟਕਾ ਲੱਗੇਗਾ, ਸਗੋਂ ਨਿਰਯਾਤਕਾਂ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਬਾਜਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ ਹੁਕਮ ਨਾਲ ਬਾਸਮਤੀ ਬਰਾਮਦਕਾਰਾਂ ਖ਼ਾਸ ਕਰ ਕੇ ਪੰਜਾਬ ਦੇ ਬਾਸਮਤੀ ਕਿਸਾਨਾਂ ‘ਤੇ ਮਾੜਾ ਅਸਰ ਪਵੇਗਾ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਬਾਸਮਤੀ ਉਤਪਾਦਕ ਅਤੇ ਨਿਰਯਾਤਕ ਪਹਿਲਾਂ ਹੀ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਨਿੰਦਾ ਕਰ ਚੁੱਕੇ ਹਨ। ਇਸ ਕਦਮ ਨਾਲ ਬਾਸਮਤੀ ਸਿਰਫ਼ ਘਰੇਲੂ ਬਾਜ਼ਾਰ ‘ਚ ਘੱਟ ਕੀਮਤ ‘ਤੇ ਹੀ ਵੇਚੀ ਜਾ ਸਕੇਗੀ।
ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਸੂਬੇ ਦੇ ਕਿਸਾਨਾਂ ਅਤੇ ਨਿਰਯਾਤਕਾਂ ਨਾਲ ਡਟ ਕੇ ਖੜੀ ਹੈ ਅਤੇ ਜੇਕਰ ਲੋੜ ਪਈ ਤਾਂ ਅਸੀਂ ਕੇਂਦਰ ਸਰਕਾਰ ‘ਤੇ ਕਿਸਾਨ ਵਿਰੋਧੀ ਫ਼ੈਸਲੇ ਨੂੰ ਬਦਲਣ ਲਈ ਦਬਾਅ ਪਾਉਣ ਲਈ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਲਈ ਤਿਆਰ ਹਾਂ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਦੇਸ਼ ਨੇ 2022-2023 ਵਿਚ 4.79 ਅਰਬ ਡਾਲਰ ਤੋਂ ਵੱਧ ਦੇ ਬਾਸਮਤੀ ਚਾਵਲ ਮੁੱਖ ਤੌਰ ‘ਤੇ ਮੱਧ ਪੂਰਬ ਅਤੇ ਅਮਰੀਕਾ ਨੂੰ ਭੇਜੇ। ਇਸ ਦੌਰਾਨ ਭਾਜਪਾ ਸਰਕਾਰ ਦੇ ਅਜਿਹੇ ਤਰਕਹੀਣ ਫ਼ੈਸਲੇ ਤੋਂ ਪਾਕਿਸਤਾਨ ਨੂੰ ਫ਼ਾਇਦਾ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ ਫ਼ੈਸਲੇ ਤੋਂ ਹੁਣ ਇਹ ਸਾਬਤ ਹੋ ਗਿਆ ਹੈ ਕਿ ਭਾਜਪਾ ਨਾ ਸਿਰਫ਼ ਕਿਸਾਨ ਵਿਰੋਧੀ ਪਾਰਟੀ ਹੈ ਬਲਕਿ ਕਾਰੋਬਾਰ ਵਿਰੋਧੀ ਵੀ ਹੈ। ਹੁਣ ਗੇਂਦ ਪੰਜਾਬ ਭਾਜਪਾ ਦੇ ਪਾਲੇ ‘ਚ ਹੈ। ਆਓ ਵੇਖਦੇ ਹਾਂ ਕਿ ਕੀ ਉਹ ਅਜਿਹੇ ਨਾਜ਼ੁਕ ਸਮੇਂ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਨਿਰਯਾਤਕਾਂ ਦੇ ਨਾਲ ਖੜੇ ਹੁੰਦੇ ਹਨ।