ਭਗਵੰਤ ਮਾਨ ਇਹ ਨਾ ਭੁੱਲੇ ਕਿ ਜਿਸ ਜਨਤਾ ਨੇ ਕੱਲ ਸਿਰ ਮੱਥੇ ‘ਤੇ ਬੈਠਾਇਆ ਸੀ, ਉਹ ਅਗਲੀ ਵਾਰ ਬਾਦਲ ਦਲ ਵਾਲਾ ਹਾਲ ਵੀ ਕਰ ਸਕਦੀ ਹੈ
ਮਾਨਸਾ, ਗੁਰਦਾਸਪੁਰ, 4 ਜੁਲਾਈ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਕਹਿਣਾ ਹੈ ਕਿ ਤਾਜ਼ਾ ਨੇਘਟਨਾਵਾਂ ਤੋਂ ਜ਼ਾਹਰ ਹੈ ਕਿ ਪਿਛਲੀਆਂ ਸਰਕਾਰਾਂ ਵਾਂਗ ਹੁਣ ਭਗਵੰਤ ਮਾਨ ਨੇ ਵੀ ਜਨਤਕ ਅੰਦੋਲਨਾਂ ਨਾਲ ਟਕਰਾਅ ਦੀ ਨੀਤੀ ਅਖਤਿਆਰ ਕਰ ਲਈ ਹੈ, ਪਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਹ ਨੀਤੀ ਮਾਨ ਸਰਕਾਰ ਦੇ ਵੀ ਪਤਨ ਦਾ ਕਾਰਨ ਬਣੇਗੀ।
ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਭਗਵੰਤ ਮਾਨ ਹੁਣ ਵੋਟਾਂ ਲੈਣ ਲਈ ਜਨਤਾ ਨਾਲ ਕੀਤੇ ਵੱਡੇ ਵੱਡੇ ਵਾਦਿਆਂ ਨੂੰ ਪੂਰਾ ਕਰਨ ਦੀ ਬਜਾਏ ਉਨਾਂ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਹੈ। ਇਸੇ ਲਈ ਉਸ ਦੀ ਪੁਲਸ ਪਿੰਡ ਨਮੋਲ ਵਿਚ ਜਾਤ ਹੰਕਾਰੀ ਲੋਕਾਂ ਨਾਲ ਮਿਲ ਕੇ ਦਲਿਤ ਮਜ਼ਦੂਰਾਂ ਉਤੇ ਜਬਰ ਕਰਦੀ ਹੈ, ਸੰਗਰੂਰ ਵਿਚ ਪੂਰੀ ਤਨਖਾਹ ‘ਤੇ ਪੱਕੇ ਕਰਨ ਦੀ ਮੰਗ ਕਰਦੇ ਅਧਿਆਪਕਾਂ ਨੂੰ ਵਹਿਸ਼ੀ ਪੁਲਸ ਜਬਰ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਅਤੇ ਭੁੱਚੋ ਵਿਚ ਗੜੇਮਾਰੀ ਦਾ ਮੁਆਵਜ਼ਾ ਲੈਣ ਲਈ ਕਿੰਨੇ ਦਿਨਾਂ ਤੋਂ ਸਤਾਧਾਰੀ ਵਿਧਾਇਕ ਦੀ ਕੋਠੀ ਅੱਗੇ ਸਾਂਤਮਈ ਧਰਨੇ ‘ਤੇ ਬੈਠੇ ਕਿਸਾਨਾਂ – ਖਾਸ ਕਰ ਕਿਸਾਨ ਔਰਤਾਂ ਨੂੰ ਲਾਠੀਚਾਰਜ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਲੋਕਾਂ ਦੀਆਂ ਜਾਇਜ਼ ਸਮਸਿਆਵਾਂ ਪ੍ਰਤੀ ਸਤਾ ਦੀ ਬੇਰੁੱਖੀ ਤੇ ਜਬਰ ਦੇ ਇਸ ਵਰਤਾਰੇ ਦੀ ਸਖਤ ਨਿੰਦਾ ਕਰਦਿਆਂ ਲਿਬਰੇਸ਼ਨ ਆਗੂ ਨੇ ਆਖਿਆ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਜਿੰਨਾ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਭਗਵੰਤ ਮਾਨ ਤੇ ਆਪ ਨੂੰ ਵੱਡੀ ਜਿੱਤ ਦਿਵਾਈ ਸੀ, ਉਹੀ ਲੋਕ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਇੰਨਾਂ ਦਾ ਹਾਲ ਬਾਦਲ ਦਲ ਵਰਗਾ ਵੀ ਕਰਨ ਲਈ ਤਿਆਰੀਆਂ ਕਰ ਰਹੇ ਹਨ।


